ਚਮਕੌਰ ਸਾਹਿਬ ਦੀ ਜੰਗ ’ਚ ਜੂਝਣ ਵਾਲੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ
ਰਮੇਸ਼ ਬੱਗਾ ਚੋਹਲਾ
ਚਮਕੌਰ ਸਾਹਿਬ ਦੀ ਜੰਗ ਨੂੰ ਸੰਸਾਰ ਦੀ ਅਸਾਵੀਂ ਜੰਗ ਕਰਕੇ ਜਾਣਿਆ ਜਾਂਦਾ ਹੈ। ਇਸ ਜੰਗ ਵਿਚ ਹਕੂਮਤੀ ਧਿਰ ਲੱਖਾਂ ਦੀ ਤਦਾਦ ਵਿਚ ਸੀ ਅਤੇ ਗੁਰੂਕਿਆਂ ਦੀ ਗਿਣਤੀ ਸੈਂਕੜਾ ਵੀ ਪੂਰਾ ਨਹੀਂ ਕਰਦੀ ਸੀ। ਘੱਟ ਗਿਣਤੀ ਹੋਣ ਦੇ ਬਾਵਜੂਦ ਇਸ ਧਰਮ-ਯੁੱਧ ਵਿਚ ਖ਼ਾਲਸਾਈ ਫ਼ੌਜਾਂ ਨੇ ਜਿਹੜੇ ਕਮਾਲ ਦਿਖਾਏ ਉਸ ਦੀ ਮਿਸਾਲ ਸ਼ਾਇਦ ਹੋਰ ਕਿਧਰੇ ਨਹੀਂ ਮਿਲਦੀ।
ਧਰਮ-ਯੁੱਧ ਹੋਣ ਦੇ ਨਾਲ-ਨਾਲ ਇਹ ਜੰਗ ਗੁਰੂੂ ਗੋਬਿੰਦ ਸਿੰਘ, ਉਨ੍ਹਾਂ ਦੇ ਦੋ ਵੱਡੇ ਫ਼ਰਜ਼ੰਦਾਂ, ਪੰਜ ਪਿਆਰਿਆਂ ਅਤੇ ਕੁੱਝ ਹੋਰ ਮਰਜੀਵੜੇ ਸਿੱਖਾਂ ਲਈ ਵੱਡੇ ਅਤੇ ਨਿਰਣਾਇਕ ਇਮਤਿਹਾਨ ਦੀ ਘੜੀ ਵੀ ਸੀ। ਇਹ ਇਮਤਿਹਾਨ ਗੁਰੂ ਕੇ ਸਿੱਖਾਂ (ਪਿਆਰਿਆਂ ਸਮੇਤ) ਦੇ ਸੰਗ ਗੁਰੂ ਕੇ ਲਾਲਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ (ਸ਼ਹਾਦਤਾਂ ਦੇ ਕੇ) ਨੇ ਵੀ ਸਫ਼ਲਤਾਪੂਰਵਕ ਪਾਸ ਕੀਤਾ।
ਸਾਹਿਬਜ਼ਾਦਾ ਅਜੀਤ ਸਿੰਘ: ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਸੰਮਤ 1743 (ਦੇਸੀ ਮਹੀਨਾ ਮਾਘ) ਮੁਤਾਬਕ 1687 ਈ ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਛੋਟੀ ਉਮਰੇ ਵੱਡੀ ਕੁਰਬਾਨੀ ਸਦਕਾ ਸਿੱਖ ਇਤਿਹਾਸ ਉਨ੍ਹਾਂ ਦਾ ਸਤਿਕਾਰ ਬਾਬਾ ਅਜੀਤ ਸਿੰਘ ਦੇ ਨਾਮ ਨਾਲ ਹੀ ਕਰਦਾ ਹੈ। ਜਦੋਂ ਅਜੀਤ ਸਿੰਘ ਅਜੇ 5 ਕੁ ਮਹੀਨਿਆਂ ਦੇ ਹੋਏ ਤਾਂ ਉਸ ਸਮੇਂ ਦਸਵੇਂ ਪਾਤਸ਼ਾਹ ਦੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ ਵਿੱਚ ਗਹਿਗੱਚ ਲੜਾਈ ਹੋਈ। ਇਸ ਲੜਾਈ ਵਿਚ ਗੁਰੂਕਿਆਂ ਦੀ ਮਹਾਨ ਜਿੱਤ ਸਦਕਾ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ ਗਿਆ। ਉਨ੍ਹਾਂ ਆਪਣੀ ਉਮਰ ਦਾ ਵੱਡਾ ਹਿੱਸਾ ਗੁਰੂ ਗੋਬਿੰਦ ਸਿੰਘ ਦੀ ਛਤਰ-ਛਾਇਆ ਹੇਠ ਆਨੰਦਪੁਰ ਸਾਹਿਬ ਵਿਖੇ ਬਤੀਤ ਕੀਤਾ।
23 ਮਈ 1699 ਈ: ਨੂੰ ਬਾਬਾ ਅਜੀਤ ਸਿੰਘ ਸੈਂਕੜੇ ਸਿੰਘਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨੂਹ ਪਹੁੰਚ ਗਏ, ਜਿੱਥੇ ਉਨ੍ਹਾਂ ਉਥੋਂ ਦੇ ਰੰਗੜਾਂ ਨੂੰ ਚੰਗਾ ਸਬਕ ਸਿਖਾਇਆ। 29 ਅਗਸਤ 1700 ਈ. ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ’ਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਆਰੰਭਲੇ ਦਿਨਾਂ ਵਿਚ ਜਦੋਂ ਪਹਾੜੀ ਰਾਜਿਆਂ ਨੇ ਨਿਰਮੋਹਗੜ੍ਹ ’ਤੇ ਧਾਵਾ ਬੋਲਿਆ ਤਾਂ ਉਸ ਵੇਲੇ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਦਸਮ ਪਿਤਾ ਦਾ ਡੱਟਵਾਂ ਸਾਥ ਦਿੱਤਾ।
ਇਕ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ। ਇਕ ਵਿਅਕਤੀ ਕੁਰਲਾਉਂਦਾ ਹੋਇਆ ਆ ਕੇ ਕਹਿਣ ਲੱਗਾ, ‘ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰਕੇ ਮੇਰੀ ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫਰਿਆਦ ਵੱਲ ਕੋਈ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾ ਹੀ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰਕੇ ਮੇਰੀ ਮਦਦ ਕਰੋ।’
ਗੁਰੂ ਸਾਹਿਬ ਨੇ ਇਸ ਕੰਮ ਲਈ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭੇਜਿਆ। ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਟੋਲਾ ਨਾਲ ਲੈ ਕੇ ਬੱਸੀ ਪਿੰਡ ’ਤੇ ਧਾਵਾ ਬੋਲ ਦਿੱਤਾ। ਜਾਬਰ ਖਾਂ ਦੀ ਹਵੇਲੀ ਨੂੰ ਜਾ ਘੇਰਿਆ ਅਤੇ ਫਰਿਆਦੀ ਦੀ ਪਤਨੀ ਨੂੰ ਛੁਡਵਾ ਲਿਆ। ਪਿੰਡ ’ਤੇ ਹਮਲੇ ਵੇਲੇ ਕਸੂਰਵਾਰ ਨੂੰ ਛੱਡ ਕੇ ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੋਇਆ।
ਸ੍ਰੀ ਆਨੰਦਪੁਰ ਸਾਹਿਬ ’ਤੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਹਮਲਿਆਂ ਦਾ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਬੜੇ ਦਲੇਰਾਨਾ ਅਤੇ ਸੂਝਪੂਰਵਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਲੜਾਈ ਸਮੇਂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਸਾਂਝੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ। ਸਮੇਂ ਦੀ ਨਜ਼ਾਕਤ ਦੇਖਦਿਆ ਬਾਜਾਂ ਵਾਲੇ ਮਾਹੀ ਨੇ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਵੱਲੋਂ ਵਸਾਈ ਨਗਰੀ ਨੂੰ ਦਸੰਬਰ 1704 ਈ ਨੂੰ ਛੱਡ ਜਾਣ ਦਾ ਫੈਸਲਾ ਕਰ ਲਿਆ। ਗੁਰੂ ਪਰਿਵਾਰ ਅਤੇ ਖਾਲਸਾ ਫ਼ੌਜ ਅਜੇ ਸਰਸਾ ਨਦੀ ਦੇ ਨਜ਼ਦੀਕ ਪਹੁੰਚੀ ਹੀ ਸੀ ਕਿ ਦੁਸ਼ਮਣ ਦੀ ਫੌਜ ਨੇ ਆ ਹਮਲਾ ਕੀਤਾ।
ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਕੁੱਝ ਸ਼ੇਰਦਿਲ ਸਿੰਘਾਂ ਨੇ ਦੁਸ਼ਮਣ ਦੇ ਟਿੱਡੀ ਦਲ ਨੂੰ ਰੋਕੀ ਰੱਖਿਆ। ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਅਤੇ ਖਾਲਸਾਈ ਫੌਜ ਦੇ 40 ਦੇ ਕਰੀਬ ਸਿੰਘਾਂ ਨੇ ਚਮਕੌਰ ਸਾਹਿਬ ਵਿੱਚ ਚੌਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਵੇਲੀ ਦੀ ਸ਼ਰਨ ਲੈ ਲਈ। ਇਸ ਗੜ੍ਹੀ ਵਿਚਲੀ ਓਟ ਸਦਕਾ ਗੁਰੂ ਸਾਹਿਬ ਨੇ ਦੁਸ਼ਮਣ ਦੀ ਫੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ। ਪੰਜ-ਪੰਜ ਸਿੰਘਾਂ ਦੇ ਜਥੇ ਵਾਰੀ-ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।
ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਢਾਰ ਸਿੰਘ ਦਾ ਖੂਨ ਵੀ ਉਬਾਲੇ ਖਾਣ ਲੱਗਿਆ। ਜਦੋਂ ਬਾਬਾ ਅਜੀਤ ਸਿੰਘ ਨੇ ਗੁਰੂ ਪਿਤਾ ਕੋਲੋਂ ਮੈਦਾਨੇ-ਏ-ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਕਲਗੀਧਰ ਪਾਤਸ਼ਾਹ ਨੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਰਣ-ਤੱਤੇ ਵੱਲ ਭੇਜ ਦਿੱਤਾ।
ਗੁਰੂ ਸਾਹਿਬ ਨੇ ਇੰਨੀ ਖੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦੇ ਨੂੰ ਜੰਗ ਵਲ ਤੋਰਿਆ ਜਿਵੇਂ ਜੰਝ ਚਾੜ੍ਹੀਦੀ ਹੈ। ਸੀਸ ਉਪਰ ਹੀਰਿਆਂ ਨਾਲ ਜੜੀ ਸੁੰਦਰ ਕਲਗੀ ਝਲਕਾਂ ਮਾਰ ਰਹੀ ਸੀ। ਜਦੋਂ ਉਹ ਬਾਹਰ ਨਿਕਲੇ ਤਾਂ ਮੁਗਲਾਂ ਦੀਆਂ ਫੌਜਾਂ ਨੂੰ ਭਾਸਿਆ ਕਿ ਜਿਵੇ ਹਜ਼ੂਰ ਆਪ ਹੀ ਗੜੀ ’ਚੋਂ ਬਾਹਰ ਆ ਗਏ ਹੋਣ। ਜਿਧਰ ਕਿਸੇ ਨੂੰ ਰਾਹ ਮਿਲਿਆ, ਉਧਰ ਹੀ ਡਰਦਾ ਹੋਇਆ ਦੌੜ ਗਿਆ। ਵੱਡੀ ਗਿਣਤੀ ਵਿਚ ਵੈਰੀਆਂ ਨੂੰ ਸਦਾ ਦੀ ਨੀਂਦ ਬਖਸ਼ ਕੇ ਬਾਬਾ ਜੀ ਆਪ ਵੀ ਸ਼ਾਹਦਤ ਪ੍ਰਾਪਤ ਕਰ ਗਏ।
ਸਾਹਿਬਜ਼ਾਦਾ ਜੁਝਾਰ ਸਿੰਘ: ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਬਿਕਰਮੀ 1747 (21 ਚੇਤ 1690) ਨੂੰ ਗੁਰੂ ਸਾਹਿਬ ਦੇ ਮਹਿਲ ਮਾਤਾ ਜੀਤੋ ਜੀ ਦੀ ਕੁੱਖੋਂ ਆਨੰਦਪੁਰ ਸਾਹਿਬ ਵਿਖੇ ਹੋਇਆ। ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਹੀ ਜੁਝਾਰ ਸਿੰਘ ਨੂੰ ਵੀ ਘੋੜ-ਸਵਾਰੀ, ਤੀਰਅੰਦਾਜ਼ੀ, ਨੇਜੇ ਅਤੇ ਤਲਵਾਰਬਾਜ਼ੀ ਵਿਚ ਨਿਪੁੰਨ ਸੈਨਿਕ ਬਣਾਇਆ ਗਿਆ। ਗੁਰੂ ਪਿਤਾ ਵੱੱਲੋਂ ਆਪਣੇ ਇਸ ਪੁੱਤਰ ਨੂੰ ਫੌਜੀ ਮੁਹਿੰਮਾਂ ਦਾ ਹਿੱਸੇਦਾਰ ਬਣਨ ਲਈ ਵੀ ਅਕਸਰ ਹੀ ਭੇਜਿਆ ਜਾਂਦਾ ਸੀ। ਇਸ ਹਿੱਸੇਦਾਰੀ ਅਤੇ ਗੁਰੂ ਪਿਤਾ ਦੀ ਯੋਗ ਰਹਿਨੁਮਾਈ ਸਦਕਾ ਸਾਹਿਬਜ਼ਾਦਾ ਜੁਝਾਰ ਸਿੰਘ ਜੂਝਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਸਨ। ਇਸ ਜੂਝਣ ਵਾਲੀ ਬਿਰਤੀ ਕਰਕੇ ਹੀ ਚਮਕੌਰ ਸਾਹਿਬ ਦੇ ਮੈਦਾਨ-ਏ-ਜੰਗ ਵਿਚ ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਦੁਸ਼ਮਣ ਦਲ ਨਾਲ ਲੋਹਾ ਲੈਂਦਾ ਦੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲੱਗ ਪਿਆ। ਰਣ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤਾਂ ਜੁਝਾਰ ਸਿੰਘ ਨੇ ਗੁਰੂ ਪਿਤਾ ਰਣ-ਤੱਤੇ ਵਿੱਚ ਜਾਣ ਦੀ ਬੇਨਤੀ ਕੀਤੀ।
ਸਾਹਿਬਜ਼ਾਦਾ ਜੁਝਾਰ ਸਿੰਘ ਵੱਲੋ ਦਿਖਾਏ ਇਸ ਜੋਸ਼ ਤੇ ਉਤਸ਼ਾਹ ਨੂੰ ਕਵੀ ਸੈਨਾਪਤਿ ਇੰਝ ਬਿਆਨ ਕਰਦਾ ਹੈ:
ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁਚਿਓ ਆਨ।
ਦੌਰਿਓ ਦਲ ਮੈਂ ਧਾਇ ਕੈ ਕਰ ਮੈਂ ਗਹੀ ਕਮਾਨ।
ਸਾਹਿਬਜ਼ਾਦਾ ਜੁਝਾਰ ਸਿੰਘ ਦੇ ਯੁੱਧ-ਚਾਅ ਨੂੰ ਕਵੀ ਰਤਨ ਸਿੰਘ ਭੰਗੂ ਕੁੱਝ ਇਸ ਤਰ੍ਹਾਂ ਬਿਆਨ ਕਰਦਾ ਹੈ:
ਐਸੇ ਰੌਰੇ ਜਬ ਊਹਾਂ ਭਯੋ।
ਸਾਹਬ ਜੁਝਾਰ ਸਿੰਘ ਮਨ ਮੈਂ ਠਯੋ।
ਅਬ ਜੀਵਨ ਕੋ ਕੁਛ ਧ੍ਰਮ ਨਾਹੀਂ।
ਪੁਤ੍ਰ ਜੀਵੈ ਲੜ ਪਿਤਾ ਮਰਾਹੀ।
ਪੁੱਤਰ ਦੇ ਜੰਗੀ-ਜੋਸ਼ ਨੂੰ ਦੇਖ ਕੇ ਗੁਰੂ ਸਾਹਿਬ ਨੇ ਜੁਝਾਰ ਸਿੰਘ ਦੇ ਨਾਲ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ (ਦੋਵੇਂ ਪਿਆਰੇ), ਭਾਈ ਮਿਹਰ ਸਿੰਘ ਅਤੇ ਭਾਈ ਲਾਲ ਸਿੰਘ ਨੂੰ (ਜਥੇ ਦੇ ਰੂਪ ਵਿਚ) ਚਮਕੌਰ ਦੀ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਜਿਉਂ ਹੀ ਇਹ ਪੰਜ ਸ਼ੇਰ ਗੜ੍ਹੀ ’ਚੋਂ ਬਾਹਰ ਆਏ ਤਾਂ ਇਨ੍ਹਾਂ ਨੇ ਵੈਰੀ ਦੀ ਫੌਜ ’ਤੇ ਹੱਲਾ ਬੋਲ ਦਿੱਤਾ। ਇਧਰ ਜੁਝਾਰ ਸਿੰਘ ਆਪਣੇ ਸਾਥੀਆਂ ਸਮੇਤ ਜੂਝ ਰਿਹਾ ਸੀ. ਉਧਰ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ’ਚੋਂ ਤੀਰਾਂ ਦੀ ਬੁਛਾੜ ਕਰ ਰਹੇ ਸਨ। ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਵੈਰੀ ਵੀ ਦੰਗ ਰਹਿ ਗਏ। ਅੰਤ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਸਾਥੀਆਂ ਸਮੇਤ ਕਈ-ਕਈ ਮੁਗਲ ਸਿਪਾਹੀਆਂ ’ਤੇ ਭਾਰੀ ਪੈਂਦੇ ਹੋਏ 8 ਪੋਹ ਸੰਮਤ 1761 ਮੁਤਾਬਕ 22 ਦਸੰਬਰ 1704 ਈ. ਨੂੰ ਸ਼ਹੀਦੀ ਪਾ ਗਏ।
ਸੰਪਰਕ: 94631-32719