ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ

07:47 AM Oct 09, 2024 IST

ਕਰਨੈਲ ਸਿੰਘ ਐੱਮ.ਏ.

ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਈ: ਮੁਤਾਬਕ 7 ਕੱਤਕ ਸੰਮਤ 1563 ਬਿਕਰਮੀ ਨੂੰ ਪਿਤਾ ਭਾਈ ਸੁੱਖਾ ਰੰਧਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੁੱਖਾ ਰੰਧਾਵਾ ਦੇ ਘਰ ਮਾਤਾ ਗੌਰਾਂ ਦੇ ਉਦਰ ਤੋਂ 7 ਕੱਤਕ ਸੰਮਤ 1563 ਨੂੰ ਕੱਥੂਨੰਗਲ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਹੋਇਆ। ਮਾਤਾ-ਪਿਤਾ ਨੇ ਆਪ ਦਾ ਨਾਮ ‘ਬੂੜਾ’ ਰੱਖਿਆ। ਕੁਝ ਸਮੇਂ ਬਾਅਦ ਮਾਤਾ-ਪਿਤਾ ਦਰਿਆ ਰਾਵੀ ਦੇ ਕੰਢੇ ’ਤੇ ਵਸੇ ਇੱਕ ਪਿੰਡ ਰਮਦਾਸ ਜਾ ਕੇ ਆਬਾਦ ਹੋ ਗਏ। ਇਸੇ ਹੀ ਪਿੰਡ ਦੀ ਇੱਕ ਜੂਹ ਵਿੱਚ ਮੱਝਾਂ ਚਾਰਦਿਆਂ ਬਾਬਾ ਜੀ ਦਾ ਮੇਲ 1518 ਈ: (ਸੰਮਤ 1575) ਵਿੱਚ ਗੁਰੂ ਨਾਨਕ ਸਾਹਿਬ ਨਾਲ ਹੋਇਆ। ਉਸ ਸਮੇਂ ਬਾਬਾ ਜੀ ਦੀ ਉਮਰ 12 ਸਾਲ ਸੀ। ਬਾਬਾ ਬੁੱਢਾ ਜੀ ਸਦਾ ਵਾਸਤੇ ਗੁਰੂ ਘਰ ਨਾਲ ਜੁੜ ਗਏ। ਗੁਰੂ ਨਾਨਕ ਦੀ ਸੰਗਤ ਕਰਨ ਤੋਂ ਬਾਅਦ ਉਨ੍ਹਾਂ ਦਾ ਨਾਮ ‘ਬਾਬਾ ਬੁੱਢਾ’ ਪ੍ਰਸਿੱਧ ਹੋ ਗਿਆ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਵਿਚਰਦੇ ਹੋਏ ‘ਬੂੜਾ’ ਦੇ ਪਿੰਡ ਵੱਲ ਆਏ ਤਾਂ ਇਹ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਦੁੱਧ ਲੈ ਕੇ ਹਾਜ਼ਰ ਹੋਏ ਅਤੇ ਵਿਵੇਕ ਵੈਰਾਗ ਦੀਆਂ ਗੱਲਾਂ ਸੁਣਾਈਆਂ। ਗੁਰੂ ਸਾਹਿਬ ਨੇ ਫ਼ਰਮਾਇਆ ਕਿ ਭਾਵੇਂ ਉਨ੍ਹਾਂ ਦੀ ਉਮਰ ਛੋਟੀ ਹੈ ਪਰ ਸਮਝ ਕਰਕੇ ‘ਬੁੱਢੇ’ ਹਨ, ਉਸ ਦਿਨ ਤੋਂ ਬਾਅਦ ਉਨ੍ਹਾਂ ਦਾ ਨਾਮ ‘ਬੁੱਢਾ’ ਪ੍ਰਸਿੱਧ ਹੋ ਗਿਆ।
ਬਾਬਾ ਬੁੱਢਾ ਜੀ ਆਪਣੇ ਘਰ-ਪਰਿਵਾਰ ਨੂੰ ਤਿਆਗ ਕੇ ਕਰਤਾਰਪੁਰ ਗੁਰੂ ਘਰ ਦੀ ਸੇਵਾ ਵਿੱਚ ਜੁੜ ਗਏ। ਗੁਰੂ ਘਰ ਦੀ ਸੇਵਾ ਕਰਦਿਆਂ ਕਾਫ਼ੀ ਸਮਾਂ ਲੰਘ ਗਿਆ। ਬਾਬਾ ਜੀ ਗ੍ਰਹਿਸਤ ਜੀਵਨ ਧਾਰਨ ਨਹੀਂ ਕਰਨਾ ਚਾਹੁੰਦੇ ਸਨ ਪਰ ਮਾਤਾ-ਪਿਤਾ ਦੀਆਂ ਇਛਾਵਾਂ ਤੇ ਆਗਿਆ ਦਾ ਸਤਿਕਾਰ ਕਰਦਿਆਂ 1523 ਈ: 15 ਫੱਗਣ ਸੰਮਤ 1580 ਬਿਕਰਮੀ ਨੂੰ ਉਨ੍ਹਾਂ ਦਾ ਵਿਆਹ ਕੀਤਾ ਗਿਆ। ਉਨ੍ਹਾਂ ਦੇ ਘਰ ਚਾਰ ਪੁੱਤਰ ਭਾਈ ਸੁਧਾਰੀ, ਭਾਈ ਭਿਖਾਰੀ, ਭਾਈ ਮਹਿਮੂ ਤੇ ਭਾਈ ਭਾਨਾ ਜੀ ਹੋਏ। ਕੁਝ ਸਮਾਂ ਪਰਿਵਾਰ ਨਾਲ ਬਿਤਾ ਕੇ ਬਾਬਾ ਜੀ ਗੁਰੂ ਦੀ ਸੇਵਾ ਵਿੱਚ ਲੱਗ ਗਏ। ਸੇਵਾ ਵਿੱਚ ਹੀ ਆਪਾ ਵਲੀਨ ਕਰ ਛੱਡਿਆ।
ਜਦੋਂ ਗੁਰੂ ਨਾਨਕ ਦੇਵ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਗਿਆ ਤਾਂ ਉਸ ਸਮੇਂ ਉਨ੍ਹਾਂ ਬਾਬਾ ਬੁੱਢਾ ਜੀ ਕੋਲੋਂ ਭਾਈ ਲਹਿਣਾ ਨੂੰ ਗੁਰਿਆਈ ਦਾ ਤਿਲਕ ਲਗਵਾਇਆ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਆਪਣਾ ਅੰਗ ਜਾਣ ਕੇ ਗੁਰੂ ਅੰਗਦ ਬਣਾ ਦਿੱਤਾ ਤੇ ਆਪ ਗੁਰੂ ਜੋਤ (ਗੁਰੂ ਅੰਗਦ ਦੇਵ ਜੀ) ਨੂੰ ਮੱਥਾ ਟੇਕਿਆ। ਗੁਰੂ ਘਰ ਵੱਲੋਂ ਬਾਬਾ ਬੁੱਢਾ ਜੀ ਵੱਲੋਂ ਕਰਵਾਇਆ ਗਿਆ ਇਹ ਪਹਿਲਾ ਮਹੱਤਵਪੂਰਨ ਕਾਰਜ ਸੀ।
ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇ ਹੁਕਮ ਦੀ ਪਾਲਣਾ ਕਰਦਿਆਂ ਖਡੂਰ ਸਾਹਿਬ ਵਿੱਚ ਧਰਮਸ਼ਾਾਲਾ ਸਥਾਪਤ ਕੀਤੀ। ਜਦੋਂ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਵਿੱਚ ਇੱਕ ਬੁੱਢੀ ਮਾਈ ਭਰਾਈ ਦੇ ਘਰ ਇਕਾਂਤਵਾਸ ਵਿੱਚ ਰਹਿਣ ਲੱਗ ਪਏ ਤਾਂ ਉਦੋਂ ਸਿੱਖ ਸੰਗਤ ਕਰਤਾਰਪੁਰ ਤੋਂ ਖਡੂਰ ਸਾਹਿਬ ਆਉਂਦੀ ਅਤੇ ਗੁਰੂ ਸਾਹਿਬ ਦਾ ਕੋਈ ਪਤਾ ਨਾ ਮਿਲਣ ’ਤੇ ਨਿਰਾਸ਼ ਹੋ ਕੇ ਮੁੜ ਜਾਂਦੀ। ਕੁਝ ਮਹੀਨੇ ਇਸ ਤਰ੍ਹਾਂ ਬੀਤ ਜਾਣ ਤੋਂ ਬਾਅਦ ਕੁਝ ਪ੍ਰਮੁੱਖ ਸਿੱਖਾਂ ਨੇ ਬਾਬਾ ਬੁੱਢਾ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਗੁਰੂ ਜੀ ਦੀ ਭਾਲ ਕਰਕੇ ਉਨ੍ਹਾਂ ਨੂੰ ਸਿੱਖ ਪੰਥ ਦੀ ਅਗਵਾਈ ਦਾ ਰਾਹ ਸੰਭਾਲਣ ਲਈ ਬੇਨਤੀ ਕੀਤੀ ਜਾਵੇ। ਬਾਬਾ ਬੁੱਢਾ ਜੀ ਸੰਗਤ ਨੂੰ ਨਾਲ ਲੈ ਕੇ ਮਾਈ ਭਿਰਾਈ ਦੇ ਘਰ ਗਏ। ਬਾਬਾ ਜੀ ਨੇ ਸੰਗਤ ਨੂੰ ਗੁਰੂ ਜੀ ਨਾਲ ਮਿਲਾਇਆ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿੱਚ ਸੁਧਾਈ ਕਰਕੇ ਇਸ ਨੂੰ ਸਰਲ ਬਣਾਇਆ। ਬਾਬਾ ਬੁੱਢਾ ਜੀ ਨੇ ਸਿੱਖ ਸੰਗਤ ਨੂੰ ਗੁਰਮੁਖੀ ਪੜ੍ਹਾਉਣ ਦੀ ਸੇਵਾ ਵੀ ਕੀਤੀ। ਗੁਰੂ ਅੰਗਦ ਦੇਵ ਜੀ ਜਦੋਂ ਕਈ-ਕਈ ਦਿਨ ਸਮਾਧੀ ਸਥਿਤ ਰਹਿੰਦੇ ਸਨ ਤਾਂ ਬਾਬਾ ਬੁੱਢਾ ਜੀ ਅਤੇ ਮਾਤਾ ਖੀਵੀ ਜੀ ਲੰਗਰ ਦਾ ਪ੍ਰਬੰਧ ਕਰਦੇ। ਜਦੋਂ ਗੁਰੂ ਅੰਗਦ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਦੇਖਿਆ ਤਾਂ ਉਨ੍ਹਾਂ ਅਮਰਦਾਸ ਜੀ ਦੀ ਸਿੱਖੀ ਵਿੱਚ ਸ਼ਰਧਾ, ਪ੍ਰੇਮ, ਸੇਵਾ ਤੇ ਕੁਰਬਾਨੀ ਦੇ ਪੁੰਜ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾਇਆ।
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਮਿਲਣ ਤੋਂ ਬਾਅਦ ਖਡੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਨੂੰ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਇਆ। ਗੁਰੂ ਅੰਗਦ ਸਾਹਿਬ ਦੇ ਸਪੁੱਤਰ ਦਾਤੂ ਜੀ ਗੁਰਗੱਦੀ ਨਾ ਮਿਲਣ ਕਰਕੇ ਗੁਰੂ ਅਮਰਦਾਸ ਜੀ ਨਾਲ ਈਰਖਾ ਕਰਨ ਲੱਗੇ। ਗੁਰੂ ਅਮਰਦਾਸ ਜੀ ਸ਼ਾਂਤ ਸੁਭਾਅ ਦੇ ਸਨ। ਉਹ ਗੋਇੰਦਵਾਲ ਛੱਡ ਕੇ ਚੁੱਪ-ਚਾਪ ਆਪਣੇ ਜੱਦੀ ਪਿੰਡ ਬਾਸਰਕੇ ਆ ਗਏ ਤੇ ਪਿੰਡ ਦੇ ਬਾਹਰ ਇੱਕ ਕੋਠੇ ਵਿੱਚ ਵੜ ਕੇ ਬੂਹਾ (ਦਰਵਾਜ਼ਾ) ਬੰਦ ਕਰਕੇ ਬੈਠ ਗਏ। ਦਰਵਾਜ਼ੇ ਦੇ ਬਾਹਰ ਲਿਖ ਦਿੱਤਾ ਕਿ ਜੋ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ। ਗੋਇੰਦਵਾਲ ਸਾਹਿਬ ਵਿਖੇ ਸੰਗਤ ਗੁਰੂ ਦਰਸ਼ਨਾਂ ਲਈ ਹੁੰਮ-ਹੁੰਮਾ ਕੇ ਆਉਂਦੀਆਂ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ ਤਾਂ ਸੰਗਤ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਦੀ ਭਾਲ ਕਰਨ ਲਈ ਬੇਨਤੀ ਕੀਤੀ। ਬਾਬਾ ਜੀ ਸੰਗਤ ਨੂੰ ਲੈ ਕੇ ਪਿੰਡ ਬਾਸਰਕੇ ਆਏ। ਉਸ ਕੋਠੇ ਦੇੇ ਬਾਹਰ ਆ ਕੇ ਖੜ੍ਹੇ ਹੋ ਗਏ, ਜਿਸ ਵਿੱਚ ਗੁਰੂ ਸਾਹਿਬ ਨੇ ਡੇਰਾ ਲਾਇਆ ਹੋਇਆ ਸੀ। ਬਾਬਾ ਬੁੱਢਾ ਜੀ ਗੁਰੂ ਹੁਕਮ ਦੀ ਅਵੱਗਿਆ ਵੀ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਕੋਠੇ ਦੇ ਪਿਛਲੇ ਪਾਸੇ ਤੋਂ ਕੰਧ ਨੂੰ ਸੰਨ੍ਹ ਲਾਈ ਤੇ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਗੁਰੂ ਜੀ, ਬਾਬਾ ਬੁੱਢਾ ਜੀ ਦੀ ਸ਼ਰਧਾ ਤੇ ਸੰਗਤ ਦੀ ਬਿਹਬਲਤਾ, ਉਦਾਸੀ ਤੋਂ ਬਹੁਤ ਪ੍ਰਭਾਵਿਤ ਹੋਏ। ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਨਾ ਟਾਲ ਸਕਣ ਕਾਰਨ ਹੀ ਗੁਰੂ ਸਾਹਿਬ ਕੋਠੇ ਵਿੱਚੋਂ ਬਾਹਰ ਆ ਕੇ ਗੋਇੰਦਵਾਲ ਸਾਹਿਬ ਜਾ ਕੇ ਸਿੱਖੀ ਦੇ ਕਾਰਜ ਕਰਨ ਲੱਗੇ।
ਗੁਰੂ ਅਮਰਦਾਸ ਜੀ ਨੇ ਬਾਹਰ ਆ ਕੇ ਜਦ ਵੇਖਿਆ ਕਿ ਉੂਚ-ਨੀਚ ਤੇ ਛੂਤ-ਛਾਤ ਕਾਰਨ ਮਨੁੱਖ, ਮਨੁੱਖ ਨੂੰ ਨਫ਼ਰਤ ਕਰਦਾ ਹੈ ਤਾਂ ਉਨ੍ਹਾਂ ਦੇ ਹੱਲ ਲਈ ਬਾਉਲੀ ਬਣਾਉਣੀ ਚਾਹੀ। ਗੁਰੂ ਜੀ ਨੇ ਬਾਉਲੀ ਦਾ ਟੱਕ 1552 ਈ. ਵਿੱਚ ਬਾਬਾ ਬੁੱਢਾ ਜੀ ਕੋਲੋੋਂ ਲਗਵਾਇਆ। ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਖੇਤਰ ਨੂੰ ਵਧਾਉਣ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਇਸ ਮੰਜੀ ਪ੍ਰਥਾ ਦੇ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਸਨ। ਅਕਬਰ ਬਾਦਸ਼ਾਹ ਜਦ ਪਹਿਲੀ ਵਾਰ ਗੁਰੂ ਦਰਸ਼ਨਾਂ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਉਸ ਨੂੰ ਨਿਰਮਲ ਪੰਥ ਦੀ ਮਰਿਆਦਾ ਤੋਂ ਜਾਣੂ ਕਰਵਾਇਆ। ਅਕਬਰ ਬਾਦਸ਼ਾਹ ਲੰਗਰ ਛਕ ਕੇ ਪ੍ਰਸੰਨ ਹੋਇਆ। ਬਾਬਾ ਬੁੱਢਾ ਜੀ ਤੋਂ ਲੰਗਰ ਦੀ ਮਹਿਮਾ ਸੁਣ ਕੇ 12 ਪਿੰਡਾਂ ਦਾ ਪਟਾ ਲਿਖਵਾ ਕੇ ਗੁਰੂ ਜੀ ਦੀ ਭੇਟਾ ਕੀਤਾ ਪਰ ਗੁਰੂ ਸਾਹਿਬ ਨੇ ਲੈਣ ਤੋਂ ਨਾਂਹ ਕਰ ਦਿੱਤੀ।
ਗੁਰੂ ਅਮਰਦਾਸ ਜੀ ਨੇ ਆਪ ਥਾਂ ਪਸੰਦ ਕਰਕੇ ‘ਗੁਰੂ ਕਾ ਚੱਕ’ ਵਸਾਉਣ ਦੀ ਜ਼ਿੰਮੇਵਾਰੀ ਰਾਮਦਾਸ ਜੀ ਨੂੰ ਸੌਂਪੀ। ਕਾਰ-ਸੇਵਾ ਦਾ ਮੁਖੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ। ਗੁਰੂ ਅਮਰਦਾਸ ਜੀ ਨੇ ਸੱਚ-ਖੰਡ ਵਾਪਸੀ ਦਾ ਸਮਾਂ ਨੇੜੇ ਆ ਗਿਆ ਜਾਣ ਕੇ ਨਿਸ਼ਕਾਮ ਸੇਵਕ (ਗੁਰੂ) ਰਾਮਦਾਸ ਜੀ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਆਪਣੇ ਅਸਥਾਨ ’ਤੇ ਬਿਠਾਇਆ। ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਵਾਇਆ। ਕੁਝ ਸਮੇਂ ਪਿੱਛੋਂ ਗੁਰੂ ਅਮਰਦਾਸ ਜੀ ਜੋਤੀ-ਜੋਤਿ ਸਮਾ ਗਏ। ਗੁਰੂ ਅਮਰਦਾਸ ਜੀ ਦੀਆਂ ਅੰਤਿਮ ਰਸਮਾਂ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਕੀਤੀਆਂ।
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਸਥਾਪਨਾ ਕਰਕੇ-ਅੰਮ੍ਰਿਤ ਸਰੋਵਰ ਦਾ ਟੱਕ ਲਗਵਾ ਕੇ ਬਾਬਾ ਬੁੱਢਾ ਜੀ ਨੂੰ ਇਸ ਮਹਾਨ ਕਾਰ-ਸੇਵਾ ਦਾ ਕੰਮ ਸੌਂਪਿਆ। ਜਿਸ ਥਾਂ ’ਤੇ ਬੈਠ ਕੇ ਬਾਬਾ ਬੁੱਢਾ ਜੀ ਪਵਿੱਤਰ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ, ਉਹ ਬੇਰੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ‘ਬੇਰ ਬਾਬਾ ਬੁੱਢਾ ਜੀ’ ਦੀ ਇਤਿਹਾਸਕ ਯਾਦ ਵਜੋਂ ਅੱਜ ਵੀ ਮੌਜੂਦ (ਸੁਰੱਖਿਅਤ) ਹੈ। ਗੁਰੂ ਰਾਮਦਾਸ ਜੀ ਨੇ ਪਹਿਲੇ ਗੁਰੂ ਸਾਹਿਬਾਨ ਦੀਆਂ ਕਾਇਮ ਕੀਤੀਆਂ ਰਵਾਇਤਾਂ ਅਨੁਸਾਰ (ਗੁਰੂ) ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਦੀ ਰਸਮ ਕਰਵਾਈ ਤੇ ਉਸੇ ਦਿਨ ਗੁਰੂ ਰਾਮਦਾਸ ਜੀ ਜੋਤੀ-ਜੋਤਿ ਸਮਾਏ। ਗੁਰੂ ਜੀ ਦੇ ਸਸਕਾਰ ਦੀਆਂ ਜ਼ਿੰਮੇਵਾਰੀਆਂ ਵੀ ਬਾਬਾ ਬੁੱਢਾ ਜੀ ਨੇ ਨਿਭਾਈਆਂ।
ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਦੇ ਕੰਮ ਦੀ ਕਾਰ-ਸੇਵਾ ਦਾ ਸਮੁੱਚਾ ਪ੍ਰਬੰਧ ਬਾਬਾ ਬੁੱਢਾ ਜੀ ਨੂੰ ਸੰਭਾਲ ਦਿੱਤਾ। ਬਾਬਾ ਬੁੱਢਾ ਜੀ ਅੰਮ੍ਰਿਤ ਸਰੋਵਰ ਦੇ ਕੰਢੇ ਬੇਰੀ ਹੇਠ ਬੈਠ ਕੇ ਸਾਰੇ ਕੰਮ ਨੂੰ ਆਪਣੀ ਦੇਖ-ਰੇਖ ਵਿੱਚ ਕਰਵਾਉਂਦੇ। ਬਾਬਾ ਬੁੱਢਾ ਜੀ ਨੇ ਲਾਹੌਰ ਦੇ ਹਾਕਮ ਵਜ਼ੀਰ ਖਾਂ ਦਾ ਰੋਗ ਦੂਰ ਕੀਤਾ। ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਵੱਲੋਂ ਕੀਤੇ ਹਰ ਹਮਲੇ ਨੂੰ ਅਸਫਲ ਬਣਾਇਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਸੰਮਤ 1661 ਬਿਕਰਮੀ, ਸੰਨ 1604 ਈ: ਵਿੱਚ ਹਰਿਮੰਦਰ ਸਾਹਿਬ ਵਿੱਚ ‘ਆਦਿ ਗ੍ਰੰਥ’ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਬਾਬਾ ਬੁੱਢਾ ਜੀ ਨੇ ਹੀ ਪਹਿਲਾ ਵਾਕ ਸੰਗਤਾਂ ਨੂੰ ਸਰਵਣ ਕਰਵਾਇਆ।
ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਸ਼ਹੀਦੀ ਤੋਂ ਪਹਿਲਾਂ ਭਾਵੇਂ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੇ ਗਏ ਸਨ ਪਰ ਸ਼ਹੀਦੀ ਤੋਂ ਬਾਅਦ ਹੀ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਤਿਲਕ ਲਗਾਇਆ ਅਤੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਵੀ ਪਹਿਨਾਈਆਂ। ਬਾਬਾ ਬੁੱਢਾ ਜੀ ਵੱਲੋਂ ਭਗਤੀ ਤੇ ਸ਼ਕਤੀ ਦੇ ਸਿਧਾਂਤ ਨੂੰ ਤਿਲਕ ਲਾਇਆ ਗਿਆ। ਅਕਾਲ ਤਖ਼ਤ ਸਾਹਿਬ ਦੀ ਨੀਂਹ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੋਂ ਰਖਵਾਈ। ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਮੁਖੀ ਬਾਬਾ ਬੁੱਢਾ ਜੀ ਤੋਂ ਪੜ੍ਹੀ। ਜਹਾਂਗੀਰ ਨੇ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਵਾ ਦਿੱਤਾ ਤਾਂ ਮਗਰੋਂ ਗੁਰੂ ਘਰ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਨੇ ਕੀਤਾ। ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਦੇ ਹੁਕਮ ਅਨੁਸਾਰ ਗਵਾਲੀਅਰ ਗਏ ਪਰ ਗੁਰੂ ਜੀ ਦੇ ਦਰਸ਼ਨ ਨਾ ਕਰ ਸਕੇ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਏ ਤਾਂ ਬਾਬਾ ਬੁੱਢਾ ਜੀ ਨੇ ਉਨ੍ਹਾਂ ਦੇ ਅੰਮ੍ਰਿਤਸਰ ਪੁੱਜਣ ’ਤੇ ਸਾਰੇ ਸ਼ਹਿਰ ਵਿੱਚ ਦੀਪਮਾਲਾ ਕਰਵਾਈ।
ਬਾਬਾ ਬੁੱਢਾ ਜੀ ਇਸ ਸਮੇਂ ਕਾਫ਼ੀ ਬਿਰਧ ਅਵਸਥਾ ਵਿੱਚ ਸਨ। ਗੁਰੂ ਹਰਿਗੋਬਿੰਦ ਸਾਹਿਬ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਆ ਗਏ। ਬਾਬਾ ਬੁੱਢਾ ਜੀ ਨੇ ਪੰਜ ਗੁਰੂ ਸਾਹਿਬਾਨ (ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ) ਨੂੰ ਆਪਣੇ ਹੱਥੀਂ ਗੁਰਿਆਈ ਦੇ ਤਿਲਕ ਦੀ ਰਸਮ ਕੀਤੀ ਤੇ ਅੱਠ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਬੁੱਢਾ ਜੀ ਨੇ ਸੰਤੋਖਸਰ, ਰਾਮਸਰ, ਕੌਲਸਰ, ਬਿਬੇਕਸਰ, ਤਰਨ ਤਾਰਨ ਦੇ ਪਵਿੱਤਰ ਸਰੋਵਰ ਦੀ ਨੀਂਹ ਰੱਖੀ। ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਦੀ ਨੀਂਹ ਵੀ ਬਾਬਾ ਬੁੱਢਾ ਜੀ ਨੇ ਰੱਖੀ। ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਸੇਵਾ, ਲੰਗਰ ਦੀ, ਪੰਗਤ ਦੀ, ਸੰਗਤ ਦੀ, ਜੋੜਿਆਂ ਦੀ , ਘੋੜਿਆਂ ਦੀ, ਵਾਹੀ ਦੀ, ਗੋਡੀ ਦੀ, ਪੱਠੇ ਪਾਉਣ ਦੀ, ਡੰਗਰ ਸਾਂਭਣ ਦੀ, ਗੱਲ ਕੀ ਹਰ ਪ੍ਰਕਾਰ ਦੀ ਸੇਵਾ ਆਪ ਨੇ ਜੀਅ ਲਾ ਕੇ ਕੀਤੀ। ਬਾਬਾ ਬੁੱਢਾ ਜੀ 14 ਮੱਘਰ ਸੰਮਤ 1688 ਬਿਕਰਮੀ, 16 ਨਵੰਬਰ ਸੰਨ 1631 ਈ: ਨੂੰ 125 ਸਾਲ ਦੀ ਉਮਰ ਭੋਗ ਕੇ ਸੱਚ-ਖੰਡ ਜਾ ਬਿਰਾਜੇ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ। ਸਸਕਾਰ ਦੇ ਥਾਂ ’ਤੇ ‘ਸੱਚ-ਖੰਡ’ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ।
ਸਾਖੀਆਂ ਅਨੁਸਾਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ (ਤਰਨਤਾਰਨ) ਵਿਖੇ ਪੰਚਮ ਪਾਤਸ਼ਾਹ ਦੇ ਮਹਿਲ ਮਾਤਾ ਗੰਗਾ ਜੀ ਪੁੱਤਰ ਦੀ ਦਾਤ ਵਾਸਤੇ ਮਿੱਸੇ ਪ੍ਰਸ਼ਾਦੇ, ਲੱਸੀ ਤੇ ਗੰਢੇ (ਪਿਆਜ) ਆਦਿਕ ਲੈ ਕੇ ਬਾਬਾ ਜੀ ਪਾਸੋਂ ਅਰਦਾਸ ਕਰਵਾਉਣ ਆਏ ਸਨ। ਬਾਬਾ ਬੁੱਢਾ ਜੀ ਵੱਲੋਂ ਕੀਤੀ ਅਰਦਾਸ ਸਦਕਾ ਹੀ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

Advertisement

ਸੰਪਰਕ: karnailSinghma@gmail.com

Advertisement
Advertisement