ਤੰਦਰੁਸਤ ਜੀਵਨ ਸ਼ੈਲੀ ਅਤੇ ਕੈਂਸਰ ਤੋਂ ਬਚਾਅ ਸਬੰਧੀ ਜਾਗਰੂਕਤਾ ਮੈਰਾਥਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਨਵੰਬਰ
ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਨ ਅਤੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਲੁਧਿਆਣਾ ਰਨਰਜ਼ ਅਤੇ ਰਿਲਾਇੰਸ ਇੰਡਸਟਰੀਜ਼ ਵੱਲੋਂ ਆਰਐੱਲਐੱਨ ਲੁਧਿਆਣਾ-10 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਨੂੰ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਗਡਵਾਸੂ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੈਰਾਥਨ ਵਿੱਚ ਵੱਖ ਵੱਖ ਉਮਰ ਵਰਗ ਦੇ ਕਰੀਬ 2 ਹਜ਼ਾਰ ਦੌੜਾਕਾਂ ਨੇ ਹਿੱਸਾ ਲਿਆ। ਇਸ ਦੌਰਾਨ 10 ਕਿਲੋਮੀਟਰ, 5 ਕਿਲੋਮੀਟਰ ਅਤੇ 3 ਕਿਲੋਮੀਟਰ ਦੀ ਦੌੜ ਕਰਵਾਈ ਗਈ।
ਡਾ. ਗੋਸਲ ਅਤੇ ਡਾ. ਗਿੱਲ ਨੇ ਕਿਹਾ ਕਿ ਖੇਡਾਂ ਸਿਰਫ ਸਰੀਰਕ ਤੌਰ ’ਤੇ ਤੰਦਰੁਸਤੀ ਹੀ ਪ੍ਰਦਾਨ ਨਹੀਂ ਕਰਦੀਆਂ ਸਗੋਂ ਆਪਸੀ ਪ੍ਰੇਮ-ਪਿਆਰ ਵਧਾਉਣ ਦੇ ਨਾਲ ਨਾਲ ਅਨੁਸਾਸ਼ਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ। ਉਨ੍ਹਾਂ ਨੇ ਲੁਧਿਆਣਾ ਰਨਰਜ਼ ਨੂੰ ਇਸ ਮੈਰਾਥਨ ਨੂੰ ਕਰਵਾਉਣ ਲਈ ਵਧਾਈ ਦਿੱਤੀ। ਰਿਲਾਇੰਸ ਇੰਡਸਟਰੀਜ਼ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਮੈਰਾਥਨ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੋਂ ਇਲਾਵਾ ਕੈਂਸਰ ਦੀ ਨਾ-ਮੁਰਾਦ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਰਵਾਈ ਗਈ। ਇਸ ਮੈਰਾਥਨ ਨੂੰ ਸਥਾਨਕ ਲੋਕਾਂ ਤੇ ਖਿਡਾਰੀਆਂ ਵੱਲੋਂ ਪੂਰਾ ਸਮਰਥਨ ਮਿਲਿਆ।
ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ 2019 ਵਿੱਚ ਮੈਰਾਥਨ ਕਰਵਾਈ ਸੀ। ਉਸ ਨੂੰ ਮਿਲੇ ਭਰਵੇਂ ਸਮਰਥਨ ਤੋਂ ਬਾਅਦ ਅੱਜ ਇਹ ਚੌਥੀ ਮੈਰਾਥਨ ਕਰਵਾਈ ਗਈ ਹੈ। ਇਸ ਮੈਰਾਥਨ ਵਿੱਚ ਰਿਲਾਇੰਸ ਵੱਲੋਂ ਹਿੱਸਾ ਲੈਣ ਵਾਲੇ ਦੌੜਾਕਾਂ ਨੂੰ ਮੈਡਲ, ਟੀ-ਸ਼ਰਟਾਂ ਅਤੇ ਹੋਰ ਸਮਾਨ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਲੁਧਿਆਣਾ ਰਨਰਜ਼ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਪੁੰਨੀ, ਰੇਸ ਡਾਇਰੈਕਟਰ ਡਾ. ਸਰਵਪ੍ਰੀਤ ਸਿੰਘ ਘੁੰਮਣ, ਪਿਊਸ਼ ਚੋਪੜਾ, ਅਮਿਤ ਮਿੱਤਲ, ਹਰਦੀਪ ਸਿੰਘ, ਪਿਊਸ਼ ਛਾਬੜਾ, ਦੇਵ ਡਾਵਰ, ਰਜਨੀਸ਼ ਸ਼ਰਮਾ, ਪਾਰੁਲ ਗੁਪਤਾ, ਵੰਸ਼ਿਕਾ ਸੂਦ, ਸੰਜੀਵ ਕੁਮਾਰ ਪਾਰਸ ਤੇ ਹੋਰ ਹਾਜ਼ਰ ਸਨ।