ਖਣਨ ਵਿਭਾਗ ਦਾ ਐਕਸੀਅਨ ਤੇ ਐੱਸਡੀਓ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਮੁਕੇਰੀਆਂ/ਹੁਸ਼ਿਆਰਪੁਰ, 31 ਅਗਸਤ
ਵਿਜੀਲੈਂਸ ਬਿਊਰੋ ਨੇ ਦਾਤਾਰਪੁਰ ਨੇੜਲੇ ਪਿੰਡ ਘਗਵਾਲ ਵਿੱਚੋਂ ਮਿੱਟੀ ਚੁੱਕਣ ਲਈ ਜਮ੍ਹਾਂ ਕਰਵਾਈ ਸਰਕਾਰੀ ਫੀਸ ਦੀ ਰਾਇਲਟੀ ਤਬਦੀਲ ਕਰਨ ਦੇ ਮਾਮਲੇ ’ਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਮਾਈਨਿੰਗ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਅਤੇ ਦਸੂਹਾ ਦੇ ਐੱਸਡੀਓ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਜਸਪ੍ਰੀਤ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ’ਤੇ ਕੀਤੀ ਹੈ। ਅਧਿਕਾਰੀਆਂ ਅਨੁਸਾਰ ਕਰੀਬ 41 ਲੱਖ ਦੀ ਰਾਇਲਟੀ ਰਾਸ਼ੀ ਤਬਦੀਲ ਕਰਨ ਲਈ ਮਾਈਨਿੰਗ ਅਧਿਕਾਰੀਆਂ ਨੇ ਕੁੱਲ 12 ਲੱਖ ਮੰਗੇ ਸਨ, ਜਿਸ ਦਾ ਸੌਦਾ 8 ਲੱਖ ਵਿੱਚ ਤੈਅ ਹੋਇਆ ਸੀ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਰੀਗਲ ਇੰਟਰਪ੍ਰਾਈਜਿਜ਼ ’ਚ ਬਤੌਰ ਸਾਈਟ ਕੰਟਰੋਲਰ ਨੌਕਰੀ ਕਰਦੇ ਜਸਪ੍ਰੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਕੰਪਨੀ ਨੇ ਪਿੰਡ ਘਗਵਾਲ ’ਚੋਂ ਮਿੱਟੀ ਚੁੱਕਣ ਲਈ 41,10,117 ਰੁਪਏ ਸਰਕਾਰੀ ਫੀਸ ਮਾਈਨਿੰਗ ਵਿਭਾਗ ਨੂੰ ਜਮ੍ਹਾਂ ਕਰਵਾਈ ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਿੱਟੀ ਚੁੱਕਣ ਵਾਲੀ ਜ਼ਮੀਨ ਜੰਗਲਾਤ ਵਿਭਾਗ ਦੀ ਹੈ। ਇਸ ਕਾਰਨ ਉਨ੍ਹਾਂ ਨੇ ਮਾਈਨਿੰਗ ਵਿਭਾਗ ਨੂੰ ਰਾਇਲਟੀ ਟਰਾਂਸਫਰ ਕਰਨ ਲਈ ਦਰਖ਼ਾਸਤ ਦਿੱਤੀ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਕੋਲੋਂ 5 ਲੱਖ ਦੀ ਰਿਸ਼ਵਤ ਲੈਂਦਿਆਂ ਮਾਈਨਿੰਗ ਵਿਭਾਗ ਦੇ ਐਕਸੀਐਨ ਸਰਤਾਜ ਸਿੰਘ ਰੰਧਾਵਾ ਅਤੇ ਐੱਸਡੀਓ ਹਰਜਿੰਦਰ ਸਿੰਘ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।