ਐਕਸਿਸ ਬੈਂਕ: ਕਰੋੜਾਂ ਦੀ ਠੱਗੀ ਮਾਰਨ ਵਾਲਾ ਬੈਂਕ ਮੈਨੇਜਰ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 24 ਫਰਵਰੀ
ਮੁਹਾਲੀ ਪੁਲੀਸ ਨੇ ਕੁੱਝ ਦਿਨ ਪਹਿਲਾਂ ਐਕਸਿਸ ਬੈਂਕ ਦੀ ਪਿੰਡ ਬਾਂਸੇਪੁਰ (ਮੁੱਲਾਂਪੁਰ ਗਰੀਬਦਾਸ) ਬਰਾਂਚ ਦੇ ਖਾਤਾਧਾਰਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਬੈਂਕ ਮੈਨੇਜਰ ਗੌਰਵ ਸ਼ਰਮਾ ਵਾਸੀ ਪਿੰਡ ਭੋਆ (ਪਠਾਨਕੋਟ) ਨੂੰ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਇਸ ਸਮੇਂ ਨਿਊ ਚੰਡੀਗੜ੍ਹ ਵਿੱਚ ਰਹਿੰਦਾ ਸੀ। ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਐੱਸਪੀ (ਐੱਚ) ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇਹ ਮੈਨੇਜਰ ਬੈਂਕ ਵਿੱਚ ਜਮ੍ਹਾਂ ਲੋਕਾਂ ਦਾ ਪੈਸਾ ਆਪਣੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਕੇ ਠੱਗੀ ਮਾਰਦਾ ਸੀ। ਇਸ ਗੱਲ ਦਾ ਭੇਤ ਖੁੱਲ੍ਹਣ ਤੋਂ ਬਾਅਦ ਉਹ ਨੇਪਾਲ ਭੱਜਣ ਦੀ ਤਾਕ ਵਿੱਚ ਸੀ ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਸ੍ਰੀ ਗੁਪਤਾ ਨੇ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਸਵਰਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੈਂਕ ਮੈਨੇਜਰ ਗੌਰਵ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਹੁਣ ਤੱਕ 67 ਖਾਤਾਧਾਰਕਾਂ ਦੀਆਂ ਸ਼ਿਕਾਇਤਾਂ ਪੁਲੀਸ ਨੂੰ ਪ੍ਰਾਪਤ ਹੋਈਆਂ ਹਨ। ਹੁਣ ਤੱਕ 10 ਤੋਂ 15 ਕਰੋੜ ਰੁਪਏ ਦੇ ਗਬਨ ਦਾ ਪਤਾ ਲੱਗਾ ਹੈ ਪਰ ਇਹ ਮਾਮਲਾ ਲਗਪਗ 50 ਕਰੋੜ ਰੁਪਏ ਦੀ ਠੱਗੀ ਦਾ ਹੋ ਸਕਦਾ ਹੈ। ਗੌਰਵ ਸ਼ਰਮਾ ਵੱਲੋਂ ਛੇ ਕੁ ਮਹੀਨੇ ਪਹਿਲਾਂ ਬੈਂਕ ਦੇ ਖਾਤੇਦਾਰਾਂ ਦੇ ਨੋਟੀਫ਼ਿਕੇਸ਼ਨ ਵਾਲੇ ਨੰਬਰ ਬਦਲ ਕੇ ਉਨ੍ਹਾਂ ਦੇ ਖਾਤਿਆਂ ’ਚੋਂ ਪੰਜ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫ਼ਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ’ਚੋਂ ਦੋ ਖਾਤੇ ਉਸ ਦੇ ਆਪਣੇ ਹਨ, ਜਦੋਂਕਿ ਦੋ ਖਾਤੇ ਉਸ ਦੇ ਮਾਪਿਆਂ ਤੇ ਇੱਕ ਬੈਂਕ ਖਾਤਾ ਨੌਕਰ ਦੇ ਨਾਂ ’ਤੇ ਹੈ ਜੋ ਕਿ ਨੇਪਾਲ ਭੱਜ ਗਿਆ ਹੈ।