Ayodhya Ram Mandir: ਅਯੁੱਧਿਆ ਰਾਮ ਮੰਦਰ ਦੇ 'ਦਰਸ਼ਨ' ਦਾ ਸਮਾਂ ਵਧਾਇਆ, ਜਾਣੋ ਕੀ ਹੋਈ ਤਬਦੀਲੀ
ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਕੀਤਾ ਫ਼ੈਸਲਾ
ਅਯੁੱਧਿਆ, 7 ਫਰਵਰੀ
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਯੁੱਧਿਆ ਸਥਿਤ ਰਾਮ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਅਯੁੱਧਿਆ ਦੇ ਰਾਮ ਮੰਦਰ ਵਿੱਚ 'ਦਰਸ਼ਨ' ਅਤੇ ਰਸਮਾਂ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਗਿਆ ਹੈ। ਇਸ ਫ਼ੈਸਲੇ ਤਹਿਤ ਹੁਣ ਮੰਦਰ ਦੇ ਕਰਸ਼ਨ ਸਵੇਰੇ 7 ਵਜੇ ਦੀ ਥਾਂ ਸਵੇਰੇ 6 ਵਜੇ ਤੋਂ ਹੀ ਕੀਤੇ ਜਾ ਸਕਣਗੇ।
ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ (Shri Ram Janmabhoomi Teerth Kshetra Trust) ਅਨੁਸਾਰ ਮੰਦਰ ਹੁਣ ਰੋਜ਼ਾਨਾ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ। ਇਸ ਤੋਂ ਪਹਿਲਾਂ 'ਮੰਗਲਾ ਆਰਤੀ' ਸਵੇਰੇ 4 ਵਜੇ ਹੋਵੇਗੀ, ਜਿਸ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤੇ ਜਾਣਗੇ। 'ਸ਼੍ਰਿੰਗਾਰ ਆਰਤੀ' ਸਵੇਰੇ 6 ਵਜੇ ਹੋਵੇਗੀ, ਜਿਸ ਨਾਲ ਮੰਦਰ ਜਨਤਾ ਲਈ ਖੁੱਲ੍ਹੇਗਾ।
ਮੰਦਰ ਟਰੱਸਟ ਨੇ ਕਿਹਾ ਕਿ 'ਰਾਜਭੋਗ' ਦੁਪਹਿਰ 12 ਵਜੇ ਚੜ੍ਹਾਇਆ ਜਾਵੇਗਾ, ਜਿਸ ਦੌਰਾਨ ਸ਼ਰਧਾਲੂਆਂ ਨੂੰ 'ਦਰਸ਼ਨ' ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। 'ਸੰਧਿਆ ਆਰਤੀ' ਸ਼ਾਮ 7 ਵਜੇ ਤੈਅ ਹੈ ਜਿਸ ਦੌਰਾਨ ਮੰਦਰ ਦੇ ਦਰਵਾਜ਼ੇ ਦੁਬਾਰਾ ਖੁੱਲ੍ਹਣ ਤੋਂ ਪਹਿਲਾਂ 15 ਮਿੰਟ ਲਈ ਬੰਦ ਰਹਿਣਗੇ।
'ਸ਼ਯਨ ਆਰਤੀ' ਰਾਤ 9.30 ਵਜੇ ਦੀ ਬਜਾਏ ਰਾਤ 10 ਵਜੇ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮੰਦਰ ਰਾਤ ਲਈ ਬੰਦ ਹੋ ਜਾਵੇਗਾ।
ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਦਲਾਅ ਕੀਤੇ ਗਏ ਹਨ, ਜਿਸ ਨਾਲ 'ਦਰਸ਼ਨ' ਦੇ ਸਮੇਂ ਨੂੰ ਸਵੇਰੇ ਲਗਭਗ 90 ਮਿੰਟ ਅਤੇ ਸ਼ਾਮ ਨੂੰ 30 ਮਿੰਟ ਤੱਕ ਵਧਾਇਆ ਗਿਆ ਹੈ। ਟਰੱਸਟ ਨੇ ਕਿਹਾ ਕਿ ਸ਼ਰਧਾਲੂਆਂ ਨੂੰ 'ਪ੍ਰਸਾਦ' ਭੇਟਾਂ ਦੌਰਾਨ 'ਦਰਸ਼ਨ' ਕਰਨ ਦੀ ਵੀ ਆਗਿਆ ਦਿੱਤੀ ਜਾਵੇਗੀ।
ਗ਼ੌਰਤਲਬ ਹੈ ਕਿ 3 ਫਰਵਰੀ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ 26 ਜਨਵਰੀ ਤੋਂ 'ਬਸੰਤ ਪੰਚਮੀ' (3 ਫਰਵਰੀ) ਵਿਚਕਾਰ ਇੱਕ ਕਰੋੜ ਤੋਂ ਵੱਧ ਸ਼ਰਧਾਲੂ ਪਵਿੱਤਰ ਸ਼ਹਿਰ ਅਯੁੱਧਿਆ ਦੇ ਦਰਸ਼ਨ ਕਰਨ ਲਈ ਪੁੱਜੇ, ਜਿਹੜਾ ਇੱਕ ਨਵਾਂ ਰਿਕਾਰਡ ਹੈ। ਰਾਮ ਮੰਦਰ ਅਯੁੱਧਿਆ ਦਾ ਅਧਿਆਤਮਿਕ ਕੇਂਦਰ ਬਣਿਆ ਹੋਇਆ ਹੈ, ਜਿਸ ਦੌਰਾਨ ਰੋਜ਼ਾਨਾ ਲਗਭਗ 3 ਲੱਖ ਸ਼ਰਧਾਲੂ ਪੁੱਜਦੇ ਹਨ। -ਪੀਟੀਆਈ