ਅਯੁੱਧਿਆ: ਰਾਮ ਮੰਦਰ ਦੇ ਮੁੱਖ ਮਹੰਤ ਪੁਜਾਰੀ ਸਤੇਂਦਰ ਦਾਸ ਨੂੰ ਬਰੇਨ ਸਟ੍ਰੋਕ
ਲਖਨਊ, 3 ਫਰਵਰੀ
ਅਯੁੱਧਿਆ ਦੇ ਰਾਮ ਜਨਮਭੂਮੀ ਮੰਦਰ ਦੇ ਮੁੱਖ ਪੂਜਾਰੀ ਮਹੰਤ ਸਤੇਂਦਰ ਦਾਸ (85) ਦੀ ਬਰੇਨ ਸਟ੍ਰੋਕ ਕਾਰਨ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਲਖਨਊ ਦੇ ਸੰਜੈ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐੱਸਜੀਪੀਜੀਆਈ) ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸਜੀਪੀਜੀਆਈ ਨੇ ਅੱਜ ਇਕ ਬਿਆਨ ਵਿੱਚ ਕਿਹਾ, ‘‘ਸਤੇਂਦਰ ਦਾਸ ਜੀ ਨੂੰ ਐਤਵਾਰ ਨੂੰ ਦਾਖ਼ਲ ਕਰਵਾਇਆ ਗਿਆ ਸੀ ਅਤੇ ਨਿਊਰੋਲੌਜੀ ਵਾਰਡ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਬਰੇਨ ਸਟ੍ਰੋਕ ਹੋਇਆ ਹੈ। ਸ਼ੱਕਰ ਰੋਗ ਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ।’’ ਇਸ ਵਿੱਚ ਕਿਹਾ ਗਿਆ, ‘‘ਉਨ੍ਹਾਂ ਦੀ ਹਾਲਤ ਗੰਭੀਰ ਹੈ ਪਰ ਫਿਲਹਾਲ ਉਹ ਦੇਖ-ਸੁਣ ਪਾ ਰਹੇ ਹਨ। ਉਹ ਡਾਕਟਰਾਂ ਦੀ ਸਖ਼ਤ ਨਿਗਰਾਨੀ ਵਿੱਚ ਹਨ।’’ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਸਮੇਂ ਦਾਸ ਅਸਥਾਈ ਰਾਮ ਮੰਦਰ ਦੇ ਪੂਜਾਰੀ ਸਨ। ਸਭ ਤੋਂ ਲੰਬੇ ਸਮੇਂ ਤੱਕ ਰਾਮ ਮੰਦਰ ਵਿੱਚ ਸੇਵਾ ਦੇਣ ਵਾਲੇ ਦਾਸ ਦੀ ਉਸ ਸਮੇਂ ਉਮਰ ਸਿਰਫ਼ 20 ਸਾਲ ਸੀ ਅਤੇ ਉਨ੍ਹਾਂ ਨੂੰ ਸੇਵਾ ਦਿੰਦੇ ਹੋਏ ਮੁਸ਼ਕਲ ਨਾਲ ਨੌਂ ਮਹੀਨੇ ਹੋਏ ਸਨ। ਅਯੁੱਧਿਆ ਹੀ ਨਹੀਂ, ਇਸ ਤੋਂ ਬਾਹਰਲੇ ਇਲਾਕਿਆਂ ਵਿੱਚ ਵੀ ਉਨ੍ਹਾਂ ਦਾ ਕਾਫੀ ਸਨਮਾਨ ਹੈ। ਮਸਜਿਦ ਢਾਹੁਣ ਤੋਂ ਬਾਅਦ ਵੀ ਦਾਸ ਮੁੱਖ ਪੁਜਾਰੀ ਬਣੇ ਰਹੇ ਅਤੇ ਜਦੋਂ ਰਾਮ ਲੱਲਾ ਦੀ ਮੂਰਤੀ ਇਕ ਟੈਂਟ ਵਿੱਚ ਸਥਾਪਤ ਕੀਤੀ ਗਈ ਤਾਂ ਵੀ ਉਹ ਪੂਜਾ ਕਰਦੇ ਸਨ। ਵਿਸ਼ਵ ਹਿੰਦੂ ਪਰਿਸ਼ਦ ਦੇ ਤਰਜਮਾਨ ਸ਼ਰਦ ਸ਼ਰਮਾ ਨੇ ਕਿਹਾ, ‘‘ਉਹ ਇਕ ਸਨਮਾਨਿਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਲੋਕਾਂ ’ਚੋਂ ਹਨ ਜਿਹੜੇ ਅਯੁੱਧਿਆ ਅੰਦੋਲਨ ਦੇ ਇਤਹਾਸ ਨੂੰ ਡੂੰਘਾਈ ਨਾਲ ਜਾਣਦੇ ਹਨ। ਅਸੀਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।’’ -ਪੀਟੀਆਈ