ਐਕਸੀਅਨ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਐੱਫਆਈਆਰ ਦਰਜ ਕਰਨ ਲਈ ਲਿਖਿਆ
ਐੱਨ ਪੀ ਧਵਨ
ਪਠਾਨਕੋਟ, 20 ਨਵੰਬਰ
ਮਾਧੋਪੁਰ ਵਿੱਚ ਕੈਨਾਲ ਰੈਸਟ ਹਾਊਸ, ਜਿੱਥੇ ਅੱਜ-ਕੱਲ੍ਹ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਰਿਹਾਇਸ਼ ਹੈ, ਉਸ ਦੀ ਕੁੱਝ ਜ਼ਮੀਨ ’ਤੇ ਇੱਕ ਨਾਮੀਂ ਕਾਰੋਬਾਰੀ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦੇ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧ ਵਿੱਚ ਜਲ ਸਰੋਤ ਵਿਭਾਗ ਦੇ ਗੁਰਦਾਸਪੁਰ ਸਥਿਤ ਸਬੰਧਤ ਐਕਸੀਅਨ ਨੇ ਪਠਾਨਕੋਟ ਦੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਸਰਕਾਰੀ ਪ੍ਰਾਪਰਟੀ ਮਾਧੋਪੁਰ ਕੈਨਾਲ ਰੈਸਟ ਹਾਊਸ ਦੀ ਚਾਰਦੀਵਾਰੀ ਤੋੜਨ ਅਤੇ ਸਾਮਾਨ ਖੁਰਦ-ਬੁਰਦ ਕਰਨ ਸਬੰਧੀ ਐਫਆਈਆਰ ਦਰਜ ਕਰਨ ਲਈ ਕਿਹਾ ਹੈ। ਦੂਸਰੇ ਪਾਸੇ ਕਾਰੋਬਾਰੀ ਨੇ ਮਾਮਲਾ ਅਦਾਲਤ ਵਿੱਚ ਲਿਜਾਂਦੇ ਹੋਏ ਆਪਣੇ ਵਕੀਲ ਰਾਹੀਂ ਐਕਸੀਅਨ ਨੂੰ ਨੋਟਿਸ ਭੇਜ ਕੇ ਦਾਅਵਾ ਕੀਤਾ ਹੈ ਕਿ ਉਕਤ ਪ੍ਰਾਪਰਟੀ ਉਸ ਦੀ ਹੈ।
ਐਕਸੀਅਨ ਵੱਲੋਂ ਭੇਜੇ ਗਏ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਦਸੰਬਰ 2022 ਤੋਂ ਜੂਨ 2023 ਤੱਕ ਇਸ ਰੈਸਟ ਹਾਊਸ ਦੀ ਰੈਨੋਵੇਸ਼ਨ ਤੇ ਚਾਰਦੀਵਾਰੀ ਦੀ ਮੁਰੰਮਤ ਦਾ ਕੰਮ ਸ਼ਾਹਪੁਰਕੰਡੀ ਡੈਮ ਅਥਾਰਟੀ ਵੱਲੋਂ ਕਰਵਾਇਆ ਗਿਆ ਸੀ, ਜਿਸ ਦੌਰਾਨ ਰੈਸਟ ਹਾਊਸ ਦੀ ਇੱਕ ਪਾਸੇ ਦੀ ਚਾਰਦੀਵਾਰੀ ਦੀ ਉਸਾਰੀ ਨਹੀਂ ਕਰਵਾਈ ਗਈ, ਜੋ ਇੱਕ ਨਿੱਜੀ ਪ੍ਰਾਪਰਟੀ ਨਾਲ ਲੱਗਦੀ ਸੀ। ਇਸ ਮਗਰੋਂ ਫਰਵਰੀ 2023 ਦੌਰਾਨ ਉਕਤ ਕਾਰੋਬਾਰੀ ਨੇ ਚਾਰਦੀਵਾਰੀ ਦੇ ਅੰਦਰ ਪਿੱਲਰ ਲਾਉਣੇ ਸ਼ੁਰੂ ਕਰ ਦਿੱਤੇ। ਉਸ ਵੇਲੇ ਉਪ-ਮੰਡਲ ਅਫ਼ਸਰ, ਮਾਧੋਪੁਰ ਨੇ ਫੀਲਡ ਸਟਾਫ਼ ਨਾਲ ਮੌਕੇ ’ਤੇ ਪੁੱਜ ਕੇ ਇਹ ਕੰਮ ਰੁਕਵਾ ਕੇ ਪ੍ਰਾਈਵੇਟ ਪ੍ਰਾਪਰਟੀ ਹੋਲਡਰ ਨੂੰ ਇਸ ਸਾਲ 3 ਫਰਵਰੀ ਨੂੰ ਮੁੜ ਨਿਸ਼ਾਨਦੇਹੀ ਕਰਵਾਉਣ ਲਈ ਕਿਹਾ ਸੀ। ਇਸ ਸਾਲ 16 ਫਰਵਰੀ ਨੂੰ ਸਬੰਧਤ ਜੇਈ ਤੇ ਨਹਿਰੀ ਪਟਵਾਰੀਆਂ ਦੀ ਹਾਜ਼ਰੀ ਵਿੱਚ ਦੋਵੇਂ ਪ੍ਰਾਪਰਟੀਆਂ ਦੇ ਖਸਰਾ ਨੰਬਰਾਂ ਦੇ ਆਧਾਰ ’ਤੇ ਨਿਸ਼ਾਨਦੇਹੀ ਕਰ ਕੇ ਪਿੱਲਰ ਲਾਏ ਗਏ ਸਨ ਜਿਸ ਦੇ ਬਾਵਜੂਦ ਕਾਰੋਬਾਰੀ ਨੇ ਰੈਸਟ ਹਾਊਸ ਦੀ ਜ਼ਮੀਨ ’ਤੇ ਕਬਜ਼ਾ ਕੀਤਾ। ਜ਼ਿਕਰਯੋਗ ਹੈ ਕਿ ਅੰਗਰੇਜ਼ਾਂ ਵੇਲੇ ਬਣੇ ਇਸ ਰੈਸਟ ਹਾਊਸ ਦਾ ਕੁੱਲ ਰਕਬਾ 23 ਕਨਾਲ 18 ਮਰਲੇ ਸੀ, ਜਿਸ ’ਚੋਂ 17.44 ਮਰਲੇ ’ਤੇ ਕਬਜ਼ਾ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਕਿਸੇ ਬਾਹਰਲੇ ਜ਼ਿਲ੍ਹੇ ਦੀ ਟੀਮ ਤੋਂ ਨਿਸ਼ਾਨਦੇਹੀ ਕਰਵਾਉਣ ਬਾਰੇ ਲਿਖਿਆ ਗਿਆ ਹੈ। ਨਿਸ਼ਾਨਦੇਹੀ ਹੋਣ ਉਪਰੰਤ ਹੀ ਅਗਲੇਰੀ ਕਾਰਵਾਈ `ਕੀਤੀ ਜਾ ਸਕੇਗੀ।