ਅਜ਼ਰਬਾਇਜਾਨ ਦਾ ਜਹਾਜ਼ ਰੂਸ ਨੇ ਡੇਗਿਆ ਸੀ: ਅਲੀਯੇਵ
ਬਾਕੂ, 29 ਦਸੰਬਰ
ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਅੱਜ ਆਖਿਆ ਕਿ ਅਜ਼ਰਬਾਇਜਾਨੀ ਜਹਾਜ਼ ਜੋ ਪਿਛਲੇ ਹਫ਼ਤੇ ਹਾਦਸੇ ਦਾ ਸ਼ਿਕਾਰ ਹੋਇਆ ਸੀ, ਨੂੰ ਰੂਸ ਵੱਲੋਂ ਡੇਗਿਆ ਗਿਆ ਸੀ ਪਰ ਅਜਿਹਾ ਅਨਜਾਣੇ ’ਚ ਹੋਇਆ ਸੀ। ਹਾਲਾਂਕਿ ਉਨ੍ਹਾਂ ਨੇ ਕਈ ਦਿਨਾਂ ਤੱਕ ਮਾਮਲੇ ਨੂੰ ਦਬਾਉਣ ਲਈ ਰੂਸ ਦੀ ਆਲੋਚਨਾ ਵੀ ਕੀਤੀ। ਬੁੱਧਵਾਰ ਨੂੰ ਕਜ਼ਾਖਸਤਾਨ ਦੇ ਅਕਤਾਊ ਸ਼ਹਿਰ ਨੇੜੇ ਹਾਦਸੇ ’ਚ ਜਹਾਜ਼ ਦੇ ਪਾਇਲਟ ਸਣੇ 38 ਜਣਿਆਂ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਲੋਕਾਂ ਨੇ ਅੱਜ ਬਾਕੂ ਵਿੱਚ ਕੈਪਟਨ ਆਇਗਰ ਕੇਸ਼ਿਨਾਕਿਨ ਦੀ ਕਬਰ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
ਅਲੀਯੇਵ ਨੇ ਅਜ਼ਰਬਾਇਜਾਨ ਦੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ, ‘‘ਅਸੀਂ ਪੂਰੀ ਸਪੱਸ਼ਟਤਾ ਨਾਲ ਕਹਿ ਸਕਦੇ ਹਾਂ ਕਿ ਜਹਾਜ਼ ’ਤੇ ਰੂਸ ਦੀ ਜ਼ਮੀਨ ਤੋਂ ਹਮਲਾ ਹੋਇਆ ਸੀ। ਹਾਲਾਂਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਇਰਾਦਤਨ ਕੀਤਾ ਗਿਆ।’’ ਉਨ੍ਹਾਂ ਮੁਤਾਬਕ, ‘‘ਬਦਕਿਸਮਤੀ ਨਾਲ ਪਹਿਲੇ ਤਿੰਨ ਦਿਨ ਅਸੀਂ ਰੂਸ ਵੱਲੋਂ ਭਰਮਾਊ ਬਿਆਨਾਂ ਤੋਂ ਇਲਾਵਾ ਕੁਝ ਵੀ ਨਹੀਂ ਸੁਣਿਆ।’’ ਅਲੀਯੇਵ ਨੇ ਜਹਾਜ਼ ਹਾਦਸੇ ਦੇ ਸਬੰਧ ’ਚ ਰੂਸ ਤੋਂ ਤਿੰਨ ਮੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ, ‘‘ਸਭ ਤੋਂ ਪਹਿਲਾਂ ਰੂਸੀ ਧਿਰ ਨੂੰ ਅਜ਼ਰਬਾਇਜਾਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਦੂਜਾ ਉਸ ਨੂੰ ਆਪਣਾ ਗੁਨਾਹ ਕਬੂਲਣਾ ਪਵੇਗਾ। ਤੀਜਾ, ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਉਨ੍ਹਾਂ ਦੀ ਅਪਰਾਧਕ ਜ਼ਿੰਮੇਵਾਰੀ ਤੈਅ ਹੋਵੇ ਅਤੇ ਅਜ਼ਰਬਾਇਜਾਨੀ ਸਰਕਾਰ, ਜ਼ਖਮੀ ਯਾਤਰੀਆਂ ਤੇ ਚਾਲਕ ਅਮਲੇ ਦੇ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।’’ -ਏਪੀ