ਇਨਕਲਾਬੀ ਸਿਰੜ ਦਾ ਮੁਜੱਸਮਾ ਬਾਬਾ ਬੂਝਾ ਸਿੰਘ
ਬੂਟਾ ਸਿੰਘ
ਮਿਸਾਲੀ ਆਗੂ
ਬਾਬਾ ਰਤਨ ਸਿੰਘ ਦੀ ਤਜਵੀਜ਼ ਮੰਨ ਕੇ ਗ਼ਦਰੀਆਂ ਨੂੰ ਕਮਿਊਨਿਸਟ ਸਿਧਾਂਤ ਦੀ ਪੜ੍ਹਾਈ ਅਤੇ ਹੋਰ ਸਿਖਲਾਈ ਲਈ ਰੂਸ ਭੇਜਣ ਦੀ ਯੋਜਨਾ ਮੁਤਾਬਿਕ ਅਪਰੈਲ 1932 ’ਚ ਚਾਰ ਗ਼ਦਰੀਆਂ ਦਾ ਪਹਿਲਾ ਜਥਾ ਕਾਮਰੇਡ ਬੂਝਾ ਸਿੰਘ ਦੀ ਅਗਵਾਈ ਹੇਠ ਰੂਸ ਭੇਜਿਆ ਗਿਆ। ਫਿਰ ਹੋਰ ਮੁਲਕਾਂ ਤੋਂ ਵੀ ਜਥੇ ਆਉਂਦੇ ਗਏ, ਪਰ ਇਹ ਗ਼ੌਰਤਲਬ ਹੈ ਕਿ ਸਭ ਤੋਂ ਵੱਧ ਤਕਰੀਬਨ 60 ਫ਼ੀਸਦੀ ਇਨਕਲਾਬੀ ਅਰਜਨਟਾਈਨਾ ਤੋਂ ਆਏ ਸਨ। ਲੋੜੀਂਦੀ ਪੜ੍ਹਾਈ-ਸਿਖਲਾਈ ਤੋਂ ਬਾਅਦ 1934 ’ਚ ਵਾਪਸ ਹਿੰਦੋਸਤਾਨ ਭੇਜੇ ਗਏ ਅਰਜਨਟਾਈਨਾ ਵਾਲੇ ਗ਼ਦਰੀਆਂ ਵਿਚੋਂ ਵੀ ਬੂਝਾ ਸਿੰਘ ਮੋਹਰੀ ਸਨ।
ਸੋਮਵਾਰ 27 ਜੁਲਾਈ ਨੂੰ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਦੇ 50 ਸਾਲ ਪੂਰੇ ਹੋ ਜਾਣਗੇ। ਬੂਝਾ ਸਿੰਘ ਉਨ੍ਹਾਂ ਮਿਸਾਲੀ ਕਮਿਊਨਿਸਟ ਆਗੂਆਂ ਵਿਚੋਂ ਇਕ ਸਨ ਜਨਿ੍ਹਾਂ ਦਾ ਭਾਰਤ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਇਕ ਨਿਵੇਕਲਾ ਸਥਾਨ ਹੈ। ਬਜ਼ੁਰਗ ਅਵਸਥਾ ’ਚ ਜਦੋਂ ਇਨਸਾਨ ਬਹੁਤੀ ਭੱਜ-ਨੱਠ ਕਰਨ ਅਤੇ ਸਰਗਰਮ ਜ਼ਿੰਦਗੀ ਜਿਊਣ ਤੋਂ ਅਸਮਰੱਥ ਹੋ ਕੇ ਸੀਮਾਵਾਂ ਵਿਚ ਘਿਰ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਹਾੜੇ ਆਰਾਮ ਨਾਲ ਗੁਜ਼ਾਰਨ ਨੂੰ ਤਰਜੀਹ ਦਿੰਦਾ ਹੈ, ਉਸ ਅਵਸਥਾ ਵਿਚ ਵੀ ਬਾਬਾ ਬੂਝਾ ਸਿੰਘ ਨੇ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ। ਉਨ੍ਹਾਂ ਨੇ ਨਕਸਲਬਾੜੀ ਤੋਂ ਸ਼ੁਰੂ ਹੋਈ ਹਥਿਆਰਬੰਦ ਬਗ਼ਾਵਤ ਵਿਚ ਕੁੱਦਣ ਦਾ ਬਿਖੜਾ ਪੈਂਡਾ ਚੁਣਿਆ ਅਤੇ 82 ਸਾਲ ਦੀ ਉਮਰ ’ਚ ਪੁਲੀਸ ਦੇ ਤਸੀਹਿਆਂ ਅਤੇ ਗੋਲੀਆਂ ਅੱਗੇ ਹਿੱਕ ਡਾਹ ਕੇ ਸ਼ਹਾਦਤ ਦੀ ਨਿਆਰੀ ਮਿਸਾਲ ਕਾਇਮ ਕੀਤੀ। ਰਾਜ ਦੇ ਜਮਾਤੀ ਸੁਭਾਅ ਬਾਰੇ ਵਿਗਿਆਨਕ ਮਾਰਕਸਵਾਦੀ ਨਜ਼ਰੀਏ ਦੇ ਧਾਰਨੀ ਹੋਣ ਕਾਰਨ ਇਕ ਸਿਰਕੱਢ ਬਾਗ਼ੀ ਦੇ ਰੂਪ ’ਚ ਉਨ੍ਹਾਂ ਨੂੰ ਆਪਣੇ ਅੰਤ ਦਾ ਬਾਖ਼ੂਬੀ ਅਹਿਸਾਸ ਸੀ।
ਜ਼ਿਲ੍ਹਾ ਜਲੰਧਰ ਇਲਾਕਾ ਬੰਗਾ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਚੱਕ ਮਾਈਦਾਸ ਦੇ ਜੰਮਪਲ ਬੂਝਾ ਸਿੰਘ ਨੇ ਵੀ ਆਪਣੇ ਸਮਕਾਲੀ ਹੋਰ ਨੌਜਵਾਨਾਂ ਦੀ ਤਰ੍ਹਾਂ ਬਦੇਸ਼ ਜਾ ਕੇ ਆਪਣੇ ਬਦਹਾਲ ਕਿਸਾਨ ਪਰਿਵਾਰ ਦੀ ਹਾਲਤ ਸੁਧਾਰਨ ਦਾ ਸੁਪਨਾ ਲਿਆ ਸੀ। 1930ਵਿਆਂ ਦੇ ਸ਼ੁਰੂ ਵਿਚ ਉਹ ਅਰਜਨਟਾਈਨਾ ਪਹੁੰਚੇ। ਉੱਥੇ ਭਗਤ ਸਿੰਘ ਬਿਲਗਾ ਅਤੇ ਹੋਰ ਗ਼ਦਰੀ ਇਨਕਲਾਬੀਆਂ ਦੀ ਸੰਗਤ ਵਿਚ ਉਹ ਵੀ ਗ਼ਦਰੀ ਕਾਫ਼ਲੇ ਵਿਚ ਸ਼ਾਮਲ ਹੋ ਗਏ। ਆਪਣੀ ਜ਼ਿੰਦਗੀ ਨੂੰ ਨਿੱਜ ਦੀ ਬਜਾਏ ਪੂਰੇ ਮੁਲਕ ਦੀ ਤਕਦੀਰ ਬਦਲਣ ਲਈ ਲੜੇ ਜਾ ਰਹੇ ਇਨਕਲਾਬੀ ਸੰਗਰਾਮ ਦੇ ਲੇਖੇ ਲਾਉਣ ਦੇ ਇਸ ਅਹਿਦ ਉੱਪਰ ਉਹ ਆਖ਼ਰੀ ਸਾਹਾਂ ਤਕ ਦ੍ਰਿੜ੍ਹਤਾ ਨਾਲ ਨਿਭੇ।
ਸਮਾਜ ਸੇਵਾ ਨਾਲ ਬੂਝਾ ਸਿੰਘ ਨੂੰ ਬਚਪਨ ਤੋਂ ਹੀ ਲਗਾਓ ਸੀ। ਗ਼ਦਰ ਦੀ ਇਨਕਲਾਬੀ ਵਿਚਾਰਧਾਰਾ ਦੇ ਪਹੁਲ ਨੇ ਉਸ ਦੀ ਇਸ ਸ਼ਖ਼ਸੀ ਖ਼ੂਬੀ ਦੀ ਕਾਇਆਕਲਪ ਕਰਕੇ ਉਸ ਨੂੰ ਰੌਸ਼ਨ-ਖ਼ਿਆਲ ਯੁੱਗ-ਪਲਟਾਊ ਬਣਾ ਸ਼ਖ਼ਸ ਦਿੱਤਾ। ਉਨ੍ਹਾਂ ਦੀ ਇਨਕਲਾਬੀ ਕਾਜ ਪ੍ਰਤੀ ਨਿਹਚਾ, ਵਚਨਬੱਧਤਾ, ਮਿਸਾਲੀ ਸਿਰੜ ਅਤੇ ਸੂਝ ਨੇ ਗ਼ਦਰੀ ਆਗੂਆਂ ਦੇ ਮਨ ਮੋਹ ਲਏ ਅਤੇ ਬੂਝਾ ਸਿੰਘ ਨੇ ਮੁੜ ਜਥੇਬੰਦ ਹੋਈ ਗ਼ਦਰ ਪਾਰਟੀ ਦੀ ਅਰਜਨਟਾਈਨਾ ਸ਼ਾਖਾ ਵਿਚ ਮਹੱਤਵਪੂਰਨ ਜ਼ਿੰਮੇਵਾਰੀਆਂ ਓਟਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪ੍ਰਮੁੱਖ ਗ਼ਦਰੀ ਆਗੂ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਉਨ੍ਹਾਂ ਤੋਂ ਬਾਅਦ ਤੇਜਾ ਸਿੰਘ ਸੁਤੰਤਰ ਵਿਸ਼ੇਸ਼ ਪ੍ਰੋਗਰਾਮ ਲੈ ਕੇ ਅਰਜਨਟਾਈਨਾ ਗਏ ਤਾਂ ਬੂਝਾ ਸਿੰਘ ਨੇ ਵੱਖ-ਵੱਖ ਹਿੱਸਿਆਂ ਵਿਚ ਉਨ੍ਹਾਂ ਦੇ ਨਾਲ ਜਾ ਕੇ ਫੰਡ ਇਕੱਠੇ ਕਰਨ, ਨਵੇਂ ਮੈਂਬਰ ਭਰਤੀ ਕਰਨ ਅਤੇ ਗ਼ਦਰੀਆਂ ਨੂੰ ਛਾਪਾਮਾਰ ਲੜਾਈ ਦੀ ਸਿਖਲਾਈ ਦੇਣ ਦੀਆਂ ਮੁਹਿੰਮਾਂ ਨੂੰ ਕਾਮਯਾਬ ਕਰਨ ਲਈ ਜੋਸ਼ੋ-ਖ਼ਰੋਸ਼ ਨਾਲ ਸਰਗਰਮੀ ਕੀਤੀ।
ਬਾਬਾ ਰਤਨ ਸਿੰਘ ਦੀ ਤਜਵੀਜ਼ ਮੰਨ ਕੇ ਗ਼ਦਰੀਆਂ ਨੂੰ ਕਮਿਊਨਿਸਟ ਸਿਧਾਂਤ ਦੀ ਪੜ੍ਹਾਈ ਅਤੇ ਹੋਰ ਸਿਖਲਾਈ ਲਈ ਰੂਸ ਭੇਜਣ ਦੀ ਯੋਜਨਾ ਮੁਤਾਬਿਕ ਅਪਰੈਲ 1932 ’ਚ ਚਾਰ ਗ਼ਦਰੀਆਂ ਦਾ ਪਹਿਲਾ ਜਥਾ ਕਾਮਰੇਡ ਬੂਝਾ ਸਿੰਘ ਦੀ ਅਗਵਾਈ ਹੇਠ ਰੂਸ ਭੇਜਿਆ ਗਿਆ। ਫਿਰ ਹੋਰ ਮੁਲਕਾਂ ਤੋਂ ਵੀ ਜਥੇ ਆਉਂਦੇ ਗਏ, ਪਰ ਇਹ ਗ਼ੌਰਤਲਬ ਹੈ ਕਿ ਸਭ ਤੋਂ ਵੱਧ ਤਕਰੀਬਨ 60 ਫ਼ੀਸਦੀ ਇਨਕਲਾਬੀ ਅਰਜਨਟਾਈਨਾ ਤੋਂ ਆਏ ਸਨ। ਲੋੜੀਂਦੀ ਪੜ੍ਹਾਈ-ਸਿਖਲਾਈ ਤੋਂ ਬਾਅਦ 1934 ’ਚ ਵਾਪਸ ਹਿੰਦੋਸਤਾਨ ਭੇਜੇ ਗਏ ਅਰਜਨਟਾਈਨਾ ਵਾਲੇ ਗ਼ਦਰੀਆਂ ਵਿਚੋਂ ਵੀ ਬੂਝਾ ਸਿੰਘ ਮੋਹਰੀ ਸਨ। ਮੁਲਕ ਵਿਚ ਆ ਕੇ ਉਨ੍ਹਾਂ ਕਿਰਤੀ ਪਾਰਟੀ ਦੀ ਅਗਵਾਈ ਹੇਠ ਲਹਿਰ ਉਸਾਰਨ ਲਈ ਦਨਿ-ਰਾਤ ਇਕ ਕਰ ਦਿੱਤਾ। ਅਕਤੂਬਰ 1935 ’ਚ ਬੂਝਾ ਸਿੰਘ ਅਤੇ ਦੁੱਲਾ ਸਿੰਘ ਜਲਾਲਦੀਵਾਲ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਸ਼ਾਹੀ ਕਿਲ੍ਹਾ ਲਾਹੌਰ ਵਿਚ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਅਤੇ ਦੋ ਮਹੀਨੇ ਬਾਅਦ ਪਿੰਡ ਵਿਚ ਜੂਹਬੰਦ ਕਰ ਦਿੱਤਾ ਗਿਆ। ਬਾਬਾ ਬੂਝਾ ਸਿੰਘ ਬਹੁਤ ਸੂਝਵਾਨ ਅਤੇ ਬਹੁਪੱਖੀ ਗੁਣਾਂ ਵਾਲੇ ਸਨ। ਉਨ੍ਹਾਂ ਨੇ ਜੂਹਬੰਦੀ ਦੌਰਾਨ ਜਿੱਥੇ ਗੁਪਤ ਤਰੀਕੇ ਨਾਲ ਆਪਣੀ ਸਰਗਰਮੀ ਜਾਰੀ ਰੱਖੀ ਉੱਥੇ ਇਸ ਸਮੇਂ ਦੌਰਾਨ ਨਵੀਂ ਸੇਧ ਦੇ ਕੇ ਪਰਿਵਾਰ ਦੀ ਆਰਥਿਕਤਾ ਦੀ ਕਾਇਆ ਕਲਪ ਵੀ ਕਰ ਦਿੱਤੀ। ਜੂਹਬੰਦੀ ਖ਼ਤਮ ਹੁੰਦੇ ਸਾਰ ਉਹ ਮੁੜ ਪਹਿਲਾਂ ਦੀ ਤਰ੍ਹਾਂ ਪੁਰਜ਼ੋਰ ਸਰਗਰਮੀ ਵਿਚ ਜੁਟ ਗਏ। ਉਹ ਡੂੰਘੀ ਰਾਜਸੀ ਸੂਝ ਵਾਲੇ ਆਗੂ, ਨਿਪੁੰਨ ਨੀਤੀਘਾੜੇ ਅਤੇ ਪ੍ਰਭਾਵਸ਼ਾਲੀ ਵਕਤਾ ਸਨ। ਉਨ੍ਹਾਂ ਦੀ ਲੋਕਾਂ ਦੀ ਨਬਜ਼ ਉੱਪਰ ਪੂਰੀ ਪਕੜ ਸੀ। ਉਹ ਮਾਰਕਸੀ ਫ਼ਲਸਫ਼ੇ ਨੂੰ ਸਾਡੇ ਆਪਣੇ ਸਮਾਜੀ ਇਤਿਹਾਸ ’ਚੋਂ ਠੋਸ ਮਿਸਾਲਾਂ ਦੇ ਕੇ ਲੋਕ ਮੁਹਾਵਰੇ ਵਿਚ ਬਿਆਨ ਕਰਨ ਦੀ ਕਲਾ ਦੇ ਧਨੀ ਸਨ। ਪਿੰਡ-ਪਿੰਡ ਉਨ੍ਹਾਂ ਵੱਲੋਂ ਲਾਏ ਸਿਧਾਂਤਕ ਸਕੂਲਾਂ ਤੋਂ ਪ੍ਰਭਾਵਿਤ ਹੋ ਕੇ ਅਣਗਿਣਤ ਨੌਜਵਾਨ ਸਮਾਜ ਨੂੰ ਬਦਲਣ ਦਾ ਸੁਪਨਾ ਲੈ ਕੇ ਨਕਸਲੀ ਲਹਿਰ ਵਿਚ ਸ਼ਾਮਲ ਹੋਏ।
1930 ਤੋਂ ਲੈ ਕੇ ਸ਼ਹਾਦਤ ਦੇ ਆਖ਼ਰੀ ਪਲਾਂ ਤਕ ਉਨ੍ਹਾਂ ਦਾ ਚਾਰ ਦਹਾਕੇ ਲੰਮਾ ਰਾਜਸੀ ਸਫ਼ਰ ਇਨਕਲਾਬੀ ਨਿਹਚਾ ਅਤੇ ਵਚਨਬੱਧਤਾ ਦਾ ਮੁਜੱਸਮਾ ਹੈ। ਇਸੇ ਤਰ੍ਹਾਂ ਹੀ ਸ਼ਾਨਦਾਰ ਹੈ ਉਨ੍ਹਾਂ ਦਾ ਇਨਕਲਾਬੀ ਲਗਾਤਾਰਤਾ ਵਾਲਾ ਸਮਝੌਤਾ ਰਹਿਤ ਅਤੇ ਅਡੋਲ ਵਿਚਾਰਧਾਰਕ ਰਾਜਸੀ ਸਟੈਂਡ। ਕਿਰਤੀ ਪਾਰਟੀ ਤੋਂ ਲੈ ਕੇ ਸੀ.ਪੀ.ਆਈ., ਫਿਰ ਲਾਲ ਕਮਿਊਨਿਸਟ ਪਾਰਟੀ, ਫਿਰ ਸੀ.ਪੀ.ਐੱਮ. ਅਤੇ ਆਖ਼ਰਕਾਰ ਨਕਸਲੀ ਲਹਿਰ, ਗੱਲ ਕੀ ਕਮਿਊਨਿਸਟ ਲਹਿਰ ਦੇ ਹਰ ਮਹੱਤਵਪੂਰਨ ਮੋੜ ਉੱਪਰ ਬਹੁਤ ਹੀ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਬੂਝਾ ਸਿੰਘ ਦੀ ਸਿਰਕੱਢ ਆਗੂ ਭੂਮਿਕਾ ਅਤੇ ਧੜੱਲੇਦਾਰ ਦਖ਼ਲਅੰਦਾਜ਼ੀ ਹਮੇਸ਼ਾ ਧਿਆਨ ਖਿੱਚਦੀ ਹੈ। ਉਹ ਜਿਸ ਵੀ ਪਾਰਟੀ ਵਿਚ ਰਹੇ, ਹਮੇਸ਼ਾ ਜ਼ਾਤੀ ਨੇੜਤਾ, ਲਿਹਾਜ਼ਾਂ ਅਤੇ ਪੁਰਾਣੇ ਰਿਸ਼ਤਿਆਂ ਤੋਂ ਬੇਪਰਵਾਹ ਹੋ ਕੇ ਅਤੇ ਕਮਿਊਨਿਸਟ ਸਿਧਾਂਤਾਂ ਤੇ ਅਸੂਲਾਂ ਮੁਤਾਬਿਕ ਹਥਿਆਰਬੰਦ ਇਨਕਲਾਬ ਨੂੰ ਪ੍ਰਣਾਈ ਜੁਝਾਰੂ ਇਨਕਲਾਬੀ ਧਾਰਾ ਨਾਲ ਖੜ੍ਹੇ। 1950ਵਿਆਂ ਦੇ ਅਖ਼ੀਰ ’ਚ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਸ਼ੁਰੂ ਹੋਈ ਸਿਧਾਂਤਕ ਬਹਿਸ ਅਤੇ 1960ਵਿਆਂ ਦੇ ਸ਼ੁਰੂ ਵਿਚ ਭਾਰਤ-ਚੀਨ ਯੁੱਧ ਵਰਗੇ ਫ਼ੈਸਲਾਕੁਨ ਇਤਿਹਾਸਕ ਮੋੜਾਂ ਉੱਪਰ ਉਨ੍ਹਾਂ ਦੇ ਰਾਜਸੀ ਸਟੈਂਡ ਬੜੇ ਸਪਸ਼ਟ ਕੌਮਾਂਤਰੀਵਾਦੀ ਸਨ। ਜਦ ਖ਼ਾਸ ਦੌਰ ਵਿਚ ਉਹ ਕਮਿਊਨਿਸਟ ਜਥੇਬੰਦੀ ਤੋਂ ਬਾਹਰ ਕਰ ਦਿੱਤੇ ਗਏ, ਉਦੋਂ ਵੀ ਉਨ੍ਹਾਂ ਨੇ ਸਰਗਰਮੀ ਨਹੀਂ ਛੱਡੀ ਸਗੋਂ ਆਪਣੇ ਵਕਤ ਤੇ ਇਨਕਲਾਬੀ ਊਰਜਾ ਨੂੰ ਦੇਸ਼ਭਗਤ ਯਾਦਗਾਰ ਦੀ ਉਸਾਰੀ ਦੇ ਲੇਖੇ ਲਾਇਆ। ਜਿਉਂ ਹੀ ਮੌਕਾ ਮਿਲਿਆ ਉਹ ਮੁੜ ਸਰਗਰਮ ਰਾਜਸੀ ਭੂਮਿਕਾ ਵਿਚ ਆ ਗਏ। ਅਜਿਹੇ ਸਮਿਆਂ ’ਚ ਉਨ੍ਹਾਂ ਦਾ ਸਟੈਂਡ ਬਹੁਤ ਹੀ ਅਡੋਲ ਅਤੇ ਦ੍ਰਿੜ੍ਹ ਹੁੰਦਾ ਸੀ। ਉਹ ਵੱਡੇ ਤੋਂ ਵੱਡੇ ਖ਼ਤਰਿਆਂ ਦਾ ਖਿੜੇ ਮੱਥੇ ਮੁਕਾਬਲਾ ਕਰਨ ਦਾ ਦਮ ਰੱਖਦੇ ਸਨ।
ਬਾਬਾ ਭਗਤ ਸਿੰਘ ਬਿਲਗਾ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਅਡੋਲਤਾ ਬਾਰੇ ਦੱਸਦੇ ਹਨ ਕਿ ਜਦੋਂ ਨਕਸਲੀ ਲਹਿਰ ਦੌਰਾਨ ਬੂਝਾ ਸਿੰਘ ਦੇ ਵਾਰੰਟ ਨਿਕਲੇ ਹੋਏ ਸਨ ਤਾਂ ਬਾਬਾ ਬਿਲਗਾ ਦੇ ਪੁੱਤਰ ਕੁਲਬੀਰ ਨੇ ਉਨ੍ਹਾਂ ਦੀ ਕਮਜ਼ੋਰ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਦੋ ਮਹੀਨੇ ਪਹਾੜਾਂ ਉੱਪਰ ਜਾ ਕੇ ਗੁਜ਼ਾਰਨ ਅਤੇ ਫਿਰ ਸਿਹਤ ਬਣਾ ਕੇ ਰਾਜਸੀ ਸਰਗਰਮੀ ਵਿਚ ਪਰਤਣ ਦੀ ਸਲਾਹ ਦਿੱਤੀ। ਅੱਗੋਂ ਉਨ੍ਹਾਂ ਦਾ ਜਵਾਬ ਉਨ੍ਹਾਂ ਦੇ ਅਟੱਲ ਇਰਾਦੇ ਦੇ ਦੀਦਾਰ ਕਰਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਹਿਣ ’ਤੇ ਜੋ ਨੌਜਵਾਨ ਲਹਿਰ ਵਿਚ ਕੁੱਦੇ ਹਨ ਉਨ੍ਹਾਂ ਨੂੰ ਪੁਲੀਸ ਦੀਆਂ ਗੋਲੀਆਂ ਨਾਲ ਉਡਾਇਆ ਜਾ ਰਿਹਾ ਹੋਵੇ ਅਤੇ ਮੈਂ ਸਿਹਤ ਬਣਾਉਣ ਦੀ ਸੋਚਾਂ, ਇਹ ਹਰਗਿਜ਼ ਨਹੀਂ ਹੋ ਸਕਦਾ। ਉਹ ਲੋਕਾਂ ਵਿਚ ਇੰਨੇ ਸਤਿਕਾਰੇ ਜਾਂਦੇ ਸਨ ਕਿ ਮਫ਼ਰੂਰੀ ਸਮੇਂ ਮੰਜਕੀ ਦੇ ਮਸ਼ਹੂਰ ਵੱਡੇ ਪਿੰਡਾਂ ਵਿਚ ਜਿੱਥੇ ਉਨ੍ਹਾਂ ਦੀ ਪੱਕੀ ਠਾਹਰ ਸੀ, ਉੱਥੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਸੂਹ ਲੈਣ ਲਈ ਯਤਨਸ਼ੀਲ ਇਕ ਡੀ.ਐੱਸ.ਪੀ. ਨੂੰ ਸਾਫ਼ ਸੁਣਾਉਣੀ ਕਰ ਦਿੱਤੀ ਗਈ ਸੀ ਕਿ ਉਨ੍ਹਾਂ ਪਿੰਡਾਂ ਦੇ ਲੋਕ ਬੂਝਾ ਸਿੰਘ ਦੀ ਗ੍ਰਿਫ਼ਤਾਰੀ ਨੂੰ ਬਰਦਾਸ਼ਤ ਨਹੀਂ ਕਰਨਗੇ।
ਬਾਬਾ ਬਿਲਗਾ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਬਹੁਤ ਹੀ ਢੁੱਕਵੇਂ ਸ਼ਬਦਾਂ ਵਿਚ ਬਿਆਨ ਕਰਦਿਆਂ ਲਿਖਦੇ ਹਨ ਕਿ ਕਾਮਰੇਡ ਬੂਝਾ ਸਿੰਘ ਬਹੁਪੱਖੀ ਸਿਫ਼ਤਾਂ ਦਾ ਮਾਲਕ ਸੀ। ਸ਼ੁਰੂ-ਸ਼ੁਰੂ ਵਿਚ ਚੰਗਾ ਬੁਲਾਰਾ ਅਤੇ ਅਖ਼ੀਰ ਤੱਕ ਮਾਰਕਸਵਾਦ ਦਾ ਗਿਆਨ ਦੇਣ ਵਾਲਾ ਆਹਲਾ ਅਧਿਆਪਕ। ਉਹ ਪਾਰਟੀ ਜਾਂ ਧੜੇ ਬਾਬਤ ਅਡੋਲ ਸਟੈਂਡ ਲੈਣ ਵਾਲਾ ਵਿਅਕਤੀ ਸੀ। ਇਸ ਦੇ ਬਾਵਜੂਦ ਉਹ ਕਮਿਊਨਿਸਟਾਂ ਵਿਚ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਬੜਾ ਮਿਲਾਪੜਾ ਮੰਨਿਆ ਜਾਂਦਾ ਸੀ। ਰਾਜਸੀ ਹਲਕਿਆਂ ’ਚ ਹੀ ਨਹੀਂ, ਆਪਣੇ ਪਿੰਡ ਦੇ ਦਲਿਤ ਵਿਹੜੇ ਅਤੇ ਲਹਿਰ ਦੇ ਹਮਦਰਦ ਪਰਿਵਾਰਾਂ ਵਿਚ ਵੀ ਉਨ੍ਹਾਂ ਦੀ ਸਾਦਗੀ ਅਤੇ ਅਪਣੱਤ ਦਾ ਡੂੰਘਾ ਪ੍ਰਭਾਵ ਸੀ। ਪੁਲੀਸ ਵੱਲੋਂ ਹੁਕਮਰਾਨਾਂ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਨਿਹਾਇਤ ਬੁਜ਼ਦਿਲ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ 27-28 ਜੁਲਾਈ 1970 ਦਰਮਿਆਨ ਦੀ ਰਾਤ ਨੂੰ ਕਤਲ ਕਰਕੇ ਝੂਠਾ ਮੁਕਾਬਲਾ ਦਿਖਾ ਦਿੱਤਾ ਗਿਆ। ਇਸ ਘਿਣਾਉਣੇ ਕਾਰੇ ਦਾ ਵਿਆਪਕ ਵਿਰੋਧ ਹੋਇਆ। ਹੁਕਮਰਾਨਾਂ ਨੇ ਮੁਕਾਬਲੇ ਦੀ ਜੁਡੀਸ਼ੀਅਲ ਜਾਂਚ ਕਰਾਉਣ ਤੋਂ ਵੀ ਸਾਫ਼ ਨਾਂਹ ਕਰ ਦਿੱਤੀ।
ਇਕ ਕਮਿਊਨਿਸਟ ਦਾ ਕਿਰਦਾਰ ਕਿਸ ਤਰ੍ਹਾਂ ਦਾ ਅਸੂਲੀ ਅਤੇ ਦ੍ਰਿੜ੍ਹ ਹੋਣਾ ਚਾਹੀਦਾ ਹੈ ਬਾਬਾ ਬੂਝਾ ਸਿੰਘ ਦੀ ਜ਼ਿੰਦਗੀ ਇਸ ਦੀ ਆਦਰਸ਼ ਮਿਸਾਲ ਹੈ। ਉਨ੍ਹਾਂ ਦੀ ਦੇਣ ਅਤੇ ਕੁਰਬਾਨੀ ਸਮੁੱਚੀ ਕਮਿਊਨਿਸਟ ਲਹਿਰ ਦੇ ਚੇਤਿਆਂ ਵਿਚ ਵਸੀ ਹੋਈ ਹੈ। ਉਨ੍ਹਾਂ ਦੀ ਯਾਦ ਵਿਚ ਹਰ ਸਾਲ 28 ਜੁਲਾਈ ਨੂੰ ਚੱਕ ਮਾਈਦਾਸ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ। ਇਸ ਵਾਰ ਉਨ੍ਹਾਂ ਦੀ 50ਵੀਂ ਬਰਸੀ ਹੈ।