ਭਾਜਪਾ ਵੱਲੋਂ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਦਿੱਲੀ ਵਿਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਦੀ ਨਾਅਹਿਲੀਅਤ ਨੂੰ ਲੈ ਕੇ ਅੱਜ ਜਨਤਕ ਚਰਚਾ ਸ਼ੁਰੂ ਹੋਣ ਦੇ ਨਾਲ ਹੀ ਜਦੋਂ ਏਕਿਊਆਈ ਪੱਧਰ 475 ਨੂੰ ਵੀ ਪਾਰ ਕਰ ਗਿਆ ਹੈ, ਤਾਂ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਮਾਸਕ ਪਹਿਨਣ ਦੀ ਲੋੜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਦੇ ਕ੍ਰਿਸ਼ੀ ਭਵਨ ਗੇਟ ਵਿੱਚ ਪ੍ਰਤੀਕਾਤਮਕ ਮਾਸਕ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ।
ਸ੍ਰੀ ਸਚਦੇਵਾ ਦੇ ਨਾਲ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ, ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਅਤੇ ਪ੍ਰਵੀਨ ਖੰਡੇਲਵਾਲ ਨੇ ਕ੍ਰਿਸ਼ੀ ਭਵਨ ਮੈਟਰੋ ਸਟੇਸ਼ਨ ਅਤੇ ਬੱਸ ਸਟੈਂਡ ਵਿੱਚ ਮਾਸਕ ਵੰਡੇ। ਮਾਸਕ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਜੇ ਦਿੱਲੀ ਵਿੱਚ ਜੀਆਰਏਪੀ 4 ਲਗਾਉਣ ਦੀ ਸਥਿਤੀ ਆਈ ਹੈ ਤਾਂ ਇਹ ਕਹਿਣ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਲੀ ਦੇ ਲੋਕ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਏਕਿਊਆਈ 475 ਤੋਂ ਵੱਧ ਹੋ ਚੁੱਕੀ ਹੈ ਅਤੇ ਦਿੱਲੀ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਜਿਸ ਤਰ੍ਹਾਂ ਦੀ ਸਰਕਾਰ ਚਲਾ ਰਹੀ ਹੈ, ਉਸ ਦਾ ਨਤੀਜਾ ਦਿੱਲੀ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕ ਖਾਂਸੀ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ। ਇਸ ਦੌਰਾਨ ਉਨ੍ਹਾਂ ਦਿੱਲੀ ਦੀ ‘ਆਪ’ ਸਰਕਾਰ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਆਮ ਲੋਕਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਰਾਜਧਾਨੀ ਦੀ ਅੱਜ ਇਹ ਹਾਲਤ ਹੈ।