For the best experience, open
https://m.punjabitribuneonline.com
on your mobile browser.
Advertisement

Punjab News ਆਜ਼ਾਦੀ ਘੁਲਾਟੀਏ ਅਤੇ ਜਵਾਈ ਨੂੰ ‘ਗਾਇਬ’ ਕਰਨ ਦੇ 32 ਸਾਲ ਪੁਰਾਣੇ ਕੇਸ ’ਚ ਸਾਬਕਾ ਐੱਸਐੱਚਓ ਦੋਸ਼ੀ ਕਰਾਰ

05:43 AM Dec 19, 2024 IST
punjab news ਆਜ਼ਾਦੀ ਘੁਲਾਟੀਏ ਅਤੇ ਜਵਾਈ ਨੂੰ ‘ਗਾਇਬ’ ਕਰਨ ਦੇ 32 ਸਾਲ ਪੁਰਾਣੇ ਕੇਸ ’ਚ ਸਾਬਕਾ ਐੱਸਐੱਚਓ ਦੋਸ਼ੀ ਕਰਾਰ
ਬੀਬੀ ਸੁਖਵੰਤ ਕੌਰ ਆਪਣੇ ਪਤੀ ਅਤੇ ਪਿਤਾ ਦੀਆਂ ਫੋਟੋਆਂ ਨਾਲ।
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਦਸੰਬਰ
ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਅਗਵਾ, ਗ਼ੈਰਕਾਨੂੰਨੀ ਹਿਰਾਸਤ ਅਤੇ ਲਾਪਤਾ ਕਰਨ ਦੇ ਮਾਮਲੇ ’ਚ ਥਾਣਾ ਸਰਹਾਲੀ (ਤਰਨ ਤਾਰਨ) ਦੇ ਤਤਕਾਲੀ ਐੱਸਐੱਚਓ ਸੁਰਿੰਦਰਪਾਲ ਸਿੰਘ ਨੂੰ ਧਾਰਾ 120ਬੀ, 342, 364, 365 ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 23 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਜੇਲ੍ਹ ਵਿੱਚ ਬੰਦ ਸੁਰਿੰਦਰਪਾਲ ਸਿੰਘ ਨੇ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿੱਚ ਪੇਸ਼ੀ ਭੁਗਤੀ। ਸਾਬਕਾ ਐੱਸਐੱਚਓ ਸੁਰਿੰਦਰਪਾਲ ਸਿੰਘ ’ਤੇ ਸੁਤੰਤਰਤਾ ਸੈਨਾਨੀ ਸੁਲੱਖਣ ਸਿੰਘ ਵਾਸੀ ਭਨਕਾ ਅਤੇ ਉਸ ਦੇ ਜਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਪੋਕੇ (ਤਰਨ ਤਾਰਨ) ਦੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ 31 ਅਕਤੂਬਰ 1990 ਨੂੰ ਨਾਜਾਇਜ਼ ਹਿਰਾਸਤ ਵਿੱਚ ਲੈਣ ਦਾ ਦੋਸ਼ ਹੈ। ਸੁਲੱਖਣ ਸਿੰਘ ਆਜ਼ਾਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ’ਚੋਂ ਇਕ ਸਨ। ਪੀੜਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਜਿਸ ਥਾਣੇਦਾਰ ਏਐੱਸਆਈ ਅਵਤਾਰ ਸਿੰਘ ਨੇ ਦੋਵਾਂ ਨੂੰ ਚੁੱਕਿਆ ਸੀ, ਉਸ ਨੇ ਪੀੜਤ ਪਰਿਵਾਰ ਨੂੰ ਇਹ ਦੱਸਿਆ ਸੀ ਕਿ ਸੁਲੱਖਣ ਸਿੰਘ ਅਤੇ ਸੁਖਦੇਵ ਸਿੰਘ ਨੂੰ ਐੱਸਐੱਚਓ ਸੁਰਿੰਦਰਪਾਲ ਸਿੰਘ ਨੇ ਪੁੱਛ-ਪੜਤਾਲ ਲਈ ਸੱਦਿਆ ਹੈ। ਬਾਅਦ ਵਿੱਚ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਸਾਲ 2003 ਵਿੱਚ ਕੁਝ ਪੁਲੀਸ ਮੁਲਾਜ਼ਮਾਂ ਨੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨਾਲ ਸੰਪਰਕ ਕਰਕੇ ਉਸ ਦੇ ਖਾਲੀ ਦਸਤਾਵੇਜ਼ਾਂ ’ਤੇ ਦਸਖ਼ਤ ਕਰਵਾ ਲਏ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦਾ ਮੌਤ ਦਾ ਸਰਟੀਫਿਕੇਟ ਸੌਂਪ ਦਿੱਤਾ, ਜਿਸ ਵਿੱਚ 8 ਜੁਲਾਈ 1993 ਨੂੰ ਉਸ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ। ਪੀੜਤ ਪਰਿਵਾਰ ਅਨੁਸਾਰ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਦੀ ਮੌਤ ਤਸ਼ੱਦਦ ਕਾਰਨ ਹੋਈ ਸੀ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਹਰੀਕੇ ਨਹਿਰ ਵਿੱਚ ਸੁੱਟ ਦਿੱਤੀਆਂ ਸਨ। ਮੁੱਢਲੀ ਪੁੱਛ-ਪੜਤਾਲ ਦੌਰਾਨ ਸੀਬੀਆਈ ਨੇ 20 ਨਵੰਬਰ 1996 ਨੂੰ ਸੁਖਵੰਤ ਕੌਰ ਦੇ ਬਿਆਨ ਦਰਜ ਕੀਤੇ, ਜਿਸ ਦੇ ਆਧਾਰ ’ਤੇ 6 ਮਾਰਚ 1997 ਨੂੰ ਉਸ ਸਮੇਂ ਦੇ ਐੱਸਐੱਚਓ ਸੁਰਿੰਦਰਪਾਲ ਸਿੰਘ ਅਤੇ ਏਐੱਸਆਈ ਅਵਤਾਰ ਸਿੰਘ ਸਮੇਤ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। 2000 ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ, ਜਿਸ ਨੂੰ ਸੀਬੀਆਈ ਕੋਰਟ ਪਟਿਆਲਾ ਨੇ 2002 ’ਚ ਰੱਦ ਕਰ ਦਿੰਦਿਆਂ ਜਾਂਚ ਦੇ ਹੁਕਮ ਦਿੱਤੇ। 2009 ’ਚ ਸੀਬੀਆਈ ਨੇ ਸੁਰਿੰਦਰਪਾਲ ਤੇ ਅਵਤਾਰ ਸਿੰਘ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।

Advertisement

ਖਾਲੜਾ ਕਤਲ ਕੇਸ ’ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹੈ ਦੋਸ਼ੀ

ਦੋਸ਼ੀ ਸੁਰਿੰਦਰਪਾਲ ਸਿੰਘ, ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਪਿੰਡ ਜੀਓ ਬਾਲਾ (ਤਰਨਤਾਰਨ) ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ਵਿੱਚ ਵੀ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਾਮਲੇ ਵਿੱਚ ਸ਼ਾਮਲ ਏਐੱਸਆਈ ਅਵਤਾਰ ਸਿੰਘ ਦੀ ਮੌਤ ਹੋ ਚੁੱਕੀ ਹੈ।

Advertisement

Advertisement
Author Image

joginder kumar

View all posts

Advertisement