ਹਲਕਾ ਸੰਗਰੂਰ ਦੀਆਂ ਪੰਚਾਇਤਾਂ ਲਈ ਜਾਗਰੂਕਤਾ ਸੈਮੀਨਾਰ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਨਵੰਬਰ
ਅੱਜ ਇੱਥੇ ਆਰ ਡੀ ਐਲ ਪੈਲੇਸ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਹਲਕਾ ਸੰਗਰੂਰ ਦੀਆਂ ਸਮੂਹ ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਮਾਹਰਾਂ ਵੱਲੋਂ ਪੰਚਾਇਤੀ ਸੰਸਥਾਵਾਂ ਅਤੇ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਘੇ ਬੁਧੀਜੀਵੀ ਹਮੀਰ ਸਿੰਘ ਨੇ ਦੱਸਿਆ ਕਿ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਇਤਾਂ ਨੂੰ ਆਪਣੇ ਅਧਿਕਾਰ ਖੇਤਰ ਅਤੇ ਕੰਮਾਂ ਬਾਰੇ ਹਰ ਪੱਖੋਂ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਲੋਕਤੰਤਰ ਵਿੱਚ ਸਭ ਤੋਂ ਅਹਿਮ ਸੰਸਥਾਵਾਂ ਹਨ। ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾ ਦੀਆਂ ਮੀਟਿੰਗਾਂ ਅਤੇ ਉਨ੍ਹਾਂ ਦੇ ਫੈਸਲੇ ਨੂੰ ਕੋਈ ਵੀ ਉਚ ਅਧਿਕਾਰੀ ਰੱਦ ਜਾਂ ਚੈਲੰਜ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਮਨਰੇਗਾ ਸਕੀਮ ਪਿੰਡਾਂ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ, ਇਸ ਲਈ ਹਰ ਸਰਪੰਚ ਨੂੰ ਇਸ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਪੰਚ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ, ਜਦੋਂ ਕਿ ਅਧਿਕਾਰੀ ਇੱਕ ਮੁਲਾਜ਼ਮ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਉਹ ਸਾਰੇ ਸਰਪੰਚਾਂ ਨਾਲ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਤਾਲਮੇਲ ਬਣਾ ਕੇ ਰੱਖਣਗੇ। ਪਿੰਡ ਬਚਾਓ , ਪੰਜਾਬ ਬਚਾਓ ਦੇ ਨੁਮਾਇੰਦੇ ਕਰਨੈਲ ਸਿੰਘ ਜਖੇਪਲ ਅਤੇ ਦਰਸ਼ਨ ਸਿੰਘ ਧਨੇਠਾ ਨੇ ਵੀ ਕਈ ਅਹਿਮ ਨੁਕਤੇ ਸਾਂਝੇ ਕੀਤੇ। ਇਸ ਮੌਕੇ ਨਵਨੀਤ ਕੌਰ, ਜਸਵਿੰਦਰ ਕੌਰ ਮਾਝੀ ਜਸਪਾਲ ਸਿੰਘ ਮੱਟਰਾਂ, ਗੁਰਮੀਤ ਸਿੰਘ ਝਨੇੜੀ ਸਮੇਤ ਸਮੂਹ ਸਰਪੰਚ ਹਾਜ਼ਰ ਸਨ।