ਪੁਲੀਸ ਵੱਲੋਂ ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ
ਮਾਛੀਵਾੜਾ, 2 ਨਵੰਬਰ
ਪੁਲੀਸ ਵਿਭਾਗ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਪਰਾਲੀ ਨਾ ਸਾੜਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਅੱਜ ਡੀਐੱਸਪੀ ਨਾਰਕੋਟੈਕ ਸੈੱਲ ਖੰਨਾ ਕਰਮਜੀਤ ਸਿੰਘ ਗਰੇਵਾਲ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਪਿੰਡ ਪਵਾਤ ਤੇ ਝਾੜ ਸਾਹਿਬ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀ। ਡੀਐੱਸਪੀ ਕਰਮਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਪ੍ਰਦੂਸ਼ਣ ਫੈਲਦਾ ਹੈ ਉਥੇ ਧਰਤੀ ਦੇ ਪੌਸ਼ਕ ਤੱਤ ਵੀ ਖ਼ਤਮ ਹੋ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਬਲਕਿ ਮਸ਼ੀਨਰੀ ਨਾਲ ਇਸਦੀਆਂ ਗੱਠਾਂ ਬਣਾਉਣ ਜਾਂ ਖੇਤ ਵਿਚ ਹੀ ਵਾਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਕਿਸਾਨ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇਗੀ।
ਪਾਇਲ (ਪੱਤਰ ਪ੍ਰੇਰਕ): ਪਿੰਡ ਈਸੜੂ ਵਿੱਚ ਅੱਜ ਥਾਣਾ ਸਦਰ ਖੰਨਾ ਦੇ ਮੁੱਖ ਅਫਸਰ ਸੁਖਵਿੰਦਰਪਾਲ ਸਿੰਘ ਸੋਹੀ ਨੇ ਲੋਕਾਂ ਨੂੰ ਪਰਾਲੀ ਸਾੜਨ ਨਾਲ ਦੂਸ਼ਿਤ ਹੋ ਰਹੇ ਵਾਤਾਵਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਭੁਮੱਦੀ, ਚਕੋਹੀ, ਗਾਜੀਪੁਰ, ਈਸੜੂ, ਰਾਜੇਵਾਲ, ਰੋਹਣੋ ਖੁਰਦ ਤੇ ਰੋਹਣੋ ਕਲਾਂ ਪਿੰਡ ਵਿੱਚ ਦੱਸਿਆ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਵੀ ਗੰਧਲਾ ਹੁੰਦਾ ਹੈ ਤੇ ਧਰਤੀ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਪਰਾਲੀ ਸਾੜਨ ਨਾਲ ਹੋ ਰਹੇ ਧੂੰਏ ਕਾਰਨ ਸੜਕ ਹਾਦਸੇ ਵੀ ਵਾਪਰਦੇ ਹਨ। ਇਸ ਮੌਕੇ ਹੌਲਦਾਰ ਅਮਰਜੀਤ ਸਿੰਘ, ਕਾਸਟੇਬਲ ਬਬਲਜੀਤ ਕੌਰ ਹਾਜ਼ਰ ਸਨ।
ਪਰਾਲੀ ਸਾੜਨ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡੇਹਲੋ ਦੀ ਪੁਲੀਸ ਨੇ ਪਰਾਲੀ ਸਾੜਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹੌਲਦਾਰ ਕਰਮਵੀਰ ਨੇ ਦੱਸਿਆ ਹੈ ਕਿ ਉਹ ਸਮੇਤ ਪੁਲੀਸ ਪਾਰਟੀ ਇਲਾਕਾ ਗਸ਼ਤ ਦੇ ਸਬੰਧ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਡੰਗਰੇ ਵਿੱਚ ਝੋਨੇ ਦੀ ਪਰਾਲੀ ਸਾੜੀ ਗਈ ਹੈ। ਪੁਲੀਸ ਵੱਲੋਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁੱਕਮ ਦੀ ਉਲੰਘਣਾ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।