ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ
ਕੁਲਦੀਪ ਸਿੰਘ ਸਾਹਿਲ
ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿਚ ਵਸਾਇਆ ਸੀ, ਜਿੱਥੋਂ ਇਸ ਦਾ ਨਾਂ ਆਲਾ ਸਿੰਘ ਦੀ ਪੱਟੀ ਅਤੇ ਮਗਰੋਂ ਪੱਟੀ ਆਲਾ ਅਤੇ ਫਿਰ ਪਟਿਆਲਾ ਪੈ ਗਿਆ। ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਹੋਰ ਕਈ ਚੀਜ਼ਾਂ ਲਈ ਮਸ਼ਹੂਰ ਹੈ। ਪਟਿਆਲਾ ਜ਼ਿਲ੍ਹੇ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਵੀ ਆਪਣਾ ਹੀ ਇਤਿਹਾਸ ਅਤੇ ਸੱਭਿਆਚਾਰ ਹੈ। ਸੰਨ 1948 ਈ. ਤੱਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਅਤੇ ਉਸ ਤੋਂ ਬਾਅਦ ਸੰਨ 1956 ਈ. ਤੱਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ। ਜੇ ਇਸ ਸ਼ਹਿਰ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਿੱਖ ਮਿਸਲ ਦੇ ਮੁਖੀ ਅਤੇ ਪਟਿਆਲਾ ’ਤੇ ਰਾਜ ਕਰਨ ਵਾਲੇ ਪਹਿਲੇ ਮਹਾਰਾਜਾ ਬਾਬਾ ਆਲਾ ਸਿੰਘ ਪੰਜਾਬ ਦੇ ਅਜੋਕੇ ਜ਼ਿਲ੍ਹਾ ਬਠਿੰਡਾ ਦੇ ਫੂਲ ਵਿਚ 8 ਜਨਵਰੀ 1691 ਨੂੰ ਪੈਦਾ ਹੋਏ ਸਨ ਅਤੇ ਭਾਈ ਰਾਮ ਸਿੰਘ ਦੇ ਤੀਸਰੇ ਪੁੱਤਰ ਸਨ। ਆਲਾ ਸਿੰਘ ਛੋਟੀ ਉਮਰ ਵਿਚ ਹੀ ਫ਼ਤਹਿ ਕੌਰ ਨਾਲ ਵਿਆਹੇ ਗਏ ਸਨ ਜਿਨ੍ਹਾਂ ਨੂੰ ਮਾਈ ਫੱਤੋ ਕਰਕੇ ਜਾਣਿਆ ਜਾਂਦਾ ਹੈ। ਉਹ ਅਜੋਕੇ ਸੰਗਰੂਰ ਜ਼ਿਲ੍ਹੇ ਵਿਚ ਕਾਲੇਕੇ ਪਿੰਡ ਦੇ ਇਕ ਜ਼ਿਮੀਂਦਾਰ ਖਾਨਾ ਦੇ ਚੌਧਰੀ ਕਾਲਾ ਦੀ ਪੁੱਤਰੀ ਸੀ। ਆਲਾ ਸਿੰਘ ਦੇ ਤਿੰਨ ਪੁੱਤਰ ਭੂਮੀਆ ਸਿੰਘ, ਸਰਦੂਲ ਸਿੰਘ ਅਤੇ ਲਾਲ ਸਿੰਘ ਸਨ ਜਦਕਿ ਇਕ ਪੁੱਤਰੀ ਬੀਬੀ ਪ੍ਰਧਾਨ ਕੌਰ ਸੀ।
ਆਲਾ ਸਿੰਘ ਦਾ ਜਿੱਤਾਂ ਵਾਲਾ ਜੀਵਨ 1716 ਵਿਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕੇਂਦਰੀ ਪੰਜਾਬ ਵਿਚ ਬਹੁਤ ਗੜਬੜੀ ਦਾ ਮਾਹੌਲ ਸੀ। ਉਸ ਵੇਲੇ ਆਲਾ ਸਿੰਘ ਬਠਿੰਡਾ ਤੋਂ 40 ਕਿਲੋਮੀਟਰ ਦੂਰ ਫੂਲ ਵਿਚ ਰਹਿ ਰਹੇ ਸਨ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਜੋਸ਼ੀਲੇ ਅਤੇ ਦਲੇਰ ਨੌਜਵਾਨ ਇਕੱਠੇ ਕੀਤੇ। 1722 ਈ. ਵਿਚ ਉਨ੍ਹਾਂ ਨੇ ਆਪਣਾ ਮੁੱਖ ਟਿਕਾਣਾ ਬਰਨਾਲਾ ਵਿਚ ਕਾਇਮ ਕੀਤਾ ਅਤੇ ਉਸ ਤੋਂ ਪੂਰਬ ਵੱਲ 32 ਕਿਲੋਮੀਟਰ ਦੂਰ ਤੱਕ ਦੇ ਇਲਾਕੇ ’ਤੇ ਕਬਜ਼ਾ ਕਰ ਲਿਆ ਸੀ ਜਿਸ ਵਿਚ 30 ਪਿੰਡ ਆਉਂਦੇ ਸਨ। ਬਰਨਾਲਾ ਵਿਚ ਆਲਾ ਸਿੰਘ ਨੇ 1731 ਈ. ਵਿਚ ਰਾਇ ਕੋਟ ਦੇ ਮੁਖੀ ਅਤੇ ਚੰਗੀ ਫ਼ੌਜ ਵਾਲੇ ਰਾਇ ਕਲ੍ਹਾ ਨੂੰ ਹਰਾ ਦਿੱਤਾ ਸੀ। ਉਨ੍ਹਾਂ ਨੇ ਦਲ ਖਾਲਸਾ ਦੀ ਮਦਦ ਨਾਲ ਭੱਟੀਆਂ ਦੇ ਕਈ ਪਿੰਡ ਲੁੱਟੇ ਅਤੇ ਆਪਣੇ ਨਾਲ ਮਿਲਾ ਲਏ। ਉਨ੍ਹਾਂ ਨੇ ਛਾਜਲੀ, ਦਿੜ੍ਹਬਾ, ਲੌਂਗੋਵਾਲ ਅਤੇ ਸ਼ੇਰੋਂ ਵਰਗੇ ਕਈ ਹੋਰ ਨਵੇਂ ਪਿੰਡ ਵੀ ਵਸਾਏ। ਕੁਝ ਸਮੇਂ ਲਈ ਆਲਾ ਸਿੰਘ 1745-48 ਤੱਕ ਸਰਹਿੰਦ ਦੇ ਮੁਗਲ ਗਵਰਨਰ ਅਲੀ ਮੁਹੰਮਦ ਖ਼ਾਨ ਰੁਹੀਲਾ ਦੀ ਕੈਦ ਵਿਚ ਰਹੇ। ਉਨ੍ਹਾਂ ਨੂੰ ਉਦੋਂ ਹੀ ਛੱਡਿਆ ਗਿਆ ਜਦੋਂ ਅਲੀ ਮੁਹੰਮਦ ਫਰਵਰੀ 1748 ਵਿਚ ਅਫਗਾਨ ਹਮਲਾਵਰ ਅਹਿਮਦ ਸ਼ਾਹ ਦੁਰਾਨੀ ਦੇ ਆਉਣ ਨਾਲ ਰਾਜਧਾਨੀ ’ਚੋਂ ਭੱਜ ਗਿਆ। 11 ਮਾਰਚ 1748 ਨੂੰ ਸਰਹਿੰਦ ਦੇ ਦੱਖਣ-ਪੂਰਬ ਵਿਚ 15 ਕਿਲੋਮੀਟਰ ਦੂਰ ਮਾਨੂਪੁਰ ਨੇੜੇ ਮੁਗਲਾਂ ਅਤੇ ਅਹਿਮਦ ਸ਼ਾਹ ਦੁਰਾਨੀ ਵਿਚਾਲੇ ਹੋਈ ਲੜਾਈ ’ਚ ਆਲਾ ਸਿੰਘ ਨੇ ਮੁਗਲਾਂ ਦੀ ਮਦਦ ਕੀਤੀ। ਉਨ੍ਹਾਂ ਨੇ ਦੁਰਾਨੀ ਦੀ ਰਸਦ-ਪਾਣੀ ਬੰਦ ਕਰ ਦਿੱਤੀ ਅਤੇ ਉਸ ਦੇ ਊਠ ਅਤੇ ਘੋੜੇ ਫੜ ਲਏ। 1749 ਵਿਚ ਆਲਾ ਸਿੰਘ ਨੇ ਰਾਜਪੂਤ ਮੁਖੀ ਫ਼ਰੀਦ ਖ਼ਾਨ ਨੂੰ ਹਰਾਇਆ, ਜਿਸ ਨੇ ਸਰਹਿੰਦ ਦੇ ਸ਼ਾਹੀ ਗਵਰਨਰ ਦੀ ਮਦਦ ਲੈਣੀ ਚਾਹੀ ਸੀ ਅਤੇ ਭਵਾਨੀਗੜ੍ਹ ਵਿਚ ਉਨ੍ਹਾਂ ਵੱਲੋਂ ਬਣਾਏ ਜਾ ਰਹੇ ਕਿਲ੍ਹੇ ਦੀ ਉਸਾਰੀ ਰੋਕ ਦਿੱਤੀ ਸੀ। ਤਿੰਨ ਸਾਲਾਂ ਪਿੱਛੋਂ ਆਲਾ ਸਿੰਘ ਨੇ ਸਨੌਰ ਦੇ ਜ਼ਿਲ੍ਹਾ ਚੌਰਾਸੀ (ਚੌਰਾਸੀ ਪਿੰਡਾਂ ਦਾ ਸਮੂਹ) ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਇਨ੍ਹਾਂ ਪਿੰਡਾਂ ’ਚੋਂ 1763 ਵਿਚ ਇੱਕ ਕਿਲ੍ਹਾ ਬਣਾਇਆ ਗਿਆ ਜਿਹੜਾ ਆਲਾ ਸਿੰਘ ਦਾ ਪੱਕਾ ਟਿਕਾਣਾ ਬਣ ਗਿਆ। ਇਹ ਹੀ ਬਾਅਦ ਵਿਚ ਪਟਿਆਲੇ ਵਜੋਂ ਪ੍ਰਸਿੱਧ ਹੋਇਆ। 1760 ਦੇ ਅੰਤ ਵਿਚ ਆਲਾ ਸਿਘ ਕੋਲ 726 ਪਿੰਡ ਸਨ ਜਿਨ੍ਹਾਂ ਵਿਚ ਕਈ ਕਸਬੇ ਵੀ ਸਨ।
ਪਾਣੀਪਤ (1761) ਦੀ ਲੜਾਈ ਦੇ ਅੰਤ ਸਮੇਂ ਜਦੋਂ ਮਰਾਠਿਆਂ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਘੇਰ ਲਿਆ ਸੀ, ਉਸ ਵੇਲੇ ਆਲਾ ਸਿੰਘ ਨੇ ਉਨ੍ਹਾਂ ਦੀ ਦਾਣੇ ਅਤੇ ਹੋਰ ਵਸਤਾਂ ਨਾਲ ਮਦਦ ਕੀਤੀ। ਫਰਵਰੀ 1762 ਵਿਚ ਵੱਡੇ ਘੱਲੂਘਾਰੇ ਵਿਚ ਆਲਾ ਸਿੰਘ ਨਿਰਪੱਖ ਰਹੇ। ਅਹਿਮਦ ਸ਼ਾਹ ਨੇ ਬਰਨਾਲੇ ਦੀ ਤਬਾਹੀ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ। ਆਲਾ ਸਿੰਘ, ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਾਹ ਦੇ ਡੇਰੇ ਵਿਚ ਪੇਸ਼ ਕੀਤਾ, ਨੂੰ ਦਾੜ੍ਹੀ ਅਤੇ ਸਿਰ ਮੁਨਾਉਣ ਦਾ ਹੁਕਮ ਦਿੱਤਾ ਗਿਆ। ਉਨ੍ਹਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੇ ਇਨਾਮ ਵਜੋਂ ਉਨ੍ਹਾਂ ਨੇ ਸਵਾ ਲੱਖ ਰੁਪਿਆ ਦੇਣਾ ਮੰਨ ਲਿਆ। ਸ਼ਾਹ ਨੇ ਪੈਸਾ ਪਰਵਾਨ ਕਰ ਲਿਆ ਪਰ ਸ਼ਾਹ ਉਨ੍ਹਾਂ ਨੂੰ ਆਪਣੇ ਨਾਲ ਲਾਹੌਰ ਲੈ ਗਿਆ ਜਿੱਥੇ ਆਲਾ ਸਿੰਘ ਨੇ ਪੰਜ ਲੱਖ ਰੁਪਿਆ ਸ਼ਾਹ ਨੂੰ ਹੋਰ ਦੇ ਕੇ ਆਪਣੀ ਆਜ਼ਾਦੀ ਕਰਵਾਈ।
ਆਲਾ ਸਿੰਘ ਨੇ ਦਲ ਖਾਲਸਾ ਦੇ ਮੁਖੀ ਨਵਾਬ ਕਪੂਰ ਸਿੰਘ ਤੋਂ 1732 ਵਿਚ ਅੰਮ੍ਰਿਤ ਛਕਿਆ। 1764 ਵਿਚ ਸਰਹਿੰਦ ’ਤੇ ਹਮਲੇ ਵੇਲੇ ਉਹ ਜੱਸਾ ਸਿੰਘ ਆਹਲੂਵਾਲੀਆ ਦੇ ਸਾਥੀ ਸਨ। ਪਿੱਛੋਂ ਉਨ੍ਹਾਂ ਨੇ ਭਾਈ ਬੁੱਢਾ ਸਿੰਘ ਤੋਂ ਇਹ ਕਸਬਾ ਖਰੀਦ ਲਿਆ ਸੀ। ਭਾਈ ਬੁੱਢਾ ਸਿੰਘ ਨੂੰ ਖਾਲਸਾ ਦਲ ਵੱਲੋਂ ਇਹ ਕਸਬਾ ਦਿੱਤਾ ਗਿਆ ਸੀ। 29 ਮਾਰਚ 1761 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਆਲਾ ਸਿੰਘ ਵੱਲੋਂ ਮੱਲੇ ਹੋਏ ਇਲਾਕੇ ’ਤੇ ਉਨ੍ਹਾਂ ਦਾ ਅਧਿਕਾਰ ਮੰਨ ਲਿਆ। ਭਾਰਤ ’ਤੇ ਸੱਤਵੇਂ ਹਮਲੇ ਵੇਲੇ ਉਸ ਨੇ ਆਲਾ ਸਿਘ ਨੂੰ ਸਰਹਿੰਦ (1765) ਦੀ ਸਰਕਾਰ ਵਿਚ ਪੱਕਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਰਾਜਾ ਦੀ ਉਪਾਧੀ, ਸਨਮਾਨ ਸੂਚਕ ਵਸਤਰ, ਇਕ ਨਗਾਰਾ ਅਤੇ ਬਾਦਸ਼ਾਹਤ ਦੀ ਨਿਸ਼ਾਨੀ ਵਜੋਂ ਇਕ ਝੰਡਾ ਦਿੱਤਾ। ਅਖੀਰ ਸਾਫ-ਸੁਥਰੇ, ਸਿੱਖਿਆ ਅਤੇ ਖੇਡ ਹੱਬ ਵਜੋਂ ਜਾਣੇ ਜਾਂਦੇ ਸ਼ਹਿਰ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ 7 ਅਗਸਤ 1765 ਨੂੰ ਪਟਿਆਲੇ ਵਿਚ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਦਾ ਅਜੋਕੇ ਸ਼ਹਿਰ ਦੇ ਅੰਦਰਲੇ ਕਿਲ੍ਹੇ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਨੂੰ ਸ਼ਾਹੀ ਸਮਾਧਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਮਹਾਰਾਜਾ ਆਲਾ ਸਿੰਘ ਦੀ ਮੌਤ ਤੋਂ ਬਾਅਦ ਪਟਿਆਲਾ ਰਿਆਸਤ ’ਤੇ 8 ਮਹਾਰਾਜਿਆਂ ਨੇ ਹਕੂਮਤ ਚਲਾਈ ਜਿਨ੍ਹਾਂ ਵਿਚ ਮਹਾਰਾਜਾ ਅਮਰ ਸਿੰਘ, ਮਹਾਰਾਜਾ ਸਾਹਿਬ ਸਿੰਘ, ਮਹਾਰਾਜਾ ਕਰਮ ਸਿੰਘ, ਮਹਾਰਾਜਾ ਨਰਿੰਦਰ ਸਿੰਘ, ਮਹਾਰਾਜਾ ਮਹਿੰਦਰ ਸਿੰਘ, ਮਹਾਰਾਜਾ ਰਜਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ, ਅਤੇ ਮਹਾਰਾਜਾ ਯਾਦਵਿੰਦਰ ਸਿੰਘ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਵੀ ਇਸੇ ਖਾਨਦਾਨ ’ਚੋਂ ਹਨ।
ਸੰਪਰਕ: 94179-90040