ਕੂੜੇ ਦੀ ਸਮੱਸਿਆ ਦੇ ਹੱਲ ਲਈ ਜਾਗਰੂਕਤਾ ਜ਼ਰੂਰੀ: ਮਨਮੋਹਨ ਸਿੰਘ
ਪੱਤਰ ਪ੍ਰੇਰਕ
ਖਰੜ, 6 ਨਵੰਬਰ
ਪੰਜਾਬ ਬੁਨਿਆਦੀ ਢਾਂਚਾ ਰੈਗੂਲੇਟਰੀ ਅਥਾਰਟੀ ਦੇ ਸਾਬਕਾ ਮੈਂਬਰ ਤੇ ਪੰਜਾਬ ਸਰਕਾਰ ਦੇ ਮੁੱਖ ਇੰਜਨੀਅਰ (ਸੇਵਾਮੁਕਤ) ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮਿਉਂਸਿਪਲ ਸਾਲਿਡ ਵੇਸਟ ਸਭ ਤੋਂ ਵੱਡਾ ਪ੍ਰਦੂਸ਼ਕ ਹੈ ਕਿਉਂਕਿ ਇਹ ਹਾਈਡ੍ਰੋਸਫੀਅਰ, ਭੂ-ਮੰਡਲ ਅਤੇ ਵਾਯੂਮੰਡਲ ਨੂੰ ਦੂਸ਼ਿਤ ਕਰਦਾ ਹੈ। ਕੂੜੇ ਦੇ ਢੇਰ ਅਕਸਰ ਪਹਾੜਾਂ ਦੀ ਸਕਲ ਵਿੱਚ, ਸ਼ਹਿਰਾਂ ਅਤੇ ਕਸਬਿਆਂ ਵਿੱਚ ਅਤੇ ਆਲੇ-ਦੁਆਲੇ ਪਏ ਹੋਣ ਤਾਂ ਉਹ ਮੁੱਖ ਤੌਰ ’ਤੇ ਮੀਥੇਨ ਅਤੇ ਕਾਰਬਨ ਡਾਈਆਕਸਾਈਡ ਦਾ ਸਭ ਤੋਂ ਵੱਡਾ ਸਰੋਤ ਹਨ। ਇਸ ਰਹਿੰਦ-ਖੂੰਹਦ ਵਿੱਚੋਂ ਲੰਘਣ ਵਾਲਾ ਮੀਂਹ ਦਾ ਪਾਣੀ, ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕ ਹਰ ਰੋਜ਼ ਕਰੀਬ 1.15 ਲੱਖ ਤੋਂ 1.7 ਲੱਖ ਮੀਟ੍ਰਿਕ ਟਨ ਮਿਉਂਸਿਪਲ ਕੂੜਾ ਪੈਦਾ ਕਰਦੇ ਹਨ। ਇਸ ਗੁੰਝਲਦਾਰ ਸਮੱਸਿਆ ਦਾ ਮੁੱਖ ਕਾਰਨ ਇਹ ਹੈ ਕਿ ਪੈਦਾ ਹੋਣ ਵਾਲੇ ਕੂੜੇ ਦਾ 70 ਫ਼ੀਸਦੀ ਘਰੇਲੂ ਪੱਧਰ ’ਤੇ ਵੱਖ-ਵੱਖ ਨਹੀਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿਉਂਸਿਪਲ ਵੇਸਟ ਦਾ 80% ਜਾਂ ਤਾਂ ਮੁੜ ਵਰਤਿਆ ਜਾ ਸਕਦਾ ਹੈ ਜਾਂ ਰੀਸਾਈਕਲ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਸ਼ਹਿਰੀ ਸੰਸਥਾਵਾਂ ਅਤੇ ਨੀਤੀ ਨਿਰਮਾਤਾਵਾਂ ਦਾ ਸਾਰਾ ਧਿਆਨ ਲੋਕਾਂ ਵਿੱਚ ਵਿਹਾਰਕ ਤਬਦੀਲੀ ਨੂੰ ਉਤਸ਼ਾਹਿਤ ਕਰਨ ’ਤੇ ਹੋਣਾ ਚਾਹੀਦਾ ਹੈ।