ਲੁਧਿਆਣਾ ’ਚ ਸਵੱਛਤਾ ਬਾਰੇ ਕੀਤੀ ਜਾਗਰੂਕਤਾ ਰੈਲੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਸਤੰਬਰ
ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਦੀ ਐੱਨਐੱਸਐੱਸ ਕਮੇਟੀ ਵੱਲੋਂ ਅੱਜ ‘ਸਵੱਛਤਾ ਹੀ ਸੇਵਾ: ਸ਼ਿਕਾਇਤ ਤੋਂ ਸਫ਼ਾਈ ਤੱਕ’ ਵਿਸ਼ੇ ’ਤੇ ਜਾਗਰੂਕਤਾ ਰੈਲੀ ਸੰਸਥਾ ਮੁਖੀ ਡਾਇਰੈਕਟਰ ਪ੍ਰੋ. (ਡਾ.) ਅਮਨ ਅੰਮ੍ਰਿਤ ਚੀਮਾ ਦੀ ਸਰਪ੍ਰਸਤੀ ਹੇਠ ਕੱਢੀ ਗਈ।
ਇਹ ਪਹਿਲਕਦਮੀ 17 ਸਤੰਬਰ ਤੋਂ ਪਹਿਲੀ ਅਕਤੂਬਰ ਤੱਕ ਐੱਨਐੱਨਐੱਸ ਯੂਨਿਟ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ। ਇਸ ਮੁਹਿੰਮ ਦਾ ਉਦੇਸ਼ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਵੱਛਤਾ ਦਾ ਪ੍ਰਚਾਰ ਕਰਨਾ ਹੈ। ਖੇਤਰੀ ਕੇਂਦਰ ਦੇ ਕੈਂਪਸ ਵਿੱਚੋਂ ਸ਼ੁਰੂ ਹੋਈ ਇਹ ਜਾਗਰੂਕਤਾ ਰੈਲੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਵਾਪਸ ਕਾਲਜ ਕੈਂਪਸ ਵਿੱਚ ਪਹੁੰਚ ਕੇ ਸਮਾਪਤ ਹੋਈ। ਇਸ ਰੈਲੀ ਦਾ ਮੁੱਖ ਮਕਸਦ ਸਵੱਛ ਸਮਾਜ, ਸਵੱਛ ਲੁਧਿਆਣਾ ਅਤੇ ਸਵੱਛ ਭਾਰਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਸੀ। ਇਸ ਰੈਲੀ ਵਿੱਚ ਸੰਸਥਾ ਦੇ 100 ਤੋਂ ਵੱਧ ਵਿਦਿਆਰਥੀ ਅਤੇ ਵਾਲੰਟੀਅਰ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਘਰ ਅਤੇ ਬਾਹਰ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਰੈਲੀ ਨੇ ਦੇਸ਼ ਦੇ ਸਿਹਤਮੰਦ ਅਤੇ ਹਰੇ ਭਰੇ ਭਵਿੱਖ ਲਈ ਇੱਕ ਸਾਫ਼ ਸੁਥਰੇ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਪੀ.ਯੂ.ਆਰ. ਸੀ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਰੈਲੀ ਦਾ ਸੰਚਾਲਨ ਪ੍ਰੋਗਰਾਮ ਅਫਸਰ ਡਾ. ਪੂਜਾ ਸਿੱਕਾ ਅਤੇ ਫੈਕਲਟੀ ਮੈਂਬਰ ਐਡਵੋਕੇਟ ਸੁਨੀਲ ਮਿੱਤਾ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ। ਰੈਲੀ ਨੂੰ ਸਫਲ ਬਣਾਉਣ ਵਿੱਚ ਸੌਰਵ,ਅਲੀਨਾ ਤੇ ਜੀਸਸ ਗੋਇਲ ਨੇ ਵੀ ਅਹਿਮ ਯੋਗਦਾਨ ਪਾਇਆ।
ਇਸ ਤੋਂ ਇਲਾਵਾ ਸੰਸਥਾ ਵਿੱਚ ‘ਸਵੈਭਾਵ ਸਵੱਛਤਾ, ਸੰਸਕਾਰ ਸਵੱਛਤਾ’ ਥੀਮ ’ਤੇ ਸਲੋਗਨ ਰਾਈਟਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ‘ ਇਸ ਮੁਕਾਬਲੇ ਵਿੱਚ ਨਿਰੰਜਨ ਨੇ ਪਹਿਲਾ ਸਥਾਨ, ਇੰਦਰਜੀਤ ਨੇ ਦੂਜਾ ਅਤੇ ਸੁਰਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐੱਨਐੱਸਐੱਸ ਯੂਨਿਟ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।