ਬਾਬਾ ਭੂਮਣ ਸ਼ਾਹ ਦਾ ਸਾਲਾਨਾ ਜੋੜ ਮੇਲਾ ਸਮਾਪਤ
ਸਿਰਸਾ, 27 ਦਸੰਬਰ
ਇਥੋਂ ਦੇ ਪਿੰਡ ਬਾਬਾ ਭੂਮਣ ਸ਼ਾਹ (ਸੰਘਰ ਸਰਿਤਾ) ’ਚ ਬਾਬਾ ਭੂਮਣ ਸ਼ਾਹ ਦਾ ਸਾਲਾਨਾ ਜੋੜ ਮੇਲਾ ਸਮਾਜਿਕ ਬੁਰਾਈਆਂ ਨੂੰ ਸਮਾਪਤ ਕਰਨ ਦੇ ਅਹਿਦ ਨਾਲ ਸਮਾਪਤ ਹੋਇਆ। ਇਸ ਦੌਰਾਨ ਬਾਬਾ ਭੂਮਣ ਸ਼ਾਹ ਦੇ ਗੱਦੀਨਸ਼ੀਨ ਬਾਬਾ ਬ੍ਰਹਮਦਾਸ ਨੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ’ਤੇ ਬਲ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਸਮਾਪਤ ਕਰਨ ਲਈ ਸਭ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਗ਼ਲਤ ਰਸਤੇ ’ਤੇ ਚੱਲ ਕੇ ਨਸ਼ਿਆਂ ਦੇ ਜਾਲ ’ਚ ਫਸ ਰਹੇ ਹਨ। ਨੌਜਵਾਨਾਂ ਨਸ਼ਿਆਂ ਦੀ ਬੁਰਾਈਆਂ ਤੋਂ ਦੂਰ ਰੱਖਣ ਲਈ ਮਾਪਿਆਂ ਤੇ ਪਿੰਡਾਂ ਦੇ ਪਤਵੰਤੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਤੇ ਲੜਕੀਆਂ ਦੀ ਪੜ੍ਹਾਈ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਜਿਆਦਾ ਤੋਂ ਜਿਆਦਾ ਰੁੱਖ ਲਾਉਣ ਲਈ ਆਈ ਸੰਗਤ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਾਬਾ ਭੂਮਣ ਸ਼ਾਹ ਦੇ ਜੀਵਨ ’ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਵੱਲੋਂ ਦਿਖਾਏ ਰਾਹ ’ਤੇ ਚਲਣ ਦਾ ਲੋਕਾਂ ਨੂੰ ਸੱਦਾ ਦਿੱਤਾ। ਇਸ ਦੌਰਾਨ ਧਾਰਮਿਕ ਆਗੂਆਂ ਤੋਂ ਇਲਾਵਾ ਕਈ ਸਿਆਸੀ ਆਗੂ ਹਾਜ਼ਰ ਸਨ।