ਪਿੰਡਾਂ ’ਚ ਮੋਦੀ ਹਕੂਮਤ ਖ਼ਿਲਾਫ਼ ਚੇਤਨਾ ਮੁਹਿੰਮ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 28 ਮਈ
ਲੋਕ ਸਭਾ ਚੋਣਾਂ ਦੇ ਭਖੇ ਅਖਾੜੇ ਦੌਰਾਨ ਇਨਕਲਾਬੀ ਕੇਂਦਰ ਵੱਲੋਂ ਚੇਤਨਾ ਮੁਹਿੰਮ ਚਲਾਈ ਜਾ ਰਹੀ ਹੈ। ਪਿੰਡ ਦੱਧਾਹੂਰ ਅਤੇ ਕਾਲਸਾਂ ਵਿੱਚ ਜਨਤਕ ਮੀਟਿੰਗਾਂ ਦੌਰਾਨ ਭਾਜਪਾ ਦੇ ਫ਼ਿਰਕੂ ਫਾਸ਼ੀਵਾਦੀ ਏਜੰਡੇ ਨੂੰ ਭਾਂਜ ਦੇਣ ਅਤੇ ਆਪਣੀਆਂ ਬੁਨਿਆਦੀ ਸਮੱਸਿਆਵਾਂ ਦੇ ਪੱਕੇ ਹੱਲ ਲਈ ਇਨਕਲਾਬ ਦਾ ਝੰਡਾ ਚੁੱਕਣ ਦਾ ਸੱਦਾ ਦਿੱਤਾ। ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ ਅਤੇ ਜਗਰਾਜ ਹਰਦਾਸਪੁਰਾ ਨੇ ਪਾਰਲੀਮਾਨੀ ਢਾਂਚੇ ਦੀ ਚੀਰਫਾੜ ਕਰਦਿਆਂ ਪਿਛਲੇ 77 ਸਾਲ ਦੇ ਇਤਿਹਾਸ ਦੀ ਬਾਤ ਪਾਈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤ ਕੇ ਸੱਤਾ ਹਾਸਲ ਕਰਨ ਵਾਲੇ ਨੁਮਾਇੰਦੇ ਵਿਅਕਤੀਗਤ ਰੂਪ ਵਿੱਚ ਪੂਰਨ ਸੁਹਿਰਦ ਹੁੰਦਿਆਂ ਹੋਇਆਂ ਵੀ ਸਾਮਰਾਜੀ ਸੰਸਥਾਵਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਸ਼ਿੰਗਾਰ ਹੀ ਬਣੇ ਹਨ। ਉਨ੍ਹਾਂ ਇਸ ਢਾਂਚੇ ਨੂੰ ਉਖਾੜ ਕੇ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਸਿਖਰ ਛੋਹ ਰਹੀ ਗੈਰ ਬਰਾਬਰੀ, ਪਰਮਾਣੂ ਹਥਿਆਰਾਂ ਦੀ ਦੌੜ ਅਤੇ ਵਾਤਾਵਰਨ ਸੰਕਟ ਮੌਜੂਦਾ ਸੰਕਟ ਨੂੰ ਹੋਰ ਵੀ ਡੂੰਘਾ ਕਰ ਰਿਹਾ ਹੈ।