For the best experience, open
https://m.punjabitribuneonline.com
on your mobile browser.
Advertisement

ਬਾਬਾ-ਏ-ਗ਼ਜ਼ਲ ਦੀਪਕ ਜੈਤੋਈ

11:12 AM Mar 17, 2024 IST
ਬਾਬਾ ਏ ਗ਼ਜ਼ਲ ਦੀਪਕ ਜੈਤੋਈ
Advertisement

ਹਰਦਮ ਸਿੰਘ ਮਾਨ
ਅੱਜ ਪੰਜਾਬੀ ਗ਼ਜ਼ਲ ਪੰਜਾਬੀ ਕਾਵਿ ਦੀ ਪ੍ਰਮੁੱਖ ਵਿਧਾ ਬਣ ਚੁੱਕੀ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਾਇਰ ਦਿਲਕਸ਼, ਖ਼ੂਬਸੂਰਤ ਅਤੇ ਬਾਕਮਾਲ ਸ਼ਾਇਰੀ ਦੀ ਰਚਨਾ ਕਰ ਰਹੇ ਹਨ। ਕੋਈ ਸਮਾਂ ਸੀ ਜਦੋਂ ਉਰਦੂ ਦੇ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਆਖਦੇ ਅਤੇ ਦਾਅਵਾ ਕਰਦੇ ਸਨ ਕਿ ਪੰਜਾਬੀ ਵਿੱਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ’ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਉਰਦੂ ਵਿਦਵਾਨਾਂ ਅਤੇ ਸ਼ਾਇਰਾਂ ਦੀ ਇਸ ਚੁਣੌਤੀ ਨੂੰ ਕਬੂਲ ਕਰਦਿਆਂ ਕਈ ਪੰਜਾਬੀ ਸ਼ਾਇਰ ਪੰਜਾਬੀ ਵਿੱਚ ਗ਼ਜ਼ਲ ਦੀ ਰਚਨਾ ਕਰਨ ਲਈ ਸਾਹਿਤਕ ਮੈਦਾਨ ਵਿੱਚ ਆਏ। ਉਨ੍ਹਾਂ ਵਿੱਚੋਂ ਉਸਤਾਦ ਦੀਪਕ ਜੈਤੋਈ ਵੀ ਇੱਕ ਸੀ ਜਿਸ ਨੂੰ ਪੰਜਾਬੀ ਦਾ ਬਾਬਾ-ਏ-ਗ਼ਜ਼ਲ ਅਖਵਾਉਣ ਦਾ ਫ਼ਖ਼ਰ ਵੀ ਹਾਸਲ ਹੋਇਆ। ਉਸਤਾਦ ਸ਼ਾਇਰ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਜ਼ੁਬਾਨ ਦੀ ਇੱਕ ਸੰਸਥਾ ਵਾਂਗੂੰ ਸੀ। ਉਸ ਨੇ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ-ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਸ਼ਾਇਰੀ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿੱਤ ਸਮਰਪਿਤ ਕੀਤੇ।
ਦੀਪਕ ਜੈਤੋਈ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿੱਚ ਇੱਕ ਸਾਧਾਰਨ ਪਰਿਵਾਰ ਵਿੱਚ ਪਿਤਾ ਇੰਦਰ ਸਿੰਘ ਅਤੇ ਮਾਤਾ ਵੀਰ ਕੌਰ ਦੇ ਘਰ ਹੋਇਆ। ਮਾਪਿਆਂ ਨੇ ਉਸ ਦਾ ਨਾਂ ਗੁਰਚਰਨ ਸਿੰਘ ਰੱਖਿਆ। ਬੜੀ ਛੋਟੀ ਉਮਰ ਵਿੱਚ ਹੀ ਉਸ ਦੇ ਅੰਦਰ ਕਾਵਿਕ ਕਿਰਨ ਜਾਗੀ ਅਤੇ ਉਸ ਨੇ ਤੀਜੀ ਜਮਾਤ ਵਿੱਚ ਪੜ੍ਹਦਿਆਂ ਆਪਣੇ ਇੱਕ ਦੋਸਤ ਨੂੰ ਚਿੱਠੀ ਲਿਖੀ ਜੋ ਕਵਿਤਾ ਦੇ ਰੂਪ ਵਿੱਚ ਸੀ। ਇਹ ਚਿੱਠੀ ਹੀ ਉਸ ਦੀ ਸ਼ਾਇਰੀ ਦਾ ਆਗ਼ਾਜ਼ ਬਣੀ। ਬਾਅਦ ਵਿੱਚ ਉਸ ਨੇ ਸ਼ਾਇਰੀ ਦੀ ਤਹਿਆਂ ਤੱਕ ਜਾਣ ਅਤੇ ਇਸ ਦੀਆਂ ਬਾਰੀਕੀਆਂ ਸਮਝਣ ਲਈ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰਿਆ। ਗ਼ਜ਼ਲ ਤੇ ਕਵਿਤਾ ਦੇ ਖੇਤਰ ਵਿੱਚ ਗੁਰਚਰਨ ਸਿੰਘ ‘ਦੀਪਕ ਜੈਤੋਈ’ ਦੇ ਨਾਂ ਨਾਲ ਚਰਚਿਤ ਹੋਇਆ।
ਦੀਪਕ ਜੈਤੋਈ ਨੇ ਬਹੁਤ ਹੀ ਲਗਨ, ਮਿਹਨਤ ਅਤੇ ਦ੍ਰਿੜ੍ਹਤਾ ਨਾਲ ਗ਼ਜ਼ਲ ਨੂੰ ਪੰਜਾਬੀ ਕਾਵਿ ਦੀ ਪਟਰਾਣੀ ਬਣਾਉਣ ਲਈ ਕਾਰਜ ਕੀਤਾ। ਨਿਰਸੰਦੇਹ, ਉਸ ਦੀ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਸਮਕਾਲੀ ਸ਼ਾਇਰਾਂ ਡਾ. ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਦੀਪਕ ਜੈਤੋਈ ਦੀ ਵਿਲੱਖਣਤਾ ਇਹ ਸੀ ਕਿ ਉਸ ਨੇ ਗ਼ਜ਼ਲ ਦੇ ਪਾਸਾਰ ਲਈ ਬਾਕਾਇਦਾ ਤੌਰ ’ਤੇ ‘ਦੀਪਕ ਗ਼ਜ਼ਲ ਸਕੂਲ’ ਦੀ ਸਥਾਪਨਾ ਕੀਤੀ। ਇਸ ਸਕੂਲ ਰਾਹੀਂ ਉਹ ਹਰ ਰੋਜ਼ ਲੰਮਾ ਸਮਾਂ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖ਼ਮਤਾ, ਰੂਪਕ ਪੱਖ, ਜ਼ੁਬਾਨ ਦਾ ਸੁਹਜ, ਕਵਿਤਾ ਵਿਚਲੀ ਸੰਗੀਤਾਮਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਾਉਂਦਾ ਰਿਹਾ। ਉਸ ਦੀ ਇਸ ਤਪੱਸਿਆ ਸਦਕਾ ਹੀ ਅੱਜ ਉਸ ਦੇ ਅਨੇਕਾਂ ਸ਼ਾਗਿਰਦ ਪੰਜਾਬੀ ਗ਼ਜ਼ਲ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਬੇਸ਼ੱਕ ਅੱਜ ਕਵਿਤਾ ਦੇ ਨਾਂ ’ਤੇ ਅਕਵਿਤਾ ਵੀ ਵੱਡੀ ਗਿਣਤੀ ਵਿੱਚ ਪਾਠਕ ਮਨਾਂ ਨੂੰ ਉਚਾਟ ਕਰ ਰਹੀ ਹੈ ਪਰ ਦੀਪਕ ਜੈਤੋਈ ਨੇ ਹਮੇਸ਼ਾ ਇਸ ਗੱਲ ’ਤੇ ਪਹਿਰਾ ਦਿੱਤਾ ਕਿ ਸੰਗੀਤਾਮਕਤਾ ਤੋਂ ਵਿਹੂਣੀ ਕੋਈ ਵੀ ਸਾਹਿਤਕ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ।
ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਤਾਦ ਦੀਪਕ ਜੈਤੋਈ ਉੱਚਕੋਟੀ ਦਾ ਗੀਤਕਾਰ ਵੀ ਸੀ ਅਤੇ ਉਸ ਦੇ ਅਨੇਕਾਂ ਗੀਤ ਪ੍ਰਸਿੱਧ ਗਾਇਕਾ (ਮਰਹੂਮ) ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿੱਚ ਰਿਕਾਰਡ ਹੋਏ। ‘ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ’, ‘ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ’, ‘ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ’ ਆਦਿ ਕਈ ਗੀਤ ਤਾਂ ਪੰਜਾਬੀਆਂ ਦੀ ਜ਼ੁਬਾਨ ’ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਉਸ ਨੇ ਧਾਰਮਿਕ ਗੀਤਾਂ ਦੀ ਰਚਨਾ ਵੀ ਕੀਤੀ ਜਿਨ੍ਹਾਂ ਵਿੱਚ ‘ਸਾਕਾ ਚਾਂਦਨੀ ਚੌਕ’ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ (ਦੋਵੇਂ ਐੱਲਪੀ) ਪ੍ਰਸਿੱਧ ਕੰਪਨੀ ਐੱਚਐਮਵੀ ਵਿੱਚ ਰਿਕਾਰਡ ਹੋਏ ਅਤੇ ਇਨ੍ਹਾਂ ਨੇ ਵਿਕਰੀ ਦਾ ਵੀ ਰਿਕਾਰਡ ਕਾਇਮ ਕੀਤਾ। ਗੀਤਕਾਰੀ ਖੇਤਰ ਤੋਂ ਦੀਪਕ ਜੈਤੋਈ ਦਾ ਮਨ ਉਦੋਂ ਉਚਾਟ ਹੋ ਗਿਆ ਜਦੋਂ ਜ਼ਿਆਦਾਤਰ ਗੀਤਕਾਰਾਂ ਤੇ ਗਾਇਕਾਂ ਨੇ ਗੀਤਕਾਰੀ ਅਤੇ ਗਾਇਕੀ ਨੂੰ ਪੈਸੇ ਕਮਾਉਣ ਦੇ ਜ਼ਰੀਏ ਤੱਕ ਸੀਮਤ ਕਰ ਲਿਆ।
ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਾ ਰੁਤਬਾ ਹਾਸਲ ਕਰਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੇ ਗ਼ਜ਼ਲ ਦੇ ਨਾਲ-ਨਾਲ ਗੀਤ, ਕਾਵਿ-ਨਾਟ, ਮਹਾਂਕਾਵਿ, ਕਹਾਣੀ, ਨਾਟਕ ਅਤੇ ਅਨੁਵਾਦ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਸ ਦੀਆਂ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ‘ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ), ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਦੀ ਅਦਾ, ਦੀਪਕ ਦੀ ਲੋਅ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਗ਼ਜ਼ਲ ਦਾ ਬਾਂਕਪਨ, ਆਹ ਲੈ ਮਾਏ ਸਾਂਭ ਕੁੰਜੀਆਂ, ਗ਼ਜ਼ਲ ਕੀ ਹੈ, ਮਾਡਰਨ ਗ਼ਜ਼ਲ ਸੰਗ੍ਰਹਿ, ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ) ਆਦਿ ਰਚਨਾਵਾਂ ਕਾਬਿਲ-ਏ-ਜ਼ਿਕਰ ਹਨ। ਪੰਜਾਬੀ ਵਿੱਚ ਪਹਿਲਾ ਗ਼ਜ਼ਲ ਦੀਵਾਨ ‘ਦੀਵਾਨੇ-ਦੀਪਕ’ ਲਿਖਣ ਦਾ ਫ਼ਖਰ ਵੀ ਉਸ ਦੇ ਹਿੱਸੇ ਹੀ ਆਇਆ ਹੈ।
ਪੰਜਾਬੀ ਜ਼ੁਬਾਨ ਅਤੇ ਗ਼ਜ਼ਲ ਪ੍ਰਤੀ ਆਪਣੀ ਸਮੁੱਚੀ ਜ਼ਿੰਦਗੀ ਅਰਪਿਤ ਕਰਨ ਵਾਲੇ ਗ਼ਜ਼ਲ ਦੇ ਇਸ ਬਾਬਾ ਬੋਹੜ ਦੀਪਕ ਜੈਤੋਈ ਨੂੰ ਪੰਜਾਬ ਅਤੇ ਹਰਿਆਣਾ ਦੀ ਲਗਭਗ ਹਰ ਵੱਡੀ ਸਾਹਿਤਕ ਸੰਸਥਾ ਨੇ ਬਣਦਾ ਮਾਣ ਸਨਮਾਨ ਦਿੱਤਾ। ਉਸ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ-ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜ਼ਿਆ ਗਿਆ।
ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਾਲੇ ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ ਪਰ ਆਪਣੇ ਉਚੇਰੇ ਸ਼ੌਕ ਬਰਕਰਾਰ ਰੱਖੇ। ਤੰਗੀਆਂ ਤੁਰਸ਼ੀਆਂ ਉਸ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਕੇ ਰਹੀਆਂ, ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਸਦਕੇ ਜਾਈਏ ਉਸ ਮਹਾਨ ਪੰਜਾਬੀ ਸਪੂਤ ਦੇ ਜਿਸ ਨੇ ਅਜਿਹੇ ਹਾਲਾਤ ਵਿੱਚ ਵੀ ਆਪਣੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। ਇਸ ਦੀ ਮਿਸਾਲ ਇਨ੍ਹਾਂ ਤੱਥਾਂ ਤੋਂ ਵੀ ਮਿਲਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸ੍ਰੀ ਅਟਲ ਬਿਹਾਰੀ ਵਾਜਪਾਈ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ ਅਤੇ ਅਕਸਰ ਹੀ ਕਵੀ ਦਰਬਾਰਾਂ ਵਿੱਚ ਉਹ ਇਕੱਠਿਆਂ ਸ਼ਾਮਲ ਹੋਇਆ ਕਰਦੇ ਸਨ ਪਰ ਦੀਪਕ ਜੈਤੋਈ ਨੇ ਆਪਣੇ ਨਾਸਾਜ਼ ਹਾਲਾਤ ਵਿੱਚ ਵੀ ਸ੍ਰੀ ਵਾਜਪਾਈ ਨੂੰ ਆਪਣੀ ਆਰਥਿਕ ਮੰਦਹਾਲੀ ਦੀ ਭਿਣਕ ਨਹੀਂ ਪੈਣ ਦਿੱਤੀ।
ਅੰਤ 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦਾ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ। ਦੀਪਕ ਜੈਤੋਈ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸ਼ਾਇਰੀ ਦੇ ਇੱਕ ਫ਼ਖ਼ਰਯੋਗ ਅਤੇ ਸੁਨਹਿਰੀ ਅਧਿਆਇ ਦਾ ਅੰਤ ਹੋ ਗਿਆ ਪਰ ਪੰਜਾਬੀ ਸ਼ਾਇਰੀ ਪ੍ਰਤੀ ਉਸ ਦੀ ਘਾਲਣਾ ਨੂੰ ਪੰਜਾਬੀ ਪ੍ਰੇਮੀ ਕਦੇ ਵੀ ਭੁਲਾ ਨਹੀਂ ਸਕਣਗੇ।
ਸੰਪਰਕ: +1-604-308-6663

Advertisement

Advertisement
Author Image

sanam grng

View all posts

Advertisement
Advertisement
×