For the best experience, open
https://m.punjabitribuneonline.com
on your mobile browser.
Advertisement

ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਚਿੱਟਾ ਹਾਥੀ ਬਣਿਆ

07:00 AM Aug 26, 2024 IST
ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਚਿੱਟਾ ਹਾਥੀ ਬਣਿਆ
ਮੁਹਾਲੀ ਬੱਸ ਅੱਡੇ ਦੇ ਅੰਦਰ ਖੜ੍ਹੇ ਵਾਹਨਾਂ ਬਾਰੇ ਦੱਸਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ।
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 25 ਅਗਸਤ
ਇੱਥੋਂ ਦੇ ਫੇਜ਼-6 ਸਥਿਤ ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਕਾਊਂਟਰ ’ਤੇ ਬੱਸਾਂ ਦੀ ਥਾਂ ਮੋਟਰਸਾਈਕਲ ਅਤੇ ਕਾਰਾਂ ਪਾਰਕਿੰਗ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਕਾਨੂੰਨੀ ਨੋਟਿਸ ਭੇਜਣ ਵਾਲੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜਦੋਂ ਬੱਸ ਅੱਡੇ ਦਾ ਦੌਰਾ ਕੀਤਾ ਤਾਂ ਉੱਥੇ ਬੱਸਾਂ ਦੀ ਥਾਂ ਕਾਰਾਂ ਅਤੇ ਮੋਟਰਸਾਈਕਲ ਖੜ੍ਹੇ ਮਿਲੇ।
ਰਿਕਾਰਡ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਬੱਸ ਅੱਡੇ ਦੇ ਬਾਹਰ ਸੜਕ ’ਤੇ ਹੀ ਸਵਾਰੀਆਂ ਚੜ੍ਹਾਈਆਂ ਤੇ ਉਤਾਰੀਆਂ ਜਾਂਦੀਆਂ ਹਨ ਕਿਉਂਕਿ ਕੋਈ ਵੀ ਬੱਸ ਅੱਡੇ ਦੇ ਅੰਦਰ ਨਹੀਂ ਜਾਂਦੀ। ਇੱਥੇ 400 ਬੱਸਾਂ ਆਉਂਦੀਆਂ ਹਨ ਪਰ ਪਰਚੀਆਂ ਸਿਰਫ਼ 250 ਬੱਸਾਂ ਦੀ ਹੀ ਕੱਟੀ ਜਾਂਦੀ ਹੈ। ਦੂਜੀ ਵੱਡੀ ਗੱਲ ਇਹ ਕਿ ਜਿਨ੍ਹਾਂ ਬੱਸਾਂ ਦੀ ਪਰਚੀ ਕੱਟੀ ਜਾਂਦੀ ਹੈ, ਉਹ ਅੱਡੇ ’ਚੋਂ ਹੋ ਕੇ ਨਹੀਂ ਜਾਂਦੀਆਂ ਸਗੋਂ ਵੇਰਕਾ ਚੌਕ ਦੇ ਬਾਹਰ ਹੀ ਸਵਾਰੀਆਂ ਉਤਾਰ ਕੇ ਲੰਘ ਜਾਂਦੀਆਂ ਹਨ। ਇਸ ਦੀ ਵਜ੍ਹਾ ਇਹ ਵੀ ਹੈ ਕਿ ਸੜਕ ਵਿਚਲਾ ਲਾਂਘਾ ਬੰਦ ਕੀਤਾ ਹੋਇਆ ਹੈ। ਇੰਜ ਜੇ ਬੱਸ ਚਾਲਕ ਅੱਡੇ ਵਿੱਚ ਆਉਣਾ ਵੀ ਚਾਹੁਣ ਤਾਂ ਉਨ੍ਹਾਂ ਨੂੰ ਦਾਰਾ ਸਟੂਡੀਓ ਵਾਲੇ ਚੌਕ ਤੋਂ ਘੁੰਮ ਕੇ ਆਉਣਾ ਪੈਂਦਾ ਹੈ।
ਸ੍ਰੀ ਬੇਦੀ ਨੇ ਦੱਸਿਆ ਕਿ ਬੱਸ ਅੱਡਾ ਮੁੜ ਪ੍ਰਾਈਵੇਟ ਕੰਪਨੀ ਦੇ ਸਪੁਰਦ ਕੀਤਾ ਗਿਆ ਹੈ, ਇੱਥੇ ਕੰਪਨੀ ਦੇ ਸੁਰੱਖਿਆ ਗਾਰਡ ਹੀ ਪਰਚੀਆਂ ਕਟਦੇ ਦਿਖਾਈ ਦਿੰਦੇ ਹਨ। ਉਨ੍ਹਾਂ ਡਾਇਰੈਕਟਰ ਟਰਾਂਸਪੋਰਟ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਬੱਸ ਅੱਡੇ ਦੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਬੱਸਾਂ ਦਾ ਅੱਡੇ ਅੰਦਰ ਆਉਣਾ ਅਤੇ ਸਵਾਰੀਆਂ ਨੂੰ ਅੰਦਰ ਉਤਾਰਨਾ-ਚੜ੍ਹਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੰਦ ਕੀਤੀ ਸੜਕ ਨੂੰ ਚਾਲੂ ਕਰਨ ਲਈ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਦਿੱਤੇ ਨੋਟਿਸ ਦਾ ਜਵਾਬ ਨਾ ਦੇਣ ਖ਼ਿਲਾਫ਼ ਉਹ ਜਲਦੀ ਹੀ ਅਦਾਲਤ ਦਾ ਬੂਹਾ ਖੜਕਾਉਣਗੇ।

ਸਵਾਰੀਆਂ ਅੱਡੇ ’ਚ ਉਤਾਰਨ ਲਈ ਹਦਾਇਤਾਂ ਜਾਰੀ: ਡਾਇਰੈਕਟਰ

ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਵੱਲੋਂ ਡਿਪਟੀ ਮੇਅਰ ਨੂੰ ਕਾਨੂੰਨੀ ਨੋਟਿਸ ਦੇ ਭੇਜੇ ਜਵਾਬ ਵਿੱਚ ਦੱਸਿਆ ਕਿ ਵੱਖ-ਵੱਖ ਡਿੱਪੂਆਂ ਦੇ ਜਨਰਲ ਮੈਨੇਜਰਾਂ ਨੂੰ ਪੱਤਰ ਲਿਖ ਕੇ ਸਾਰੀਆਂ ਬੱਸ ਮੁਹਾਲੀ ਅੱਡੇ ਅੰਦਰ ਲਿਜਾਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਡਾਇਰੈਕਟਰ ਦੀ ਇਸ ਕਾਰਵਾਈ ’ਤੇ ਤਸੱਲੀ ਪ੍ਰਗਟ ਕੀਤੀ।

Advertisement

ਲੋਕਾਂ ਦੀ ਸਹੂਲਤ ਲਈ ਪੁਰਾਣਾ ਬੱਸ ਅੱਡਾ ਚਾਲੂ ਕੀਤਾ ਜਾਵੇ: ਧਨੋਆ

ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਸ਼ਹਿਰ ਵਾਸੀਆਂ ਅਤੇ ਮੁਲਾਜ਼ਮਾਂ ਦੀ ਸਹੂਲਤ ਲਈ ਫੇਜ਼-8 ਵਿਚਲਾ ਪੁਰਾਣਾ ਅੰਤਰਰਾਜੀ ਬੱਸ ਅੱਡਾ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਵਾਂ ਬੱਸ ਅੱਡਾ ਸਹੀ ਰੂਪ ਵਿੱਚ ਚਾਲੂ ਨਹੀਂ ਹੋਇਆ, ਗਮਾਡਾ ਨੇ ਪੁਰਾਣਾ ਅੱਡਾ ਪਹਿਲਾਂ ਹੀ ਬੰਦ ਕਰ ਦਿੱਤਾ। ਇਸ ਕਾਰਨ ਹੁਣ ਸੜਕ ਕਿਨਾਰੇ ਅਣਅਧਿਕਾਰਤ ਤੌਰ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਰਾਣਾ ਅੱਡਾ ਸ਼ਹਿਰ ਦੇ ਸੈਂਟਰ ਵਿੱਚ ਹੈ। ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ, ਗਮਾਡਾ/ਪੁੱਡਾ, ਪੰਚਾਇਤ ਭਵਨ, ਵਣ ਭਵਨ ਸਣੇ ਫੋਰਟਿਸ ਹਸਪਤਾਲ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਮੁਲਾਜ਼ਮ ਲੋਕ ਆਉਂਦੇ ਹਨ।

Advertisement
Author Image

Advertisement
×