ਵਿਦੇਸ਼ ਭੇਜਣ ਦੇ ਨਾਂ ’ਤੇ ਵੱਜਦੀਆਂ ਠੱਗੀਆਂ ਤੋਂ ਬਚਣ ਲਈ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ
ਪਾਤੜਾਂ, 29 ਜੂਨ
ਪਿੰਡਾਂ ਤੇ ਸ਼ਹਿਰ ਵਿੱਚ ਵਿਦੇਸ਼ ਭੇਜਣ ਦੇ ਨਾ ’ਤੇ ਵੱਜਦੀਆਂ ਲੱਖਾਂ ਰੁਪਏ ਦੀਆਂ ਠੱਗੀਆਂ ਦਾ ਖਮਿਆਜ਼ਾ ਗ਼ਰੀਬ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਇਸ ਤਹਿਤ ਪਿੰਡ ਸ਼ੁਤਰਾਣਾ ਦੇ ਗੁਰਦੁਆਰਾ ਨਾਮ ਜਪ ਸਾਹਿਬ ਵਿੱਚ ਠੱਗੀਆਂ ਰੋਕਣ ਲਈ ਜਾਗਰੂਕਤਾ ਕੈਂਪ ਲਾਇਆ ਗਿਆ।
ਹੀਪੋ ਕੈਂਪਸ ਸੰਗਰੂਰ ਵੱਲੋਂ ਹਰਮਨ ਸਿੰਘ ਅਤੇ ਗੁਰਲੀਨ ਕੌਰ ਨੇ ਦੱਸਿਆ ਕਿ ਅਕਸਰ ਲੋਕ ਉਨ੍ਹਾਂ ਠੱਗ ਏਜੰਟਾਂ ਕੋਲ ਫ਼ਸ ਜਾਂਦੇ ਹਨ ਜਿਨ੍ਹਾਂ ਕੋਲ ਸਰਕਾਰ ਵੱਲੋਂ ਕੋਈ ਮਾਨਤਾ ਨਹੀਂ ਹੁੰਦੀ ਫਿਰ ਉਹ ਆਮ ਲੋਕਾਂ ਨੂੰ ਅਜਿਹੇ ਸਬਜ਼ਬਾਗ਼ ਦਿਖਾਉਂਦੇ ਹਨ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਵਿੱਚ ਫ਼ਸ ਕੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਕਿਸਮ ਦੇ ਲੋਕ ਦੁਬਾਰਾ ਲੱਭਦੇ ਨਹੀਂ ਜੇਕਰ ਲੱਭ ਜਾਣ ਤਾਂ ਪੁਲੀਸ ਕੇਸ ਜਾਂ ਅਦਾਲਤਾਂ ਦੇ ਕੇਸ ਭੁਗਤਦਿਆਂ ਫਸੀ ਰਕਮ ਦਾ ਵਿਆਜ ਨਹੀਂ ਮੁੜਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਮੇਸ਼ਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਟਰੈਵਲ ਏਜੰਟ ਕੋਲ ਜਾਇਆ ਜਾਵੇ ਅਤੇ ਪੂਰੀ ਤਸੱਲੀ ਦੇ ਅਸਲੀ ਕਾਗਜ਼ਾਤ ਕਦੇ ਨਾ ਦਿੱਤੇ ਜਾਣ, ਕਿਉਂਕਿ ਫਰਜ਼ੀ ਟਰੈਵਲ ਏਜੰਟ ਸਭ ਤੋਂ ਪਹਿਲਾਂ ਪਾਸਪੋਰਟ ਲੈਂਦੇ ਹਨ। ਜਿਹੜਾ ਵਾਪਸ ਕਰਾਉਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਭੇਜਣ ਜਾਂ ਖ਼ੁਦ ਜਾਣ ਵੇਲੇ ਸਹੀ ਰਸਤੇ ਦੀ ਚੋਣ ਕਰਨੀ ਚਾਹੀਦੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਝੱਬਰ, ਸਾਬਕਾ ਸਰਪੰਚ ਭਗਵੰਤ ਸਿੰਘ ਸੁਤਰਾਣਾ, ਬਲਵਾਨ ਸਿੰਘ, ਸਰਬਜੀਤ ਸਿੰਘ, ਗੁਰਤੇਜ ਸਿੰਘ ਢਿੱਲੋਂ, ਜੋਗਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਸੰਤੋਖ ਸਿੰਘ ਰਸੌਲੀ, ਲਸ਼ਕਰ ਸਿੰਘ, ਜਗਤ ਰਾਮ, ਰਾਜਾ ਰਾਮ ਤੇ ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।