ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ
ਪੱਤਰ ਪ੍ਰੇਰਕ
ਯਮੁਨਾਨਗਰ, 7 ਅਕਤੂਬਰ
ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (ਆਈਕਿਊਏਸੀ) ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਦੁਰਵਿਹਾਰ ਰੋਕਣ ਸਬੰਧੀ ਇੱਕ ਜਾਗਰੂਕਤਾ ਰੈਲੀ ਕੀਤੀ। ਰੈਲੀ ਦਾ ਉਦੇਸ਼ ਬਜ਼ੁਰਗਾਂ ਨਾਲ ਬਦਸਲੂਕੀ ਦੇ ਗੰਭੀਰ ਮੁੱਦੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਉਨ੍ਹਾਂ ਨੂੰ ਸਮਾਜ ਨੂੰ ਸਨਮਾਨ ਦੇਣਾ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਟੀਆ ਨਗਰ ਅਤੇ ਸ਼ਾਸਤਰੀ ਕਲੋਨੀ, ਦਸਮੇਸ਼ ਕਲੋਨੀ ਸਮੇਤ ਹੋਰ ਲਾਗਲੇ ਖੇਤਰਾਂ ਵਿੱਚ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਰੈਲੀ ਕੀਤੀ, ਜੋ ਮੁੜ ਕਾਲਜ ਦੇ ਵਿਹੜੇ ਵਿੱਚ ਆ ਕੇ ਸਮਾਪਤ ਹੋਈ। ਕਾਲਜ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਕੰਗ ਨੇ ਕਿਹਾ ਕਿ ਮੌਜੂਦਾ ਭੱਜਦੌੜ ਦੀ ਜ਼ਿੰਦਗੀ ਵਿੱਚ ਬਜ਼ੁਰਗਾਂ ਨਾਲ ਦਿਨ ਪ੍ਰਤਿਦਿਨ ਹੋ ਰਹੀਆਂ ਬਦਸਲੂਕੀ ਦੀ ਘਟਨਾਵਾਂ ਅਜੋਕੇ ਸਮੇਂ ਵਿੱਚ ਇੱਕ ਗੰਭੀਰ ਮੁੱਦਾ ਹੈ। ਸਮਾਗਮ ਦੇ ਪ੍ਰਬੰਧਕ ਡਾ. ਨੀਲਮ ਬਹਿਲ ਅਤੇ ਡਾ. ਨਿਧੀ ਮਹਿੰਦਰੂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਜਿਹੇ ਸਮਾਗਮਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਕੈਥਰੀਨ, ਡਾ. ਅਮਰਜੀਤ ਸਿੰਘ, ਡਾ. ਗਿਆਨ ਭੂਸ਼ਨ, ਡਾ. ਵਰਸ਼ਾ ਨਿਗਮ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਪ੍ਰੋਫੈਸਰ ਯਾਸਮੀਨ ਅਤੇ ਪ੍ਰੋਫੈਸਰ ਅਵੰਤਿਕਾ ਨੇ ਅਹਿਮ ਭੂਮਿਕਾ ਨਿਭਾਈ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਹਮੇਸ਼ਾਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।