ਐਕਸਿਸ ਬੈਂਕ ਦੀ ਸਮਾਣਾ ਸ਼ਾਖਾ ’ਚ ਅੱਗ ਲੱਗੀ
ਅਸ਼ਵਨੀ ਗਰਗ
ਸਮਾਣਾ, 23 ਅਗਸਤ
ਅੱਜ ਸਵੇਰ ਸਥਾਨਕ ਐਕਸਿਸ ਬੈਂਕ ਵਿੱਚ ਅੱਗ ਲੱਗ ਗਈ। ਜਿਸ ਦੀ ਜਾਣਕਾਰੀ ਐਕਸਿਸ ਬੈਂਕ ਦੇ ਹੈੱਡ ਆਫਿਸ ਮੁੰਬਈ ਤੋਂ ਸਥਾਨਕ ਸ਼ਾਖਾ ਦੇ ਬੈਂਕ ਮੈਨੇਜਰ ਮੁਨੀਸ਼ ਮਰਵਾਹ ਤੇ ਦੂਜੇ ਮੁਲਾਜ਼ਮਾਂ ਨੂੰ ਮਿਲੀ। ਜਿਸ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਜੇ ਹੈੱਡ ਆਫਿਸ ਤੋਂ ਇਹ ਜਾਣਕਾਰੀ ਸਮੇਂ ਰਹਿੰਦੇ ਨਾ ਆਉਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਬੈਂਕ ਦੀ ਸਮਾਣਾ ਬ੍ਰਾਂਚ ਵਿੱਚ ਧੂੰਆਂ ਉੱਠਣ ਦੀ ਲਾਈਵ ਫੁਟੇਜ਼ ਆਨਲਾਈਨ ਸਿਸਟਮ ਰਾਹੀਂ ਬੈਂਕ ਦੇ ਹੈੱਡ ਆਫਿਸ ਮੁੰਬਈ ਵਿੱਚ ਦੇਖਣ ’ਤੇ ਕਰੀਬ ਸਵੇਰ ਦੇ 4.15 ਵਜੇ ਐਕਸਿਸ ਬੈਂਕ ਦੇ ਹੈੱਡ ਆਫਿਸ ਮੁੰਬਈ ਤੋਂ ਬੈਂਕ ਦੇ ਬ੍ਰਾਂਚ ਮੈਨੇਜਰ ਮਨੀਸ਼ ਮਰਵਾਹ ਜੋ ਉਸ ਸਮੇਂ ਅੰਮ੍ਰਿਤਸਰ ਸਨ, ਨੂੰ ਮਿਲੀ। ਉਨ੍ਹਾਂ ਤੁਰੰਤ ਇਸ ਬਾਰੇ ਜਾਣਕਾਰੀ ਬੈਂਕ ਦੇ ਡਿਪਟੀ ਮੈਨੇਜਰ ਗੌਰਵ ਨੂੰ ਦਿੱਤੀ ਪਰ ਉਹ ਵੀ ਸਮਾਣਾ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਇਸ ਦੀ ਜਾਣਕਾਰੀ ਬੈਂਕ ਦੇ ਮੁਲਾਜ਼ਮ ਵਿਪਨ ਅਤੇ ਗੰਨਮੈਨ ਗੁਰਜੰਟ ਸਿੰਘ ਨੂੰ ਦਿੱਤੀ। ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਬ੍ਰਾਂਚ ਨੂੰ ਖੋਲ੍ਹਿਆ। ਉਸ ਸਮੇਂ ਬ੍ਰਾਂਚ ਵਿੱਚ ਸਾਰੇ ਪਾਸੇ ਧੂੰਆਂ ਹੀ ਧੂੰਆਂ ਦਿੱਸ ਰਿਹਾ ਸੀ। ਉਨ੍ਹਾਂ ਹਿੰਮਤ ਕਰ ਕੇ ਅੰਦਰ ਦੇਖਿਆ ਤਾਂ ਸਟੋਰ ਰੂਮ ਵਿੱਚ ਜਿੱਥੇ ਬੈਟਰੀਆਂ ਪਈਆਂ ਸਨ, ਉਥੇ ਅੱਗ ਲੱਗੀ ਹੋਈ ਸੀ। ਉਨ੍ਹਾਂ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾ ਲਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ। ਬੈਂਕ ਦੇ ਮੁਲਾਜ਼ਮ ਵਿਪਨ ਨੇ ਦੱਸਿਆ ਕਿ ਇਹ ਅੱਗ ਬੈਟਰੀਆਂ ਨੂੰ ਲੱਗੀ ਸੀ। ਉਨ੍ਹਾਂ ਦੱਸਿਆ ਕਿ ਸਟੋਰ ਰੂਮ ਵਿੱਚ ਕਰੀਬ 36 ਬੈਟਰੀਆਂ ਪਈਆਂ ਸਨ ਜਿਨ੍ਹਾਂ ਵਿੱਚੋਂ 12 ਬੈਟਰੀਆਂ ਸੜ ਗਈਆਂ। ਉਨ੍ਹਾਂ ਦੱਸਿਆ ਕਿ ਜੇ ਸਮਾਂ ਰਹਿੰਦੇ ਇਸ ਬਾਰੇ ਜਾਣਕਾਰੀ ਨਾ ਮਿਲਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।