For the best experience, open
https://m.punjabitribuneonline.com
on your mobile browser.
Advertisement

ਕਿਸਾਨ ਵਿਰੋਧੀ ਸਰਕਾਰੀ ਨੀਤੀਆਂ ਖ਼ਿਲਾਫ਼ ਚੇਤਨਾ ਕਾਨਫਰੰਸ

08:57 AM Sep 19, 2023 IST
ਕਿਸਾਨ ਵਿਰੋਧੀ ਸਰਕਾਰੀ ਨੀਤੀਆਂ ਖ਼ਿਲਾਫ਼ ਚੇਤਨਾ ਕਾਨਫਰੰਸ
ਚੇਤਨਾ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾ. ਸਤਨਾਮ ਸਿੰਘ ਅਜਨਾਲਾ।
Advertisement

ਸੁਖਦੇਵ ਿਸੰਘ
ਅਜਨਾਲਾ, 18 ਸਤੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵੱਲੋਂ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਕਿਸਾਨ ਵਿਰੋਧੀ ਲਏ ਜਾ ਰਹੇ ਫੈਸਲ਼ਿਆਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਅਜਨਾਲਾ ਨਜ਼ਦੀਕ ਪੈਂਦੇ ਪਿੰਡ ਜੌਸ-ਮੁਹਾਰ ਵਿੱਚ ਜਨ-ਚੇਤਨਾ ਕਾਨਫਰੰਸ ਕੀਤੀ ਗਈ ਜਿਸ ਵਿੱਚ ਦਰਜਨਾਂ ਪਿੰਡਾਂ ਵਿੱਚੋਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਸ਼ਾਮਲ ਹੋਈਆਂ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਤੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਰ.ਐੱਸ.ਐੱਸ. ਦੀ ਵਿਚਾਰਧਾਰਾ ਅਨੁਸਾਰ ਭਾਰਤ ਨੂੰ ਕੱਟੜ ਹਿੰਦੂ ਰਾਸ਼ਟਰ ਬਣਾਉਣ ਅਤੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਨੂੰ ਤੇਜ਼ ਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕੁਦਰਤੀ ਖ਼ਜ਼ਾਨੇ ਦੇਸੀ ਅਤੇ ਵਿਦੇਸੀ ਕਾਰਪੋਰੇਟ ਘਰਾਣਿਆ ਨੂੰ ਲੁਟਾ ਕੇ ਦੇਸ਼ ਦੀ ਮਾਲੀ ਹਾਲਤ ਨੂੰ ਕਮਜ਼ੋਰ ਕਰ ਰਹੀ ਹੈ ਜਿਸ ਖਿਲਾਫ ਇੱਕਜੁੱਟ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਮੋਦੀ ਸਰਕਾਰ ਅਤੇ ਉਸਦੇ ਭਾਈਵਾਲਾਂ ਨੂੰ ਭਾਂਜ ਦੇਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਆਰਥਿਕ ਮਾਹਿਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਤੇ ਸੂਬਾਈ ਸਰਕਾਰਾਂ ਦੀ ਦਰਾਮਦ ਤੇ ਬਰਾਮਦ ਖੇਤੀ ਨੀਤੀ ਕਿਸਾਨ ਵਿਰੋਧੀ ਹੋਣ ਕਾਰਨ ਹੀ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ ਜੋ ਹੁਣੇ-ਹੁਣੇ ਬਾਸਮਤੀ ਦੀ ਬਰਾਮਦ ਨੀਤੀ ਇਸ ਦੀ ਉਘੜਵੀਂ ਮਿਸਾਲ ਹੈ। ਇਸ ਮੌਕੇ ਸੀਤਲ ਸਿੰਘ ਤਲਵੰਡੀ ,ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਸਤਵਿੰਦਰ ਸਿੰਘ, ਬਲਕਾਰ ਸਿੰਘ ਜੌਸ , ਮਨਪ੍ਰੀਤ ਸਿੰਘ, ਸਾਹਿਬ ਸਿੰਘ ਠੱਠੀ, ਅਜੀਤ ਸਿੰਘ ਮੁਹਾਰ ਤੇ ਕਰਨੈਲ ਸਿੰਘ ਆਦਿ ਸ਼ਾਮਿਲ ਸਨ।

Advertisement
Author Image

Advertisement
Advertisement
×