ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ
ਬਲਜਿੰਦਰ ਮਾਨ
ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ 22 ਦਸੰਬਰ 2014 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਹ ਹਰ ਇਨਸਾਨ ਜਿਸ ਨੇ ਉਨ੍ਹਾਂ ਦੀ ਸੰਗਤ ਕੀਤੀ, ਉਹ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਿਆ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਕਨੂੰਨ ਦੀ ਡਿਗਰੀ ਹਾਸਲ ਕਰਕੇ ਅਧਿਆਪਨ ਦੀ ਮਾਸਟਰ ਡਿਗਰੀ ਤੋਂ ਇਲਾਵਾ ਉਨ੍ਹਾਂ ਨੇ ਹਰ ਖੇਤਰ ਵਿੱਚ ਬਰਾਬਰ ਮਾਣ ਸਨਮਾਨ ਹਾਸਲ ਕੀਤਾ। ਉਹ ਬਜ਼ੁਰਗਾਂ ਵਿੱਚ ਬਜ਼ੁਰਗ, ਬੱਚਿਆਂ ਨਾਲ ਬੱਚੇ, ਜੁਆਨਾਂ ਨਾਲ ਜੁਆਨ ਬਣ ਜਾਂਦੇ ਸਨ।
ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਐੱਸ ਅਸ਼ੋਕ ਭੌਰਾ ਰਾਹੀਂ ਮਾਹਿਲਪੁਰ ਦੇ ਢਾਡੀ ਅਮਰ ਸਿੰਘ ਸ਼ੌਂਕੀ ਮੇਲੇ ਵਿੱਚ 29 ਜਨਵਰੀ 1989 ਨੂੰ ਹੋਈ ਸੀ। ਬਾਅਦ ਵਿੱਚ ਅਸੀਂ ਨਿਰੰਤਰ ਸਾਹਿਤਕ, ਸੱਭਿਆਚਾਰਕ, ਵਿੱਦਿਅਕ ਅਤੇ ਹੋਰ ਕਈ ਤਰ੍ਹਾਂ ਦੇ ਸਮਾਜਿਕ ਇਕੱਠਾਂ ਵਿੱਚ ਵਿਚਰਦੇ ਰਹੇ। ਇਸ ਅਣਥੱਕ ਯੋਧੇ ਦੁਆਰਾ ਪੰਜਾਬੀ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਕੀਤੇ ਉਪਰਾਲੇ ਸਦਾ ਯਾਦ ਰਹਿਣਗੇ।
ਜਗਦੇਵ ਸਿੰਘ ਜੱਸੋਵਾਲ ਦਾ ਜਨਮ 30 ਅਪਰੈਲ 1935 ਨੂੰ ਕਰਤਾਰ ਸਿੰਘ ਗਰੇਵਾਲ ਅਤੇ ਅਮਰ ਕੌਰ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੱਸੋਵਾਲ ਸੂਦਾਂ ਵਿਖੇ ਹੋਇਆ। ਉਨ੍ਹਾਂ ਦੇ ਦੋ ਲੜਕੇ ਸੁਖਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਹਨ। ਉਹ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ 1967 ਵਿੱਚ ਰਾਜਸੀ ਸਲਾਹਕਾਰ ਬਣੇ, ਪਰ ਖ਼ੁਦ ਨੂੰ ਸਿਆਸਤ ਰਾਸ ਨਾ ਆਈ ਕਿਉਂਕਿ ਉਹ ਸਿਆਸੀ ਚਾਲਾਂ ਤੋਂ ਅਣਜਾਣ ਸਨ। ਉਨ੍ਹਾਂ ਨੇ 1978 ਵਿੱਚ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ 19, 20 ਤੇ 21 ਅਕਤੂਬਰ ਨੂੰ ਪ੍ਰੋ. ਮੋਹਨ ਸਿੰਘ ਮੇਲੇ ਦਾ ਆਰੰਭ ਕਰਕੇ ਪੂਰੇ ਵਿਸ਼ਵ ਨੂੰ ਪੰਜਾਬੀ ਵਿਰਾਸਤ ਨਾਲ ਜੋੜਨਾ ਆਰੰਭਿਆ। ਉਨ੍ਹਾਂ ਕਦੇ ਵੀ ਸ਼ਾਨੋ ਸ਼ੌਕਤ ਦੇ ਜੀਵਨ ਨੂੰ ਤਰਜੀਹ ਨਹੀਂ ਦਿੱਤੀ। ਉਹ ਹਰ ਪਿੰਡ ਵਿੱਚੋਂ ਕਲਾਕਾਰਾਂ ਨੂੰ ਲੱਭਦੇ ਰਹਿੰਦੇ ਸਨ ਅਤੇ ਅਨੇਕਾਂ ਕਲਾਕਾਰ ਉਨ੍ਹਾਂ ਦੀ ਸਰਪ੍ਰਸਤੀ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹੇ।
ਉਨ੍ਹਾਂ ਦੀ ਬਦੌਲਤ ਮਾਹਿਲਪੁਰ ਦੀ ਧਰਤੀ ’ਤੇ ਸ਼ੁਰੂ ਹੋਇਆ ਸੱਭਿਆਚਾਰਕ ਮੇਲਾ ਉਨ੍ਹਾਂ ਦੀ ਸਲਾਹ ਨਾਲ ਢਾਡੀ ਅਮਰ ਸਿੰਘ ਸ਼ੌਂਕੀ ਨੂੰ ਅਰਪਿਤ ਕੀਤਾ ਗਿਆ ਸੀ। ਇਸ ਮੇਲੇ ਤੋਂ ਪ੍ਰਭਾਵਿਤ ਹੋ ਕੇ ਦੁਆਬੇ ਵਿੱਚ ਗੁਰਮੀਤ ਖਾਨਪੁਰੀ ਦੁਆਰਾ ਸਲਾਮਤ ਅਲੀ ਨਜ਼ਾਕਤ ਅਲੀ ਯਾਦਗਾਰੀ ਮੇਲਾ ਸ਼ਾਮਚੁਰਾਸੀ ਵਿਖੇ ਆਰੰਭਿਆ ਗਿਆ। ਉਹ ਜਿੱਥੇ ਵੀ ਜਾਂਦੇ, ਉੱਥੇ ਮੇਲਾ ਲੱਗ ਜਾਂਦਾ ਸੀ। ਹਰ ਪਲ ਉਨ੍ਹਾਂ ਨਾਲ ਦੋ-ਚਾਰ ਕਲਾਕਾਰ ਅਕਸਰ ਹੁੰਦੇ ਸਨ। ਇੱਕ ਵਾਰ ਮਾਹਿਲਪੁਰ ਦੀ ਇੱਕ ਪ੍ਰਿੰਟਿੰਗ ਪ੍ਰੈੱਸ ਵਿੱਚ ਮੇਲੇ ਦੇ ਕਾਰਡ ਛਪ ਰਹੇ ਸਨ। ਜਦੋਂ ਬਾਪੂ ਜੀ ਪਰੂਫ ਦੇਖਣ ਲਈ ਪ੍ਰੈੱਸ ’ਤੇ ਪੁੱਜੇ ਤਾਂ ਅਸੀਂ ਸਭ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਕਿਹਾ, ‘‘ਝਾੜੂ ਲਿਆਓ।’’ ਜਦੋਂ ਨਿੰਦਰ ਘੁਗਿਆਣਵੀ ਨੇ ਝਾੜੂ ਫੜਾਇਆ ਤਾਂ ਉਹ ਪ੍ਰੈੱਸ ਮਾਲਕ ਦੇ ਸਿਰ ’ਤੇ ਛੱਤ ਨਾਲ ਲੱਗੇ ਜਾਲੇ ਉਤਾਰਨ ਲੱਗ ਪਏ। ਦੁੁਕਾਨ ਮਾਲਕ ਉਨ੍ਹਾਂ ਅੱਗੇ ਹੱਥ ਜੋੜਨ ਲੱਗਾ। ਬਾਪੂ ਜੀ ਕਹਿਣ ਲੱਗੇ, ‘‘ਭਾਈ ਤੁਹਾਨੂੰ ਇੱਥੋਂ ਰੋਟੀ ਮਿਲਦੀ ਹੈ ਤੇ ਤੁਸੀਂ ਸਫ਼ਾਈ ਵੀ ਨਹੀਂ ਕਰਦੇ।’’ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਵੇਲੇ ਉਸ ਦੁਕਾਨਦਾਰ ਦਾ ਕੀ ਹਾਲ ਹੋਇਆ ਹੋਵੇਗਾ। ਉਹ ਕਦੇ ਕਿਸੇ ਦਾ ਵਿਰੋਧ ਕਰਨ ਲਈ ਤਿਆਰ ਨਾ ਹੁੰਦੇ, ਸਗੋਂ ਨਵੇਂ ਰਾਹ ਤਲਾਸ਼ਣ ਦੀ ਸਲਾਹ ਦਿੰਦੇ। ਜਦੋਂ ਮਾਹਿਲਪੁਰ ਦਾ ਸ਼ੌਂਕੀ ਮੇਲਾ ਬੰਦ ਕੀਤਾ ਗਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ‘‘ਕੰਮ ਕਰਨ ਵਾਲਿਆਂ ਲਈ ਬਹੁਤ ਮੌਕੇ ਹੁੰਦੇ ਨੇ। ਪਾਣੀ ਅੱਗੇ ਜੇਕਰ ਇੱਕ ਪਾਸੇ ਨੱਕਾ ਲਾ ਦੇਵੋ ਤਾਂ ਉਹ ਦੂਜੇ ਪਾਸੇ ਰਾਹ ਬਣਾ ਲੈਂਦਾ ਹੈ। ਬਸ ਪਾਣੀ ਵਗਦਾ ਰਹੇ ਤਾਂ ਨਿਰਮਲ ਰਹਿੰਦਾ ਹੈ।’’
ਬਾਪੂ ਜੱਸੋਵਾਲ ਨੂੰ ਕੋਈ ਮੇਲਿਆਂ ਵਾਲਾ ਜੱਸੋਵਾਲ ਆਖਦਾ, ਕੋਈ ਕਲਾਕਾਰਾਂ ਦਾ ਮਸੀਹਾ ਤੇ ਕੋਈ ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ। ਜਿੱਥੇ ਕਿਤੇ ਵੀ ਕੋਈ ਮੇਲਾ ਲੱਗਦਾ, ਉਹ ਝੱਟ ਉੱਥੇ ਕਲਾਕਾਰਾਂ ਦੀ ਟੋਲੀ ਲੈ ਕੇ ਪੁੱਜ ਜਾਂਦੇ। ਉਹ ਅਕਸਰ ਆਖਦੇ ਕਿ ਸੱਭਿਆਚਾਰ ਅਤੇ ਸਾਹਿਤ ਦੀ ਤਰੱਕੀ ਲਈ ਹਰ ਕਿਸੇ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਾਹਿਤਕਾਰਾਂ ਕੋਲ ਕਲਮ ਹੈ, ਕਲਾਕਾਰਾਂ ਕੋਲ ਕਲਾ ਤੇ ਅਮੀਰਾਂ ਕੋਲ ਪੈਸਾ। ਇਸ ਲਈ ਸਭ ਨੂੰ ਆਪੋ ਆਪਣਾ ਹਿੱਸਾ ਪਾ ਕੇ ਪੰਜਾਬੀਅਤ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ। ਅਤਿਵਾਦ ਦੇ ਸਮੇਂ ਵਿੱਚ ਉਹ ਇਕੱਲੇ ਯੋਧੇ ਸਨ ਜੋ ਪੰਜਾਬ ਵਿੱਚ ਏਕਤਾ ਦੀ ਜੋਤ ਜਗਾ ਕੇ ਪਿੰਡ ਪਿੰਡ ਮੇਲੇ ਲਾ ਰਹੇ ਸਨ। ਪੰਜਾਬ ਦੇ ਹਰ ਕੋਨੇ ਵਿੱਚ ਮੇਲਿਆਂ ਦੇ ਇਕੱਠਾਂ ਵਿੱਚ ਹਰ ਧਰਮ, ਜਾਤ ਤੇ ਵਰਗ ਦੇ ਕੋਲ ਸ਼ਾਮਲ ਹੁੰਦੇ ਤਾਂ ਉਹ ਆਖਦੇ ਕੇ ਮੇਲੇ ਵਿੱਚ ਪਾਰਟੀਆਂ, ਜਾਤਾਂ ਤੇ ਧਰਮਾਂ ਦੇ ਚੋਗੇ ਬਾਹਰ ਲਾਹ ਕੇ ਮੇਲੀ ਬਣ ਕੇ ਆਓ।
ਉਹ ਮੁਹੱਬਤ ਦਾ ਭਰ ਵਗਦਾ ਦਰਿਆ ਸਨ। ਇਸ ਦਰਿਆ ਨੇ ਆਪਣੇ ਸ਼ੀਤਲ ਜਲ ਨਾਲ ਪੰਜਾਬੀ ਸੱਭਿਆਚਾਰ ਦੇ ਬੂਟੇ ਨੂੰ ਹਰਿਆ ਭਰਿਆ ਰੱਖਣ ਲਈ ਆਪਣੇ ਜੀਵਨ ਦਾ ਹਰ ਪਲ ਲਾਇਆ। ਉਹ ਹਰ ਵਿਸ਼ੇ ’ਤੇ ਗੰਭੀਰਤਾ ਨਾਲ ਆਪਣੀ ਗੱਲ ਕਹਿ ਜਾਂਦੇ ਸਨ। ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸੈਮੀਨਾਰਾਂ ਅਤੇ ਮੇਲਿਆਂ ਵਿੱਚ ਉਨ੍ਹਾਂ ਦੀਆਂ ਕਹੀਆਂ ਗੱਲਾਂ ਇਤਿਹਾਸਕ ਤੱਥ ਹਨ। ਬਾਪੂ ਜੀ ਨੇ ਆਖਰੀ ਸਾਹ ਲੈਣ ਤੋਂ ਪਹਿਲਾਂ ਵੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦੀ ਅਪੀਲ ਕੀਤੀ ਸੀ। ਇੰਜ ਉਨ੍ਹਾਂ ਦੇ ਖੂਨ ਵਿੱਚ ਪੰਜਾਬ ਤੇ ਪੰਜਾਬੀਅਤ ਰਚੀ ਹੋਈ ਸੀ। ਤਿਆਗ ਕਰਨਾ ਹਰ ਕਿਸੇ ਦੇ ਵਸ ਵਿੱਚ ਨਹੀਂ ਹੁੰਦਾ। ਉਹ ਸਭ ਕੁੱਝ ਤਿਆਗ ਕੇ ਪੰਜਾਬੀ ਸੱਭਿਆਚਾਰ ਦੀ ਸਾਂਭ ਸੰਭਾਲ ਅਤੇ ਇਸ ਦੀ ਪ੍ਰਫੁੱਲਤਾ ਵਿੱਚ ਜੁਟੇ ਰਹੇ। ਉਨ੍ਹਾਂ ਵੱਲੋਂ ਸਿਰਜੀ ਅਮੀਰ ਵਿਰਾਸਤ ਨੂੰ ਸੰਭਾਲਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ।
ਸੰਪਰਕ: 98150-18947