ਅਯੁੱਧਿਆ: ਰਾਮ ਮੰਦਰ ਸਮਾਗਮਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ
ਨਵੀਂ ਦਿੱਲੀ/ਅਯੁੱਧਿਆ, 19 ਜਨਵਰੀ
ਅਯੁੱਧਿਆ ਦੇ ਰਾਮ ਮੰਦਰ ਦੇ ਸਮਾਗਮਾਂ ਦੇ ਮੱਦੇਨਜ਼ਰ ਜਿੱਥੇ ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਹਨ ਉੱਥੇ ਹੀ ਇੱਥੇ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਭੂਚਾਲ ਤੇ ਹੜ੍ਹਾਂ ਜਿਹੀਆਂ ਘਟਨਾਵਾਂ ਦੇ ਨਾਲ ਹੀ ਰਾਸਾਇਣਕ, ਜੈਵਿਕ, ਰੇਡੀਆਲੋਜੀਕਲ ਤੇ ਪਰਮਾਣੂ ਹਮਲਿਆਂ ਨਾਲ ਨਜਿੱਠਣ ਲਈ ਐੱਨਡੀਆਰਐੱਫ ਦੀਆਂ ਟੀਮਾਂ ਅਯੁੱਧਿਆ ’ਚ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਸ਼ਹਿਰ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ’ਚ ਬੈੱਡ ਰਾਖਵੇਂ ਰੱਖੇ ਗਏ ਹਨ ਤੇ ਏਮਸ ਦੇ ਮਾਹਰਾਂ ਨੇ ਅਯੁੱਧਿਆ ’ਚ ਸਿਹਤ ਸੰਭਾਲ ਸੰਸਥਾਵਾਂ ’ਚ ਡਾਕਟਰਾਂ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਗਈ ਹੈ। ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੁਲ ਕੜਵਾਲ ਨੇ ਦੱਸਿਆ ਕਿ ਇਹ ਟੀਮਾਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਯੁੱਧਿਆ ’ਚ ਅਭਿਆਸ ਕਰ ਰਹੀਆਂ ਹਨ। ਉਨ੍ਹਾਂ ਨਵੀਂ ਦਿੱਲੀ ’ਚ ਐੱਨਡੀਆਰਐੱਫ ਦੇ 19ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਕਿਹਾ, ‘ਐੱਨਡੀਆਰਐੱਫ ਦੀਆਂ ਕਈ ਟੀਮਾਂ, ਦਿੱਲੀ ’ਚ ਹਾਲ ਹੀ ਵਿੱਚ ਮੁਕੰਮਲ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਖਰੀਦੇ ਗਏ ਹਜ਼ਮਤ ਵਾਹਨ ਅਯੁੱਧਿਆ ’ਚ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਫਤ ਜਾਂ ਪ੍ਰੇਸ਼ਾਨੀ ਨਾਲ ਅਸਰਦਾਰ ਢੰਗ ਨਾਲ ਨਜਿੱਠਿਆ ਜਾ ਸਕੇ।’ ਕੜਵਾਲ ਨੇ ਕਿਹਾ ਕਿ ਸਾਡੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਅਯੁੱਧਿਆ ’ਚ ਤਾਇਨਾਤ ਹਨ। ਇਹ ਟੀਮਾਂ 22 ਜਨਵਰੀ ਦੇ ਸਮਾਗਮ ਤੋਂ ਬਾਅਦ ਵੀ ਅਯੁੱਧਿਆ ’ਚ ਉਦੋਂ ਤੱਕ ਤਾਇਨਾਤ ਰਹਿਣਗੀਆਂ ਜਦੋਂ ਤੱਕ ਸ਼ਹਿਰ ’ਚ ਸ਼ਰਧਾਲੂਆਂ ਦੀ ਭੀੜ ਬਣੀ ਰਹੇਗੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਐੱਨਡੀਆਰਐੱਫ ਦੀ ਗੋਤਾਖੋਰ ਟੀਮਾਂ ਨੂੰ ਸਰਯੂ ਨਦੀ ਤੇ ਸ਼ਹਿਰ ਦੇ ਹੋਰ ਜਲ ਸਰੋਤਾਂ ਨੇੜੇ ਤਾਇਨਾਤ ਕੀਤਾ ਗਿਆ ਤਾਂ ਜੋ ਕਿਸੇ ਵੀ ਡੁੱਬਣ ਨਾਲ ਸਬੰਧਤ ਘਟਨਾ ਨਾਲ ਨਜਿੱਠਿਆ ਜਾ ਸਕੇ। ਐੱਨਡੀਆਰਐੱਫ ਦੀ 2006 ’ਚ ਅੱਜ ਦੇ ਹੀ ਦਿਨ ਸਥਾਪਨਾ ਹੋਈ ਸੀ ਅਤੇ ਇਸ ਸਮੇਂ ਉਸ ਦੀਆਂ 16 ਬਟਾਲੀਅਨਾਂ ਤੇ 25 ਖੇਤਰੀ ਕੇਂਦਰਾਂ ਤਹਿਤ ਦੇਸ਼ ਭਰ ’ਚ 18 ਹਜ਼ਾਰ ਪੁਰਸ਼ ਤੇ ਮਹਿਲਾ ਕਰਮੀ ਤਾਇਨਾਤ ਹਨ। ਇਸੇ ਤਰ੍ਹਾਂ ਮੰਦਰ ’ਚ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਮੱਦੇਨਜ਼ਰ ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਸਬੰਧੀ ਤੇ ਖਾਸ ਕਰਕੇ ਕੜਾਕੇ ਦੀ ਠੰਢ ਨੂੰ ਦੇਖਦਿਆਂ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਦਾ ਪ੍ਰਬੰਧ ਕੀਤਾ ਹੈ। -ਪੀਟੀਆਈ
ਸ਼ਰਧਾਲੂਆਂ ’ਚ ਅਯੁੱਧਿਆ ਪਹੁੰਚਣ ਦਾ ਜਨੂੰਨ
ਅਯੁੱਧਿਆ: ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ’ਤੇ ਕੜਾਕੇ ਦੀ ਠੰਢ ਦਾ ਵੀ ਕੋਈ ਅਸਰ ਨਹੀਂ ਹੈ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਇੱਥੇ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਹੋਣ ਲਈ ਸਕੇਟਿੰਗ ਕਰਕੇ, ਸਾਈਕਲ ਚਲਾ ਕੇ ਜਾਂ ਫਿਰ ਪੈਦਲ ਹੀ ਯਾਤਰਾ ਪੂਰੀ ਕਰਕੇ ਪਹੁੰਚ ਰਹੇ ਹਨ। ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਦਾ ਰਹਿਣ ਵਾਲਾ ਨਿਤੀਸ਼ ਕੁਮਾਰ ਸਾਈਕਲ ’ਤੇ 600 ਕਿਲੋਮੀਟਰ ਤੋਂ ਵੱਧ ਦਾ ਸਫਰ ਕਰਕੇ ਅਯੁੱਧਿਆ ਪਹੁੰਚਿਆ ਹੈ। ਉਸ ਨੇ ਕਿਹਾ ਕਿ ਉਸ ਨੂੰ 615 ਕਿਲੋਮੀਟਰ ਦੀ ਯਾਤਰਾ ਪੂਰੀ ਕਰਨ ’ਚ 7 ਦਿਨ ਲੱਗੇ। ਉਸ ਨੇ ਆਪਣੇ ਸਾਈਕਲ ਨੂੰ ਝੰਡਿਆਂ ਨਾਲ ਸਜਾਇਆ ਹੋਇਆ ਹੈ ਜਿਨ੍ਹਾਂ ’ਤੇ ਜੈ ਸ੍ਰੀਰਾਮ ਲਿਖਿਆ ਹੋਇਆ ਹੈ। ਗਿੰਨੀਜ਼ ਬੁੱਕ ਆਫ ਰਿਕਾਰਡਜ਼ ’ਚ ਸਭ ਤੋਂ ਲੰਮਾ ਸਮਾਂ ‘ਡਾਂਸ ਮੈਰਾਥਨ’ (124 ਘੰਟੇ) ਦਾ ਰਿਕਾਰਡ ਆਪਣੇ ਨਾਂ ਕਰਨ ਵਾਲੀ ਸੋਨੀ ਚੌਰਸੀਆ ਨੂੰ ਵੀ ਸਮਾਗਮਾਂ ਲਈ ਸੱਦਾ ਦਿੱਤਾ ਗਿਆ ਤੇ ਉਹ ਵਾਰਾਨਸੀ ਤੋਂ ਸਕੇਟਿੰਗ ਕਰਦੀ ਹੋਈ ਅਯੁੱਧਿਆ ਜਾ ਰਹੀ ਹੈ। ਉਸ ਨੇ ਦੱਸਿਆ ਕਿ ਉਹ 17 ਜਨਵਰੀ ਨੂੰ ਵਾਰਾਨਸੀ ਤੋਂ ਰਵਾਨਾ ਹੋਈ ਤੇ 22 ਜਨਵਰੀ ਤੱਕ ਅਯੁੱਧਿਆ ਪਹੁੰਚ ਜਾਵੇਗੀ। ਰਾਜਸਥਾਨ ਦੇ ਕੋਟਪੁਤਲੀ ਤੋਂ 16 ਜਨਵਰੀ ਨੂੰ ਸਕੇਟਸ ’ਤੇ ਅਯੁੱਧਿਆ ਲਈ ਨਿਕਲਿਆ ਸਿਰਫ਼ 10 ਸਾਲਾ ਹਿਮਾਂਸ਼ੂ ਸੋਨੀ 704 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਟੀਚਾ ਮਿੱਥ ਕੇ ਚੱਲ ਰਿਹਾ ਹੈ। ਹਿੰਦੂ-ਮੁਸਲਿਮ ਏਕਤਾ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਸ਼ਬਨਮ ਸ਼ੇਖ ਮੁੰਬਈ ਤੋਂ ਅਯੁੱਧਿਆ (ਤਕਰੀਬਨ 1400 ਕਿਲੋਮੀਟਰ) ਤੱਕ ਪੈਦਲ ਯਾਤਰਾ ਕਰ ਰਹੀ ਹੈ। -ਪੀਟੀਆਈ
ਸਮਾਗਮ ਦੇ ਮਹਿਮਾਨਾਂ ਦੀ ਸੂਚੀ ’ਚ ਅੰਬਾਨੀ, ਅਮਿਤਾਭ ਤੇ ਹੋਰ ਸ਼ਾਮਲ
ਅਯੁੱਧਿਆ: ਅਗਲੇ ਹਫ਼ਤੇ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਦੀ ਸੂਚੀ ਵਿਚ ਅਰਬਪਤੀ ਮੁਕੇਸ਼ ਅੰਬਾਨੀ ਤੋਂ ਲੈ ਕੇ ਬੌਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਤੱਕ ਸ਼ਾਮਲ ਹਨ। ਸੂਚੀ ਵਿਚ ਕਰੀਬ 8000 ਲੋਕ ਹਨ ਜਿਨ੍ਹਾਂ ਵਿਚ ਪ੍ਰਮੁੱਖ ਸਿਆਸੀ ਸ਼ਖਸੀਅਤਾਂ, ਮੋਹਰੀ ਕਾਰੋਬਾਰੀ, ਚੋਟੀ ਦੇ ਫਿਲਮੀ ਤੇ ਖੇਡ ਸਿਤਾਰੇ, ਅਧਿਕਾਰੀ ਤੇ ਕੂਟਨੀਤਕ ਸ਼ਾਮਲ ਹਨ। ਸੂਚੀ ਮੁਤਾਬਕ ਬੱਚਨ ਇਕ ਪ੍ਰਾਈਵੇਟ ਜਹਾਜ਼ ਵਿਚ ਅਯੁੱਧਿਆ ਪਹੁੰਚਣਗੇ। ਉਨ੍ਹਾਂ ਤੋਂ ਇਲਾਵਾ ਅਜੈ ਦੇਵਗਨ, ਅਕਸ਼ੈ ਕੁਮਾਰ, ਅਲੂ ਅਰਜੁਨ, ਚਿਰੰਜੀਵੀ ਤੇ ਹੋਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸੂਚੀ ਵਿਚ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਮਾਂ ਕੋਕਿਲਾਬੇਨ, ਪਤਨੀ ਨੀਤਾ ਤੇ ਪਰਿਵਾਰ ਦੇ ਹੋਰ ਮੈਂਬਰ ਸ਼ਾਮਲ ਹਨ। ਪ੍ਰਮੁੱਖ ਕਾਰੋਬਾਰੀ ਕੁਮਾਰ ਮੰਗਲਮ ਬਿਰਲਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੱਦਿਆ ਗਿਆ ਹੈ। -ਪੀਟੀਆਈ
ਰਾਮ ਲੱਲਾ ਦੀ ਮੂਰਤੀ ਦੀ ਤਸਵੀਰ ਜਾਰੀ
ਅਯੁੱਧਿਆ: ਅਯੁੱਧਿਆ ’ਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਤਿੰਨ ਪਹਿਲਾਂ ਅੱਜ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਤਸਵੀਰ ਜਾਰੀ ਕਰ ਦਿੱਤੀ ਗਈ ਹੈ। ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰ ਸ਼ਰਦ ਸ਼ਰਮਾ ਨੇ ਦੱਸਿਆ ਕਿ ਕਾਲੇ ਪੱਥਰ ਨਾਲ ਬਣੀ ਇਸ ਮੂਰਤੀ ਦੀਆਂ ਅੱਖਾਂ ’ਤੇ ਪੀਲੇ ਰੰਗ ਦਾ ਕੱਪੜਾ ਬੰਨ੍ਹਿਆ ਹੋਇਆ ਹੈ ਅਤੇ ਮੂਰਤੀ ਨੂੰ ਗੁਲਾਬ ਦੇ ਫੁੱਲਾਂ ਦੀ ਮਾਲਾ ਪਹਿਨਾਈ ਗਈ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਰਾਮ ਲੱਲਾ ਦੀ ਤਸਵੀਰ ਜਾਰੀ ਕੀਤੀ ਹੈ। ਅਯੁੱਧਿਆ ਸਥਿਤ ਰਾਮ ਮੰਦਰ ’ਚ ਇਸ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਭਗਵਾਨ ਰਾਮ ਦੀ ਨਵੀਂ ਮੂਰਤੀ ਬੀਤੇ ਦਿਨ ਬਾਅਦ ਦੁਪਹਿਰ ਰਾਮ ਜਨਮਭੂਮੀ ਮੰਦਰ ਦੇ ਗਰਭ ਗ੍ਰਹਿ ’ਚ ਸਥਾਪਤ ਕੀਤੀ ਗਈ ਸੀ। ਮੈਸੂਰ ਦੇ ਕਲਾਕਾਰ ਅਰੁਣ ਯੋਗੀਰਾਜ ਵੱਲੋਂ ਬਣਾਈ ਗਈ 51 ਇੰਚ ਦੀ ਰਾਮ ਲੱਲਾ ਦੀ ਮੂਰਤੀ ਲੰਘੀ ਰਾਤ ਮੰਦਰ ’ਚ ਲਿਆਂਦੀ ਗਈ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਮੰਦਰ ਦੇ ਪ੍ਰਧਾਨ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਹੋਣਗੇ ਜਿਸ ਤੋਂ ਅਗਲੇ ਦਿਨ ਮੰਦਰ ਜਨਤਾ ਲਈ ਖੋਲ੍ਹੇ ਜਾਣ ਦੀ ਉਮੀਦ ਹੈ। -ਪੀਟੀਆਈ