ਐਨਸੀਸੀ ਕੈਡੇਟਾਂ ਵੱਲੋਂ ਵਾਤਾਵਰਨ ਸੰਭਾਲ ਬਾਰੇ ਜਾਗਰੂਕਤਾ ਰੈਲੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਕਤੂਬਰ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਦੇ ਵਿਦਿਆਰਥੀਆਂ ਨੇ 10 ਐੱਚਆਰਬੀਐੱਨਸੀਸੀ ਕੁਰੂਕਸ਼ੇਤਰ ਦੀਆਂ ਹਦਾਇਤਾਂ ਅਨੁਸਾਰ ਵਾਤਾਵਰਨ ਸੰਭਾਲ ਬਾਰੇ ਜਾਗਰੂਕਤਾ ਰੈਲੀ ਕੀਤੀ। ਇਹ ਰੈਲੀ ਪਿੰਡ ਰਾਮ ਸ਼ਰਨ ਮਾਜਰਾ ਤੋਂ ਸ਼ੁਰੂ ਹੋਈ। ਸਕੂਲ ਦੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਵਾਤਾਵਰਨ ਸੰਭਾਲ ਦਾ ਸੁਨੇਹਾ ਦੇ ਕੇ ਰੈਲੀ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਤਾਂ ਹੀ ਸੁਰੱਖਿਅਤ ਰਹਿ ਸਕਦਾ ਹੈ ਜੇ ਵਰਤਮਾਨ ਚੰਗਾ ਹੋਵੇਗਾ। ਇਸ ਲਈ ਭਵਿੱਖ ਨੂੰ ਸੁਧਾਰਨ ਦੀ ਮੁਹਿੰਮ ਵੀ ਸਾਨੂੰ ਆਪਣੇ ਹੱਥਾਂ ਵਿਚ ਲੈਣੀ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਸਰਗਰਮੀ ਵਿਖਾਉਣੀ ਪਵੇਗੀ। ਇਸ ਦੌਰਾਨ ਕੈਡੇਟਾਂ ਨੇ ਵਾਤਾਵਰਨ ਨੂੰ ਬਚਾਉਣ ਦੇ ਨਾਅਰਿਆਂ ਵਾਲੀਆਂ ਤਖਤੀਆਂ ਆਪਣੇ ਹੱਥਾਂ ਫੜੀਆਂ ਹੋਈਆਂ ਸਨ। ਰੈਲੀ ਵਿੱਚ ਕੈਡੇਟਾਂ ਵੱਲੋਂ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਸੰਦੇਸ਼ ਦਿੱਤੇ ਗਏ ਸਨ। ਰੈਲੀ ਦੌਰਾਨ ਕੈਡੇਟਾਂ ਨੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਨਾਅਰੇ ਲਾਏ।ਉਨ੍ਹਾਂ ਵਲੋਂ ਦਿੱਤੇ ਸੁਨੇਹਿਆਂ ਅਨੁਸਾਰ ਨਿੱਜੀ ਕਾਰਾਂ ਦੀ ਬਜਾਏ ਜਨਤਕ ਵਾਹਨਾਂ ਦੀ ਵਰਤੋਂ ਨਾਲ ਵਾਤਾਵਰਨ ਦੀ ਸੁਰੱਖਿਆ ਵਿਚ ਮਦਦ ਮਿਲੇਗੀ। ਰੈਲੀ ਦੀ ਅਗਵਾਈ ਐਨਸੀਸੀ ਕੋਚ ਅਸ਼ੋਕ ਕੁਮਾਰ, ਸਹਾਇਕ ਪ੍ਰਦੀਪ ਕੁਮਾਰ ਤੇ ਅਧਿਆਪਕ ਰਾਜਿੰਦਰ ਕੁਮਾਰ ਨੇ ਕੀਤੀ। ਸਕੂਲ ਦੇ ਮੈਨੇਜਰ ਸੋਹਨ ਲਾਲ ਸੈਣੀ ਨੇ ਕੈਡੇਟਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਰਤੀ ਤੇ ਸਮੁੱਚੇ ਜੀਵਤ ਸੰਸਾਰ ਨੂੰ ਬਚਾਉਣ ਲਈ ਵਾਤਾਵਰਣ ਦੀ ਸੁਰੱਖਿਆ ਜ਼ਰੂਰੀ ਹੈ।