ਵਾਈਐੱਸ ਕਾਲਜ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪ੍ਰੋਗਰਾਮ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 12 ਅਕਤੂਬਰ
ਨਸ਼ਿਆਂ ਦੇ ਵੱਧ ਰਹੇ ਰੁਝਾਨ ਨਾਲ ਨਜਿੱਠਣ ਲਈ ਵਾਈ.ਐੱਸ. ਕਾਲਜ (ਵਾਈਐਸਸੀ) ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਕੋਰਟ ਕੰਪਲੈਕਸ ਵਿਖੇ ਨਸ਼ਾ ਛੁਡਾਊ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਸਮਾਗਮ ਦਾ ਕੇਂਦਰ ਵਾਈ.ਐੱਸ.ਸੀ. ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ ਨੁੱਕੜ ਨਾਟਕ (ਸਟ੍ਰੀਟ ਪਲੇ) ਸੀ, ਜਿਸ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਅਤੇ ਨਸ਼ਾ ਛੁਡਾਊ ਨੂੰ ਉਤਸ਼ਾਹਿਤ ਕਰਨਾ ਸੀ। ਰੂਪਿੰਦਰਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਨੁੱਕੜ ਨਾਟਕ ਨੇ ਨਸ਼ਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਅਤੇ ਪਰਿਵਾਰਾਂ ਦੁਆਰਾ ਦਰਪੇਸ਼ ਭਾਵਨਾਤਮਕ ਸੰਘਰਸ਼ਾਂ ਨੂੰ ਦਰਸਾਇਆ। ਇਸ ਸਮਾਗਮ ਵਿੱਚ ਬੀਬੀਐੱਸ ਤੇਜੀ ਸੈਸ਼ਨ ਜੱਜ, ਦੀਪਕ ਚੌਧਰੀ ਅਤੇ ਕਪਿਲ ਦੇਵ ਸਿੰਗਲਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਮਦਨ ਲਾਲ, ਸੀਜੇਐਮ ਕਮ ਸਕੱਤਰ, ਜਸਵਿੰਦਰ ਸਿੰਘ, ਪ੍ਰਧਾਨ ਬਾਰ, ਵਿਕਰਮ, ਸੀਨੀਅਰ ਸਹਾਇਕ ਸਮੇਤ ਪ੍ਰਸਿੱਧ ਪਤਵੰਤੇ ਹਾਜ਼ਰ ਸਨ। ਵਾਈਐੱਸਸੀ ਦੇ ਪ੍ਰਿੰਸੀਪਲ ਡਾ. ਗੁਰਪਾਲ ਸਿੰਘ ਰਾਣਾ ਨੇ ਵਿਦਿਆਰਥੀਆਂ ਦੀ ਸਮਾਜਿਕ ਸਰੋਕਾਰਾਂ ਪ੍ਰਤੀ ਵਚਨਬੱਧਤਾ ’ਤੇ ਮਾਣ ਮਹਿਸੂਸ ਕੀਤਾ।