ਸਾਈਬਰ ਅਪਰਾਧਾਂ ਤੋਂ ਬਚਣ ਲਈ ਜਾਗਰੂਕਤਾ ਜ਼ਰੂਰੀ: ਏਡੀਜੀਪੀ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 9 ਨਵੰਬਰ
ਰੂਪਨਗਰ ਰੇਂਜ ਦੇ ਡੀਆਈਜੀ ਸ੍ਰੀਮਤੀ ਨੀਲਾਂਬਰੀ ਜਗਦਲੇ ਅਤੇ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਖੇਡ ਕੰਪਲੈਕਸ ਫੇਜ਼-11 ਵਿੱਚ ਆਮ ਸ਼ਹਿਰੀਆਂ ਨਾਲ ਮੀਟਿੰਗ ਕਰ ਕੇ ਮਹੀਨੇ ਦਾ ਪਬਲਿਕ ਸੇਫਟੀ ਰਿਪੋਰਟ ਕਾਰਡ ਪੇਸ਼ ਕੀਤਾ। ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਦੇ ਏਡੀਜੀਪੀ ਵੀ. ਨੀਰਜਾ ਨੇ ਪੁਲੀਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਜ਼ਿਲ੍ਹਾ ਪੁਲੀਸ ਦੀਆਂ ਪਹਿਲਕਦਮੀਆਂ ਦੀ ਪ੍ਰਗਤੀ ਬਾਰੇ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਉੱਚ ਜ਼ੋਖ਼ਮ ਵਾਲੇ ਖੇਤਰਾਂ ਵਿੱਚ ਗਸ਼ਤ ਵਧਾਉਣ, ਆਵਾਜਾਈ ਪ੍ਰਬੰਧਨ ਦੀਆਂ ਰਣਨੀਤੀ ਤੈਅ ਕਰਨ ਸਮੇਤ ਪੁਲੀਸ ਵੱਲੋਂ ਕੀਤੀਆਂ ਗਈਆਂ ਮੁੱਖ ਕਾਰਵਾਈਆਂ ਬਾਰੇ ਦੱਸਿਆ ਗਿਆ। ਉਨ੍ਹਾਂ ਨੇ ਪੁਲਿਸਿੰਗ ਵਿੱਚ ਭਾਈਚਾਰਕ ਸ਼ਮੂਲੀਅਤ ਦੇ ਮਹੱਤਵ ’ਤੇ ਵੀ ਜ਼ੋਰ ਦਿੰਦਿਆਂ ਹਾਜ਼ਰ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਜੋਖ਼ਮ ਵਾਲੇ ਖੇਤਰਾਂ ਅਤੇ ਲੋਕਾਂ ਦੀ ਨਿਗਰਾਨੀ ਲਈ ਵਚਨਬੱਧ ਹੈ ਅਤੇ ਅਪਰਾਧਕ ਗਤੀਵਿਧੀਆਂ ਨੂੰ ਰੋਕਣ ਲਈ ਜਿੱਥੇ ਵੀ ਲੋੜ ਪਵੇਗੀ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਗੱਲਬਾਤ ਦੇ ਇੱਕ ਸੈਸ਼ਨ ਦੌਰਾਨ ਸ਼ਹਿਰ ਵਾਸੀਆਂ ਨੂੰ ਆਪਣੇ ਫੀਡਬੈਕ ਅਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਦਿੱਤਾ ਗਿਆ। ਲੋਕਾਂ ਨੇ ਪੁਲੀਸ ਦੀ ਪ੍ਰਤੱਖ ਹਾਜ਼ਰੀ ਅਤੇ ਪੁਲੀਸ ਵੱਲੋਂ ਅਪਰਾਧ ਨੂੰ ਘਟਾਉਣ ਲਈ ਆਪਣੇ ਸੁਝਾਅ ਦਿੱਤੇ। ਫੀਡਬੈਕ ਸੈਸ਼ਨ ਤੋਂ ਬਾਅਦ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਆਈਜੀ ਨੀਲਾਂਬਰੀ ਜਗਦਲੇ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਪੁਲੀਸ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰਦੀ ਰਹੇਗੀ।