Azerbaijan's president says crashed jetliner was shot down by Russia, albeit not intentionallyਮਾਸਕੋ, 29 ਦਸੰਬਰਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਹਾਦਸੇ ਦਾ ਸ਼ਿਕਾਰ ਹੋਏ ਅਜ਼ਰਬਾਇਜਾਨੀ ਹਵਾਈ ਜਹਾਜ਼ ’ਤੇ ਰੂਸ ਨੇ ਨਿਸ਼ਾਨਾ ਸੇਧਿਆ ਸੀ। ਹਾਲਾਂਕਿ ਰਾਸ਼ਟਰਪਤੀ ਅਲੀਯੇਵ ਨੇ ਕਿਹਾ ਕਿ ਭਾਵੇਂ ਰੂਸ ਨੇ ਅਣਜਾਣੇ ’ਚ ਜਹਾਜ਼ ਨੂੰ ਨਿਸ਼ਾਨਾ ਬਣਾਇਆ ਪਰ ਜਹਾਜ਼ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਦੇ ਹਮਲੇ ਕਾਰਨ ਹੀ ਹਾਦਸਾਗ੍ਰਸਤ ਹੋਇਆ ਸੀ।ਅਲੀਯੇਵ ਨੇ ਅਜ਼ਰਬਾਇਜਾਨੀ ਸਰਕਾਰੀ ਟੈਲੀਵਿਜ਼ਨ ’ਤੇ ਦੱਸਿਆ ਕਿ ਰੂਸ ਦੇ ਉੱਪਰ ਜਹਾਜ਼ ਜ਼ਮੀਨ ਤੋਂ ਉੱਠ ਰਹੀਆਂ ਅੱਗ ਦੀਆਂ ਲਪਟਾਂ ਦੀ ਲਪੇਟ ’ਚ ਆਉਣ ਕਾਰਨ ਬੇਕਾਬੂ ਹੋ ਗਿਆ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਜਹਾਜ਼ ਅਣਜਾਣੇ ’ਚ ਰੂਸੀ ਹਵਾਈ ਰੱਖਿਆ ਪ੍ਰਣਾਲੀ ਦੇ ਹਮਲੇ ਦਾ ਸ਼ਿਕਾਰ ਹੋਇਆ ਪਰ ਰੂਸ ਕਈ ਦਿਨਾਂ ਤੋਂ ਇਸ ਮੁੱਦੇ ਨੂੰ ‘ਛੁਪਾਉਣ’ ਦੀ ਕੋਸ਼ਿਸ਼ ਕਰ ਰਿਹਾ ਹੈ।ਬੁੱਧਵਾਰ ਨੂੰ ਹੋਏ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 67 ਵਿੱਚੋਂ 38 ਲੋਕਾਂ ਦੀ ਮੌਤ ਹੋ ਗਈ ਸੀ। ਕ੍ਰੈਮਲਿਨ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਚੇਚਨੀਆ ਦੇ ਰੂਸੀ ਗਣਰਾਜ ਦੀ ਖੇਤਰੀ ਰਾਜਧਾਨੀ ਗਰੋਜ਼ਨੀ ਦੇ ਨੇੜੇ ਗੋਲੀਬਾਰੀ ਕਰ ਰਹੀ ਸੀ, ਜਿੱਥੇ ਜਹਾਜ਼ ਨੇ ਯੂਕਰੇਨੀ ਡਰੋਨ ਹਮਲੇ ਨੂੰ ਟਾਲਣ ਲਈ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ।ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ਨਿਚਰਵਾਰ ਨੂੰ ਆਪਣੇ ਅਜ਼ਬਾਇਜਾਨੀ ਹਮਰੁਤਬਾ ਇਲਹਾਮ ਅਲੀਯੇਵ ਤੋਂ ਮੁਆਫੀ ਮੰਗੀ, ਉਨ੍ਹਾਂ ਇਸ ਨੂੰ ‘ਦੁਖਦਾਈ ਘਟਨਾ’ ਕਿਹਾ ਪਰ ਹਾਦਸੇ ਲਈ ਮਾਸਕੋ ਤਰਫ਼ੋਂ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। -ਏਪੀ