ਅਯੁੱਧਿਆ ਜਾਂ ਸਾਕੇਤ: ਧਾਰਮਿਕ ਤੇ ਇਤਿਹਾਸਕ ਪਰਿਪੇਖ
ਅਮਨਦੀਪ ਸਿੰਘ ਸੇਖੋਂ
ਅਤੀਤ ਕਦੇ ਮਰਦਾ ਨਹੀਂ। ਭੂਤਕਾਲ ਦੇ ਭੂਤ ਵਾਰ-ਵਾਰ ਉੱਠ ਕੇ ਸਾਡੇ ਵਰਤਮਾਨ ਉੱਤੇ ਕਬਜ਼ਾ ਕਰਦੇ ਹਨ। ਜੋ ਬੀਤ ਗਿਆ ਸੋ ਬੀਤ ਗਿਆ, ਆਖ ਕੇ ਜਿਉਂ ਹੀ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਨਾ ਕੋਈ ਜਾਦੂਗਰ ਆਉਂਦਾ ਹੈ ਅਤੇ ਅਤੀਤ ਦੇ ਸੰਦੂਕ ਵਿੱਚੋਂ ਕੋਈ ਨਵਾਂ ਮੰਤਰ ਕੱਢ ਕੇ ਸਾਡੇ ਸਿਰਾਂ ‘ਤੇ ਧੂੜ ਦਿੰਦਾ ਹੈ। ਇਨ੍ਹਾਂ ਮੰਤਰਾਂ ਨਾਲ ਕੀਲੀਆਂ ਹੋਈਆਂ ਕਠਪੁਤਲੀਆਂ ਜਦੋਂ ਤਾਂਡਵ ਨਾਚ ਕਰਦੀਆਂ ਹਨ ਤਾਂ ਹਰ ਉਹ ਜ਼ੁਬਾਨ ਡਰ ਨਾਲ ਠਾਕੀ ਜਾਂਦੀ ਹੈ, ਜਿਸ ਦੀ ਸਹਿਜ ਬੁੱਧੀ ਉੱਤੇ ਜਾਦੂਗਰ ਦੇ ਮੰਤਰ ਦਾ ਕਬਜ਼ਾ ਨਹੀਂ ਹੋਇਆ ਹੁੰਦਾ। ਰਾਮ ਮੰਦਿਰ ਵੀ ਅਜਿਹਾ ਹੀ ਮੰਤਰ ਹੈ ਜਿਸਨੂੰ ਸਿਆਸਤ ਦੇ ਕਈ ਜਾਦੂਗਰਾਂ ਨੇ ਸਮੇਂ-ਸਮੇਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ।
ਰਾਮ-ਕਥਾ ਭਾਰਤੀ ਬਰ-ਏ-ਸਗ਼ੀਰ (ਉਪ ਮਹਾਂਦੀਪ) ਅਤੇ ਇਸਦੇ ਆਸ-ਪਾਸ ਦੇ ਕਈ ਦੇਸ਼ਾਂ ਦੀ ਲੋਕਾਈ ਨੂੰ ਟੁੰਬਦੀ ਰਹੀ ਹੈ। ਫਾਦਰ ਕੈਮੀਲ ਬਕਲੇ ਨੇ ਦੁਨੀਆਂ ਭਰ ਵਿਚ ਤਿੰਨ ਸੌ ਰਾਮ ਕਥਾਵਾਂ ਹੋਣ ਦਾ ਦਾਅਵਾ ਕੀਤਾ ਸੀ ਜਿਸ ਦੇ ਅਧਾਰ ਉੱਤੇ ਏ.ਕੇ. ਰਾਮਾਨੁਜਨ ਨੇ ਇਕ ਲੇਖ ‘ਥ੍ਰੀ ਹੰਡਰਡ ਰਾਮਾਇਨਾਜ਼’ ਲਿਖਿਆ, ਜੋ ਕਈ ਸਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਪੜ੍ਹਾਇਆ ਜਾਂਦਾ ਰਿਹਾ। ਇਸ ਲੇਖ ਨੂੰ ਹੁਣ ਸਿਲੇਬਸ ਤੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਇਹ ਰਾਮ-ਕਥਾ ਦੇ ਕਈ ਨਿੱਖੜਵੇਂ ਪਾਠਾਂ ਦੀ ਗੱਲ ਕਰਦਾ ਹੈ, ਜਦਕਿ ਹਿੰਦੂਤਵੀ ਤਾਕਤਾਂ ਵਾਲਮੀਕੀ ਦੀ ਰਾਮਾਇਣ ਅਤੇ ਤੁਲਸੀਦਾਸ ਦੀ ਰਾਮ ਚਰਿਤਮਾਨਸ ਨੂੰ ਸਟੈਂਡਰਡ ਮੰਨਦੀਆਂ ਹਨ।
ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਕਿ ਰਾਮ ਦਾ ਨਾਂ ਥਾਈਲੈਂਡ ਵਿਚ ਵੀ ਲਿਆ ਜਾਂਦਾ ਹੈ ਪਰ ਸ਼ਾਇਦ ਸਾਨੂੰ ਇਹ ਤੱਥ ਗਵਾਰਾ ਨਾ ਹੋਵੇ ਕਿ ਥਾਈਲੈਂਡ ਦੇ ਇਕ ਪੁਰਾਤਨ ਸ਼ਹਿਰ ਦਾ ਨਾਂ ਵੀ ਅਯੁੱਥਿਆ ਹੈ, ਜੋ 1350 ਤੋਂ 1767 ਈਸਵੀ ਤੱਕ ਥਾਈਲੈਂਡ ਦੀ ਰਾਜਧਾਨੀ ਸੀ। ਅਸੀਂ ਇਸ ਗੱਲ ‘ਤੇ ਤਸੱਲੀ ਕਰ ਸਕਦੇ ਹਾਂ ਕਿ ਭਾਰਤੀ ਅਯੁੱਧਿਆ ਦੀ ਖੋਜ ਥਾਈਲੈਂਡ ਦੀ ਅਯੁੱਥਿਆ ਤੋਂ ਪਹਿਲਾਂ ਹੋ ਗਈ ਸੀ। ਹਰ ਰਾਮ-ਕਥਾ ਵਿਚ ਰਾਮ ਦੀ ਰਾਜਧਾਨੀ ਦਾ ਨਾਂ ਅਯੁੱਧਿਆ ਸੀ ਪਰ ਇਸ ਨਾਂ ਦਾ ਕੋਈ ਨਗਰ ਭਾਰਤ ਵਿਚ ਨਹੀਂ ਸੀ ਮਿਲਦਾ। ਗੁਪਤ ਵੰਸ਼ ਦੇ ਪ੍ਰਸਿੱਧ ਰਾਜੇ ਚੰਦਰਗੁਪਤ ਵਿਕ੍ਰਮਾਦਿੱਤਿਆ (ਰਾਜਕਾਲ 380 ਈਸਵੀ ਤੋਂ 415 ਈਸਵੀ) ਨੇ ਇਸ ਨਗਰ ਦੀ ਖੋਜ ਕੀਤੀ। ਇਹ ਖੋਜ ਕਿਵੇਂ ਹੋਈ ਇਸ ਬਾਰੇ ਅਯੁੱਧਿਆ ਵਿਚ ਪ੍ਰਚਲਿਤ ਲੋਕ ਮਾਨਤਾਵਾਂ ਦੱਸਦੀਆਂ ਹਨ ਕਿ ਰਾਜਾ ਵਿਕਰਮਾਦਿੱਤਿਆ ਨੇ ਇਕ ਗਾਂ ਅਤੇ ਉਸਦੇ ਵੱਛੇ ਨੂੰ ਖੁੱਲ੍ਹਾ ਛੱਡ ਦਿੱਤਾ। ਜਿਸ ਥਾਂ ਗਾਂ ਦੇ ਥਣਾਂ ਵਿਚ ਆਪੇ ਦੁੱਧ ਵਗਣ ਲੱਗਾ, ਉਸ ਨੂੰ ਰਾਮ ਦਾ ਜਨਮ ਅਸਥਾਨ ਮੰਨਿਆ ਗਿਆ। ਇਸ ਖੋਜ ਤੋਂ ਪਹਿਲਾਂ ਵੀ ਇਹ ਥਾਂ ਬੇਆਬਾਦ ਨਹੀਂ ਸੀ। ਪਹਿਲਾਂ ਇੱਥੇ ਭਾਰਤ ਦੇ ਪ੍ਰਾਚੀਨ 16 ਮਹਾਂਜਨਪਦਾਂ ਵਿਚੋਂ ਇਕ ਕੌਸ਼ਲ ਦੀ ਰਾਜਧਾਨੀ ਸਾਕੇਤ ਹੁੰਦੀ ਸੀ ਅਤੇ ਉਸ ਦੌਰ ਦੇ ਕਈ ਬੋਧੀ ਅਤੇ ਜੈਨੀ ਖੰਡਰ ਵੀ ਇੱਥੋਂ ਮਿਲਦੇ ਰਹੇ ਹਨ। ਸਾਕੇਤ ਅਤੇ ਅਯੁੱਧਿਆ ਦੋਵੇਂ ਨਾਂ ਇਸ ਸ਼ਹਿਰ ਲਈ ਵਰਤੇ ਜਾਂਦੇ ਰਹੇ ਹਨ। ਬੋਧੀ ਯਾਤਰੀ ਫ਼ਾਹੀਯਾਨ ਇਸ ਸ਼ਹਿਰ ਨੂੰ ਸ਼ਾ-ਚੇ ਲਿਖਿਆ ਹੈ ਜੋ ਸਾਕੇਤ ਦਾ ਵਿਗੜਿਆ ਹੋਇਆ ਨਾਂ ਜਾਪਦਾ ਹੈ। ਅਤੇ ਹੁਏਨਸਾਂਗ ਇਸਨੂੰ ਆ-ਯੂ-ਤੇ ਆਖਦਾ ਹੈ ਜੋ ਅਯੁੱਧਿਆ ਦਾ ਚੀਨੀਕਰਨ ਪ੍ਰਤੀਤ ਹੁੰਦਾ ਹੈ। ਫ਼ਾਹੀਆਨ ਨੇ ਇਸ ਸ਼ਹਿਰ ਵਿਚ ਲਗਭਗ 100 ਬੋਧੀ ਮੱਠ ਦੇਖਣ ਦਾ ਦਾਅਵਾ ਕੀਤਾ ਅਤੇ ਹੁਏਨਸਾਂਗ ਨੇ 1000 ਤੋਂ ਵੱਧ। ਅਯੁੱਧਿਆ ਦੀ ਖੁਦਾਈ ਤੋਂ ਮਿਲੀ ਸਭ ਤੋਂ ਪੁਰਾਣੀ ਮੂਰਤੀ ਇਕ ਜੈਨ ਸਾਧੂ ਦੀ ਮੰਨੀ ਜਾਂਦੀ ਹੈ। ਜੈਨ ਧਰਮ ਦੇ 24 ਤੀਰਥੰਕਰਾਂ (ਗੁਰੂਆਂ) ਵਿੱਚੋਂ ਪਹਿਲੇ ਅਤੇ ਦੂਜੇ ਤੀਰਥੰਕਰ ਦਾ ਜਨਮ ਅਯੁੱਧਿਆ ਵਿਚ ਹੋਇਆ ਦੱਸਿਆ ਜਾਂਦਾ ਹੈ।
ਬਾਬਰ ਦੇ ਇਕ ਜਰਨੈਲ ਅਮੀਰ ਬਾਕੀ ਨੇ 1528 ਈਸਵੀ ਵਿਚ ਅਯੁੱਧਿਆ ਵਿਚ ਇਕ ਮਸਜਿਦ ਬਣਵਾਈ ਅਤੇ ਇਸ ਨੂੰ ਬਾਬਰੀ ਮਸਜਿਦ ਆਖਿਆ ਜਾਣ ਲੱਗਾ। ਇਹ ਮਸਜਿਦ ਜਿਸ ਉੱਚੇ ਟਿੱਲੇ ਉੱਤੇ ਸੀ, ਉਹ ਰਾਮ ਟਿੱਲਾ ਅਖਵਾਉਂਦਾ ਹੈ। ਅਯੁੱਧਿਆ ਵਿਚ ਹਿੰਦੂ ਮੁਸਲਿਮ ਦੰਗਿਆਂ ਦਾ ਪਹਿਲਾ ਇਤਿਹਾਸਕ ਵਰਨਣ 1855 ਵਿਚ ਹਨੂਮਾਨ ਗੜ੍ਹੀ ਲਈ ਹੋਏ ਦੰਗੇ ਵਜੋਂ ਮਿਲਦਾ ਹੈ। ਉਸ ਸਮੇਂ ਅਯੁੱਧਿਆ ਅਵਧ ਦੀ ਸ਼ੀਆ ਰਿਆਸਤ ਦੇ ਫੈਜ਼ਾਬਾਦ ਜ਼ਿਲ੍ਹੇ ਦਾ ਹਿੱਸਾ ਸੀ। 1856 ਵਿਚ ਅਵਧ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਅਤੇ 1857 ਵਿਚ ਬੇਗ਼ਮ ਹਜ਼ਰਤ ਮਹਿਲ ਨੇ ਗ਼ਦਰ ਦਾ ਝੰਡਾ ਚੁੱਕਿਆ। ਇਸ ਬਗ਼ਾਵਤ ਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਸਿੱਖ ਸੈਨਿਕਾਂ ਨੂੰ ਵਰਤਿਆ। 1858 ਵਿਚ ਫੈਜ਼ਾਬਾਦ ਦੇ ਕੋਤਵਾਲ ਨੇ ਬਾਬਰੀ ਮਸਜਿਦ ਉੱਤੇ ਮਹੰਤਾਂ ਦੇ ਕਬਜ਼ੇ ਦੀ ਰਿਪੋਰਟ ਦਰਜ ਕੀਤੀ ਅਤੇ ਇਹ ਵੀ ਲਿਖਿਆ ਕਿ ਉਨ੍ਹਾਂ ਮਸਜਿਦ ਦੀਆਂ ਕੰਧਾਂ ਉੱਤੇ ਕੋਲੇ ਨਾਲ ਰਾਮ-ਰਾਮ ਲਿਖ ਦਿੱਤਾ ਸੀ। ਖੈਰ, ਮਸਜਿਦ ਦੇ ਅੰਦਰੋਂ ਇਹ ਕਬਜ਼ਾ ਹਟਾ ਦਿੱਤਾ ਗਿਆ ਪਰ ਮਸਜਿਦ ਦੇ ਬਹਾਰ ਇਕ ਚਬੂਤਰੇ ਉੱਤੇ ਮਹੰਤਾਂ ਨੇ ਆਪਣਾ ਕਬਜ਼ਾ ਜਮਾ ਲਿਆ। ਇਸ ਨੂੰ ਰਾਮ ਚਬੂਤਰਾ ਕਿਹਾ ਜਾਣ ਲੱਗਾ। ਇਸ ਤੋਂ ਇਲਾਵਾ ਮਸਜਿਦ ਦੇ ਵਿਹੜੇ ਵਿਚ ਸੀਤਾ ਰਸੋਈ ਨਾਂ ਦੀ ਇਕ ਹੋਰ ਥਾਂ ਵੀ ਸੀ ਜਿਸ ਦੀ ਪੂਜਾ ਲਈ ਸ਼ਰਧਾਲੂ ਆਉਂਦੇ ਸਨ। ਅੰਗਰੇਜ਼ ਰਾਜ ਦੀਆਂ ਅਦਾਲਤਾਂ ਨੇ ਇਨ੍ਹਾਂ ਥਾਵਾਂ ਉੱਤੇ ਕੋਈ ਵੀ ਇਮਾਰਤ ਬਣਾਉਣ ਦੀ ਇਜਾਜ਼ਤ ਮਹੰਤਾਂ ਨੂੰ ਨਹੀਂ ਦਿੱਤੀ। ਪਰ ਮਸਜਿਦ ਦਾ ਉਹ ਇਲਾਕਾ ਜਿੱਥੇ ਹਿੰਦੂ ਪੂਜਾ ਕਰਦੇ ਸਨ, ਕੰਧ ਕੱਢ ਕੇ ਮਸੀਤ ਤੋਂ ਵੱਖ ਕਰ ਦਿੱਤਾ।
ਇਹ ਸਥਿਤੀ 1949 ਈਸਵੀ ਤੱਕ ਬਣੀ ਰਹੀ। ਨਵੰਬਰ 1949 ਵਿਚ ਹਿੰਦੂ-ਮਹਾਂਸਭਾ ਨੇ ਰਾਮ ਚਬੂਤਰੇ ਉੱਤੇ ਇਕ ਯੱਗ ਸ਼ੁਰੂ ਕੀਤਾ ਅਤੇ ਦਾਅਵਾ ਕੀਤਾ ਕਿ ਰਾਮ-ਲੱਲਾ ਦੀ ਮੂਰਤੀ ਆਪਣੇ ਆਪ ਆਪਣੇ ਜਨਮ ਸਥਾਨ ਉੱਤੇ ਪ੍ਰਗਟ ਹੋਵੇਗੀ। 23 ਦਸੰਬਰ, 1949 ਦੀ ਸਵੇਰ ਰਾਮ ਲੱਲਾ ਦੀ ਮੂਰਤੀ ਮਸਜਿਦ ਦੇ ਮੁੱਖ ਗੁੰਬਦ ਹੇਠ ਪ੍ਰਗਟ ਹੋਣ ਦਾ ਐਲਾਨ ਕੀਤਾ ਗਿਆ ਅਤੇ ਸ਼ਰਧਾਲੂਆਂ ਦੀਆਂ ਭੀੜਾਂ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਉਮੜ ਪਈਆਂ। ਮੌਕੇ ਦੇ ਜ਼ਿਲ੍ਹਾ ਮੈਜਿਸਟਰੇਟ ਕੇ.ਕੇ. ਨਈਅਰ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਹਵਾਲੇ ਨਾਲ ਮੂਰਤੀਆਂ ਉਥੋਂ ਹਟਾਉਣ ਤੋਂ ਅਸਮਰੱਥਾ ਜ਼ਾਹਰ ਕੀਤੀ। ਫੈਜ਼ਾਬਾਦ ਦੀ ਅਦਾਲਤ ਨੇ ਮਸਜਿਦ ਨੂੰ ਝਗੜੇ ਵਾਲੀ ਥਾਂ ਐਲਾਨ ਕੇ ਆਮ ਜਨਤਾ ਲਈ ਇਸ ਨੂੰ ਬੰਦ ਕਰ ਦਿੱਤਾ ਅਤੇ ਰਾਮ ਲੱਲਾ ਦੀ ਪੂਜਾ ਲਈ ਸਿਰਫ ਪੁਜਾਰੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ। ਇਸ ਤਰ੍ਹਾਂ ਮਸਜਿਦ ਵਿਚ ਨਮਾਜ਼ ਬੰਦ ਹੋ ਗਈ।
ਮਸਜਿਦ ਨੂੰ 1949 ਤੋਂ ਲੱਗੇ ਜਿੰਦਰੇ 1986 ਵਿਚ ਰਾਜੀਵ ਗਾਂਧੀ ਨੇ ਖੁਲ੍ਹਵਾਏ ਅਤੇ ਮੰਦਿਰ ਦਾ ਨੀਂਹ ਪੱਥਰ ਰੱਖ ਕੇ ਹਿੰਦੂ ਭਾਵਨਾਵਾਂ ਨੂੰ ਵੱਸ ਵਿਚ ਕਰਨ ਦੀ ਕੋਸ਼ਿਸ਼ ਕੀਤੀ। ਮੁਸਲਮਾਨ ਨਰਾਜ਼ ਨਾ ਹੋਣ ਇਸ ਲਈ ਉਸ ਨੇ ਸੰਸਦ ਵਿਚ ਮਤਾ ਪਾਸ ਕਰਵਾ ਕੇ ‘ਸ਼ਾਹ-ਬਾਨੋ ਕੇਸ’ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਾ ਦਿੱਤਾ। ਪਰ ਰਾਜੀਵ ਗਾਂਧੀ ਰਾਜਨੀਤੀ ਦਾ ਕੱਚਾ ਖਿਡਾਰੀ ਸੀ ਤੇ ਜਿਸ ਜਿੰਨ ਨੂੰ ਉਸ ਨੇ ਜਗਾਇਆ ਸੀ, ਉਸਨੂੰ ਕਾਬੂ ਕਰਨ ਦਾ ਮੰਤਰ ਉਹ ਨਹੀਂ ਸੀ ਜਾਣਦਾ। ਉਸਦੇ ਇਹ ਦੋਵੇਂ ਫੈਸਲੇ ਭਾਰਤੀ ਜਨਤਾ ਪਾਰਟੀ ਲਈ ਸੰਜੀਵਨੀ ਬੂਟੀ ਸਾਬਤ ਹੋਏ। ਅਦਾਲਤੀ ਪ੍ਰਕਿਰਿਆ ਵਿਚ ਫਸਿਆ ਰਾਮ-ਜਨਮਭੂਮੀ ਦਾ ਮੁੱਦਾ ਮੁੜ ਜਿਉਂਦਾ ਹੋ ਗਿਆ ਅਤੇ ਧਰਮ-ਨਿਰਪੱਖਤਾ ਦੇ ਬਹਾਨੇ ਮੁਸਲਿਮ ਤੁਸ਼ਟੀਕਰਨ ਦੇ ਇਲਜ਼ਾਮ ਦੇ ਰੂਪ ਵਿਚ ਅਜਿਹਾ ਡੰਡਾ ਭਾਜਪਾ ਹੱਥ ਲੱਗਿਆ ਜਿਸ ਨਾਲ ਉਹ ਕਾਂਗਰਸ ਤੋਂ ਲੈ ਕੇ ਖੱਬੇ ਪੱਖੀ ਧਿਰਾਂ ਨੂੰ ਹੁਣ ਤੱਕ ਝੰਬਦੀ ਆ ਰਹੀ ਹੈ। ਹੁਣ ਬਾਬਰੀ ਮਸਜਿਦ ਟੁੱਟ ਚੁੱਕੀ ਹੈ। ਰਾਮ-ਰੱਥ ਉੱਤੇ ਸਵਾਰ ਹੋ ਕੇ ਸੱਤਾ ਦੀ ਪੌੜੀ ਚੜ੍ਹੀ ਭਾਜਪਾ ਦੀ ਕੇਂਦਰ ਵਿਚ ਸਰਕਾਰ ਹੈ। ਫਿਰ ਅਜਿਹੀ ਕੀ ਕਾਹਲੀ ਸੀ ਕਿ ਬਿਨਾਂ ਨਕਸ਼ਾ ਪਾਸ ਕਰਵਾਏ, ਕਰੋਨਾ ਸੰਕਟ ਦੌਰਾਨ ਰਾਮ ਮੰਦਿਰ ਦੀ ਨੀਂਹ ਰੱਖ ਦਿੱਤੀ ਗਈ।
ਪੁਰਾਤੱਤਵ ਵਿਗਿਆਨੀਆਂ ਨੇ ਜਦੋਂ ਕੋਈ ਖੋਜ ਕਰਨੀ ਹੁੰਦੀ ਹੈ ਤਾਂ ਉਹ ਕਿਸੇ ਉੱਚੀ ਥੇਹ ਦੀ ਖੁਦਾਈ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਅਜਿਹੀਆਂ ਥੇਹਾਂ ਹੇਠਾਂ ਸੱਭਿਅਤਾਵਾਂ ਦੀਆਂ ਕਈ ਪਰਤਾਂ ਮਿਲਣ ਦੀ ਆਸ ਹੁੰਦੀ ਹੈ। ਬਾਬਰੀ ਮਸਜਿਦ ਦੇ ਟੁੱਟਣ ਤੋਂ ਪਿੱਛੋਂ ਰਾਮ-ਟਿੱਲੇ ਦੀ ਉਤਲੀ ਪਰਤ ਦੀ ਖੁਦਾਈ ਕਰਵਾਈ ਗਈ ਤਾਂ ਇਹ ਸਾਬਤ ਹੋ ਗਿਆ ਇਸ ਥਾਂ ‘ਤੇ ਪਹਿਲਾਂ ਇਕ ਮੰਦਰ ਸੀ, ਜਿਸਦੀਆਂ ਨੀਹਾਂ ਉੱਤੇ ਮਸਜਿਦ ਦਾ ਢਾਂਚਾ ਖੜ੍ਹਾ ਕੀਤਾ ਗਿਆ ਸੀ ਅਤੇ ਮਸਜਿਦ ਲਈ ਵਰਤੇ ਗਏ ਕਈ ਥਮ੍ਹਲੇ ਕਿਸੇ ਪੁਰਾਣੇ ਮੰਦਿਰ ਦੇ ਸਨ। ਪਰ ਪਤਾ ਨਹੀਂ ਕਿਉਂ ਇਸ ਤੋਂ ਹੇਠਾਂ ਦੀਆਂ ਪਰਤਾਂ ਦੀ ਖੁਦਾਈ ਨਹੀਂ ਕੀਤੀ ਗਈ। ਹੁਣ ਜਦੋਂ ਮੰਦਿਰ ਬਣਾਉਣ ਲਈ ਜ਼ਮੀਨ ਨੂੰ ਪੱਧਰ ਕਰਨ ਦਾ ਕੰਮ ਚੱਲ ਰਿਹਾ ਹੈ ਤਾਂ ਕਈ ਹੋਰ ਥਮਲ੍ਹੇ ਅਤੇ ਮੂਰਤੀਆਂ ਮਿਲ ਰਹੀਆਂ ਹਨ ਜਿਨ੍ਹਾਂ ਬਾਰੇ ਬੁੱਧ ਅਤੇ ਜੈਨ ਧਰਮ ਦੇ ਸੰਗਠਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਇਨ੍ਹਾਂ ਧਰਮਾਂ ਨਾਲ ਸਬੰਧਿਤ ਇਮਾਰਤਾਂ ਦੇ ਅਵਸ਼ੇਸ਼ ਹਨ। ਜੇ ਭਾਰਤ ਦੀ ਬਹੁਗਿਣਤੀ ਬੋਧੀ ਹੁੰਦੀ (ਜਿਵੇਂ ਭਾਰਤ ਦੇ ਕਈ ਗੁਆਂਢੀ ਮੁਲਕਾਂ ਵਿਚ ਹੈ) ਤਾਂ ਕੀ ਇਹ ਸੰਭਵ ਸੀ ਕਿ ਬੋਧੀ ਜਨਤਾ ਦੀਆਂ ਵੋਟਾਂ ਲਈ ਕਿਸੇ ਬੋਧੀ ਪਾਰਟੀ ਨੇ ਬਾਬਰੀ ਮਸਜਿਦ ਉੱਤੇ ਆਪਣਾ ਦਾਅਵਾ ਪੇਸ਼ ਕੀਤਾ ਹੁੰਦਾ। ਉਸ ਸਥਿਤੀ ਵਿਚ ਬਾਬਰੀ ਮਸਜਿਦ ਦੇ ਹੇਠਾਂ ਮਿਲੇ ਮੰਦਿਰ ਦੇ ਅਵਸ਼ੇਸ਼ਾਂ ਨੂੰ ਅਸੀਂ ਰਾਮ ਮੰਦਰ ਮੰਨਦੇ ਜਾਂ ਕੋਈ ਬੁੱਧ ਵਿਹਾਰ, ਇਹ ਇਕ ਵੱਡਾ ਸਵਾਲ ਹੈ।
ਸੰਪਰਕ: 70099-11489