ਵਿਜੀਲੈਂਸ ਵੱਲੋਂ ਐਕਸੀਅਨ ਗ੍ਰਿਫ਼ਤਾਰ
ਗਗਨਦੀਪ ਅਰੋੜਾ
ਲੁਧਿਆਣਾ, 15 ਅਕਤੂਬਰ
ਇੱਥੇ ਨਗਰ ਨਿਗਮ ਵਿੱਚ ਤਾਇਨਾਤ ਸੁਪਰਡੈਂਟ ਇੰਜਨੀਅਰ ਰਾਜਿੰਦਰ ਸਿੰਘ (ਹੁਣ ਸੇਵਾਮੁਕਤ), ਕਾਰਜਕਾਰੀ ਇੰਜਨੀਅਰ (ਐਕਸੀਅਨ) ਰਣਬੀਰ ਸਿੰਘ ਅਤੇ ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ (ਡੀਸੀਐੱਫਏ) ਪੰਕਜ ਗਰਗ ਵਿਰੁੱਧ ਵਿਜੀਲੈਂਸ ਬਿਊਰੋ ਨੇ 3,16,58,421 ਰੁਪਏ ਦੇ ਗਬਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐਕਸੀਅਨ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਇਹ ਕੇਸ ਜਸਪਿੰਦਰ ਸਿੰਘ, ਇਲੈਕਟ੍ਰਿਕ ਪੰਪ ਡਰਾਈਵਰ, ਜ਼ੋਨ ਸੀ, ਨਗਰ ਨਿਗਮ ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸੰਚਾਲਨ ਅਤੇ ਰੱਖ-ਰਖਾਅ ਸ਼ਾਖਾ ਵਿੱਚ ਤਾਇਨਾਤ ਐਕਸੀਅਨ ਰਣਬੀਰ ਸਿੰਘ ਨੇ ਵੱਖ-ਵੱਖ ਟਿਊਬਵੈੱਲਾਂ ਸਬੰਧੀ ਕਾਰਜਾਂ ਲਈ ਪਾਵਰਕੌਮ ਨੂੰ ਅਦਾਇਗੀਆਂ ਕਰਨ ਲਈ ਐੱਮਸੀ ਖਾਤਿਆਂ ਵਿੱਚੋਂ ਮਈ 2021 ਤੋਂ ਸਤੰਬਰ 2022 ਤੱਕ 3,16,58,421 ਰੁਪਏ ਪੇਸ਼ਗੀ ਰਕਮ ਵਜੋਂ ਪ੍ਰਾਪਤ ਕੀਤੇ ਸਨ ਪਰ ਅਧਿਕਾਰੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਇਨ੍ਹਾਂ ਫੰਡਾਂ ਦਾ ਗਬਨ ਕੀਤਾ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਐਕਸੀਅਨ ਰਣਬੀਰ ਸਿੰਘ ਨੇ ਖੁਦ ਹੀ ਫਾਈਲ ’ਤੇ ਨੋਟਿੰਗ ਲਗਾ ਕੇ ਪੀਐੱਸਪੀਸੀਐੱਲ ਵੱਲੋਂ ਫ਼ਰਜ਼ੀ ਮੰਗ ਪੇਸ਼ ਕੀਤੀ ਸੀ ਅਤੇ ਇਸ ਨੂੰ ਸੀਨੀਅਰ ਨਗਰ ਨਿਗਮ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਸੁਪਰਡੈਂਟ ਇੰਜਨੀਅਰ ਰਜਿੰਦਰ ਸਿੰਘ ਨੂੰ ਭੇਜ ਦਿੱਤਾ ਸੀ। ਐੱਸਈ ਰਜਿੰਦਰ ਸਿੰਘ ਨੇ ਪੇਸ਼ਗੀ ਰਕਮ ਦਾ ਭੁਗਤਾਨ ਪ੍ਰਾਪਤ ਕਰਨ ਸਬੰਧੀ ਫਾਈਲ ਨਾਲ ਭੇਜੇ ਦਸਤਾਵੇਜ਼ਾਂ ਦੀ ਤਸਦੀਕ ਨਹੀਂ ਕੀਤੀ ਅਤੇ ਫਾਈਲ ਨੂੰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ, ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਦੀ ਪ੍ਰਵਾਨਗੀ ਲਈ ਅੱਗੇ ਭੇਜ ਦਿੱਤਾ।