ਪਰਾਲੀ ਸਾੜਨ ਖ਼ਿਲਾਫ਼ ਪਿੰਡ ਹੁਸ਼ਿਆਰਪੁਰ ਵਿੱਚ ਜਾਗਰੂਕਤਾ ਕੈਂਪ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 3 ਨਵੰਬਰ
ਪਰਾਲੀ ਦੇ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਦੇ ਉਦੇਸ਼ ਤਹਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਮੁਹਾਲੀ ਵੱਲੋਂ ਝੋਨੇ ਦੀ ਪਰਾਲੀ ਨਾਲ ਸਾੜਨ ਸਬੰਧੀ ਪ੍ਰਾਜੈਕਟ ਦੇ ਅਧੀਨ ਜਾਗਰੂਕਤਾ ਕੈਂਪ ਸਰਕਾਰੀ ਸਕੂਲ ਦੇ ਵਿਹੜੇ ਪਿੰਡ ਹੁਸ਼ਿਆਰਪੁਰ ਵਿੱਚ ਲਗਾਇਆ ਗਿਆ। ਇਹ ਕੈਂਪ ਡਾਕਟਰ ਬਲਵੀਰ ਸਿੰਘ ਖੱਦਾ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀਮਤੀ ਸੁਹਿੰਦਰ ਕੌਰ ਪ੍ਰਿੰਸੀਪਲ ਸਕੂਲ ਹੁਸ਼ਿਆਰਪੁਰ ਦੀ ਅਗਵਾਈ ਹੇਠ ਕਰਵਾਇਆ ਗਿਆ। ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਸਕੂਲ ਦੇ ਵਿਦਿਆਰਥੀਆਂ ਕੋਲੋਂ ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਸਲੋਗਨ ਲਿਖਣ ਮੁਕਾਬਲੇ ਵਿੱਚ ਅਕਸ਼ਪ੍ਰੀਤ ਕੌਰ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਤੇ ਸਿਮਰਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਬਣਾਉਣ ਮੁਕਾਬਲੇ ਵਿੱਚ ਜਸਦੀਪ ਸਿੰਘ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ ਤੇ ਅਰਸ਼ਪ੍ਰੀਤ ਕੌਰ ਤੇ ਸ਼ੈਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਕੈਂਪ ਦੌਰਾਨ ਡਾਕਟਰ ਪਾਰੁਲ ਗੁਪਤਾ ਨੇ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨ ਅਤੇ ਇਸ ਦੀ ਸਾਂਭ ਸੰਭਾਲ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਡਾਕਟਰ ਕੋਮਲ ਨੇ ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਪੁਸ਼ੂਆਂ ਦੀ ਖੁਰਾਕ ਵਿੱਚ ਵਰਤਣ ਦੇ ਤਰੀਕਿਆਂ ਬਾਰੇ ਦੱਸਿਆ। ਡਾਕਟਰ ਬਲਵੀਰ ਸਿੰਘ ਖੱਦਾ ਨੇ ਪਸ਼ੂ ਫਾਰਮ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਦੱਸਿਆ। ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਰੈਲੀ ਵੀ ਕੱਢੀ ਗਈ।