ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਿਕ ਰੋਗਾਂ ਬਾਰੇ ਜਾਗਰੂਕਤਾ ਅਤੇ ਸਮਾਜਿਕ ਕਲੰਕ

07:21 AM Nov 05, 2024 IST

ਡਾ. ਅਜੀਤਪਾਲ ਸਿੰਘ ਐੱਮਡੀ

Advertisement

ਦੁਨੀਆ ਭਰ ਵਿੱਚ 45 ਕਰੋੜ ਤੋਂ ਵੀ ਵੱਧ ਲੋਕ ਮਾਨਸਿਕ ਵਿਕਾਰਾਂ ਨਾਲ ਗ੍ਰਸਤ ਹਨ। ਇਸ ਦੇ ਮੱਦੇਨਜ਼ਰ ਭਵਿੱਖ ਵਿੱਚ ਮਾਨਸਿਕ ਸਿਹਤ ਦੇ ਇਲਾਜ ਦਾ ਭਾਰ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਇਲਾਜ ਕਰਨ ਦੀਆਂ ਸਮਰੱਥਾਵਾਂ ਤੋਂ ਕਾਫ਼ੀ ਪਰ੍ਹੇ ਹੋਵੇਗਾ। ਮਾਨਸਿਕ ਸਿਹਤ ਦਾ ਸਬੰਧ ਮਨੁੱਖੀ ਵਿਹਾਰ ਨਾਲ ਜੁੜਿਆ ਹੋਇਆ ਹੈ। ਇਸ ਨੂੰ ਸਰੀਰਕ ਸਿਹਤ ਅਤੇ ਜੀਵਨ ਦੀ ਗੁਣਵੱਤਾ ਦਾ ਮੂਲ ਸਮਝਿਆ ਜਾਂਦਾ ਹੈ। ਸਰੀਰਕ ਅਤੇ ਮਾਨਸਿਕ ਸਿਹਤ ਦਾ ਬਹੁਤ ਨਜ਼ਦੀਕੀ ਸਬੰਧ ਹੈ। ਜੇਕਰ ਤੁਸੀਂ ਸਰੀਰਕ ਪੱਖੋਂ ਤੰਦਰੁਸਤ ਹੋ, ਪਰ ਮਾਨਸਿਕ ਸਿਹਤ ਠੀਕ ਨਹੀਂ ਹੈ ਤਾਂ ਤੁਹਾਡਾ ਸਰੀਰ ਬਿਮਾਰ ਹੋ ਸਕਦਾ ਹੈ ਕਿਉਂਕਿ ਇਹ ਸਿੱਧ ਹੋ ਚੁੱਕਿਆ ਹੈ ਕਿ ਅਵਸਾਦ ਕਾਰਨ ਦਿਲ ਅਤੇ ਲਹੂ ਪ੍ਰਵਾਹ ਸਬੰਧੀ ਰੋਗ ਵਿਕਸਤ ਹੁੰਦੇ ਹਨ।
ਮਾਨਸਿਕ ਵਿਕਾਰ ਹਰ ਪੱਖੋਂ ਸਬੰਧਿਤ ਵਿਅਕਤੀ ਦੀ ਸਿਹਤ ਦਾ ਨੁਕਸਾਨ ਕਰਦੇ ਹਨ। ਜਿਵੇਂ ਕਿ ਉਹ ਸੰਤੁਲਿਤ ਭੋਜਨ ਗ੍ਰਹਿਣ ਨਹੀਂ ਕਰਦਾ, ਨਿਯਮਤ ਕਸਰਤ, ਜ਼ਰੂਰੀ ਨੀਂਦ, ਸੁਰੱਖਿਅਤ ਜਿਨਸੀ ਵਿਹਾਰ ਆਦਿ ਸਭ ਦੀ ਅਣਦੇਖੀ ਕਰਦਾ ਹੈ। ਇਸ ਤਰ੍ਹਾਂ ਹੋਣ ਨਾਲ ਸਰੀਰਕ ਰੋਗ ਹੋਣ ਦਾ ਜੋਖ਼ਮ ਵਧ ਜਾਂਦਾ ਹੈ। ਮਾਨਸਿਕ ਸਿਹਤ ਸਹੀ ਨਾ ਹੋਣ ਕਾਰਨ ਕਈ ਹੋਰ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਜਨਮ ਲੈਂਦੀਆਂ ਹਨ ਜਿਵੇਂ ਬੇਰੁਜ਼ਗਾਰੀ, ਖਿੰਡੇ ਹੋਏ ਪਰਿਵਾਰ, ਗ਼ਰੀਬੀ, ਨਸ਼ੀਲੇ ਪਦਾਰਥਾਂ ਦੀ ਲਤ ਅਤੇ ਅਪਰਾਧ। ਖਰਾਬ ਮਾਨਸਿਕ ਸਿਹਤ ਨਾਲ ਮਨੁੱਖ ਦੀ ਰੋਗ ਨਿਰੋਧਕ ਕਿਰਿਆਸ਼ੀਲਤਾ ਵੀ ਖਰਾਬ ਹੋ ਜਾਂਦੀ ਹੈ। ਇਸ ਨਾਲ ਸ਼ੂਗਰ, ਕੈਂਸਰ, ਦਿਲ ਦੇ ਰੋਗ ਆਦਿ ਦਾ ਜੋਖ਼ਮ ਵੀ ਵਧ ਜਾਂਦਾ ਹੈ।
ਸਾਡੇ ਸਮਾਜ ਵਿੱਚ ਮਾਨਸਿਕ ਰੋਗ ਨੂੰ ਇੱਕ ਰੋਗ ਨਹੀਂ ਸਮਝਿਆ ਜਾਂਦਾ ਕਿਉਂਕਿ ਇਸ ਨਾਲ ਸਮਾਜਿਕ ਕਲੰਕ ਦੀ ਭਾਵਨਾ ਜੁੜੀ ਹੋਈ ਹੈ। ਇਸ ਕਾਰਨ ਹੀ ਖਰਾਬ ਮਾਨਸਿਕ ਸਿਹਤ ਵਾਲੇ ਵਿਅਕਤੀ ਨਾਲ ਸਮਾਜਿਕ ਪੱਧਰ ’ਤੇ ਭੇਦ-ਭਾਵ ਹੁੰਦਾ ਹੈ ਜਿਸ ਵਿੱਚ ਸਿੱਖਿਆ, ਰੁਜ਼ਗਾਰ ਅਤੇ ਵਿਆਹ ਆਦਿ ਵਰਗੇ ਮਾਮਲੇ ਵੀ ਸ਼ਾਮਲ ਹਨ। ਸਮਾਜਿਕ ਕਲੰਕ ਮੰਨਿਆ ਜਾਣ ਕਾਰਨ ਇਹ ਮਰੀਜ਼ ਲਈ ਡਾਕਟਰੀ ਸਹਾਇਤਾ ਲੈਣ ਵਿੱਚ ਦੇਰੀ ਦੀ ਵਜ੍ਹਾ ਬਣਦਾ ਹੈ। ਦੂਜਾ ਸਾਡੇ ਸਮਾਜ ਵਿੱਚ ਮਾਨਸਿਕ ਸਿਹਤ ਅਤੇ ਇਸ ਦੇ ਵਿਕਾਰਾਂ ਬਾਰੇ ਜਾਗਰੂਕਤਾ ਦੀ ਘਾਟ ਕਾਰਨ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ। ਲੋਕ ਮੰਨਦੇ ਹਨ ਕਿ ਮਾਨਸਿਕ ਰੋਗ ਉਨ੍ਹਾਂ ਲੋਕਾਂ ਵਿੱਚ ਹੁੰਦੇ ਹਨ, ਜੋ ਮਾਨਸਿਕ ਤੌਰ ’ਤੇ ਕਮਜ਼ੋਰ ਹੁੰਦੇ ਹਨ। ਵੱਡੇ ਪੱਧਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਇਹ ਭਟਕਦੀਆਂ ਆਤਮਾਵਾਂ ਕਾਰਨ ਹੁੰਦੇ ਹਨ। ਇਸ ਲਈ ਲੋਕ ਜਾਦੂ-ਟੋਟਕਿਆਂ ਵਿੱਚ ਪੈ ਕੇ ਮਰੀਜ਼ ਦੀ ਹਾਲਤ ਹੋਰ ਵੀ ਖ਼ਰਾਬ ਕਰ ਦਿੰਦੇ ਹਨ। ਕਈ ਲੋਕ ਇਹ ਵੀ ਮੰਨਦੇ ਹਨ ਕਿ ਮਾਨਸਿਕ ਰੋਗਾਂ ਦੇ ਇਲਾਜ ਲਈ ਵਰਤੀਆਂ ਦਵਾਈਆਂ ਦੇ ਕਈ ਦੁਰਪ੍ਰਭਾਵ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੀ ਲਤ ਲੱਗ ਸਕਦੀ ਹੈ।
ਡਬਲਯੂਐੱਚਓ ਰਾਹੀਂ ਇਕੱਤਰ ਕੀਤੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਉਤਪੰਨ ਭਾਰ ਅਤੇ ਦੇਸ਼ਾਂ ਵਿੱਚ ਉਨ੍ਹਾਂ ਦੀ ਰੋਕਥਾਮ ਅਤੇ ਇਲਾਜ ਲਈ ਉਪਲੱਬਧ ਸਰੋਤਾਂ ਵਿੱਚ ਇੱਕ ਵੱਡਾ ਪਾੜਾ ਹੈ। ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੁਣ ਤੱਕ ਮਾਨਸਿਕ ਰੋਗਾਂ ਦੇ ਇਲਾਜ ਨੂੰ ਬਾਕੀ ਇਲਾਜ ਅਤੇ ਸਿਹਤ ਦੇਖਭਾਲ ਸੁਵਿਧਾਵਾਂ ਤੋਂ ਦੂਰ ਰੱਖਿਆ ਜਾਂਦਾ ਸੀ। ਮਾਨਸਿਕ ਸਿਹਤ ਸਬੰਧੀ ਸਹੂਲਤਾਂ ਮੁਹੱਈਆ ਕਰਾਉਣ ਲਈ ਮਾਨਸਿਕ ਰੋਗੀ ਤੇ ਉਨ੍ਹਾਂ ਦੇ ਪਰਿਵਾਰ ਸਰਕਾਰ ’ਤੇ ਦਬਾਅ ਸਮੂਹ ਨਹੀਂ ਬਣਾਉਂਦੇ ਕਿਉਂਕਿ ਉਹ ਇਸ ਨੂੰ ਗੰਭੀਰ ਸਮਾਜਿਕ ਕਲੰਕ ਸਮਝਦੇ ਹਨ; ਇਸ ਸਬੰਧੀ ਆਪਣੇ ਅਧਿਕਾਰਾਂ ਤੋਂ ਅਣਜਾਣ ਵੀ ਹਨ। ਗੈਰ-ਸਰਕਾਰੀ ਸੰਗਠਨ ਵੀ ਇਸ ਨੂੰ ਔਖਾ ਖੇਤਰ ਮੰਨਦੇ ਹਨ।
ਕਿਸੇ ਵੀ ਵਿਅਕਤੀ ਵਿੱਚ ਮਾਨਸਿਕ ਰੋਗ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਮੁੱਖ ਚਾਰ ਕਾਰਨ ਹਨ: ਨਿਊਰੋਟ੍ਰਾਂਸਮੀਟਰਸ ਇਨ੍ਹਾਂ ਦਾ ਅਹਿਮ ਕਾਰਨ ਹੈ। ਨਿਊਰੋਟ੍ਰਾਂਸਮੀਟਰ ਦਾ ਸਬੰਧ ਦਿਮਾਗ਼ ਵਿੱਚ ਨਿਊਰੋਟ੍ਰਾਂਸਮੀਟਰਸ ਨਾਮਕ ਵਿਸ਼ੇਸ਼ ਰਸਾਇਣਾਂ ਦੇ ਅਸਾਧਾਰਨ ਸੰਤੁਲਨ ਨਾਲ ਪਾਇਆ ਗਿਆ ਹੈ। ਨਿਊਰੋਟ੍ਰਾਂਸਮੀਟਰਸ ਦਿਮਾਗ਼ ਵਿੱਚ ਨਾੜੀ ਕੋਸ਼ਿਕਾਵਾਂ ਨੂੰ ਇੱਕ-ਦੂਜੇ ਨਾਲ ਸੰਚਾਰ ਕਰਨ ਵਿੱਚ ਸਹਾਇਤਾ ਕਰਦੇ ਹਨ। ਜੇਕਰ ਇਹ ਰਸਾਇਣ ਅਸੰਤੁਲਿਤ ਹੋ ਜਾਣ ਜਾਂ ਠੀਕ ਤਰ੍ਹਾਂ ਕੰਮ ਨਾ ਕਰਨ ਤਾਂ ਸੰਦੇਸ਼ ਦਿਮਾਗ਼ ਵਿੱਚੋਂ ਸਹੀ ਪ੍ਰਕਾਰ ਨਾਲ ਨਹੀਂ ਲੰਘਦੇ ਜਿਸ ਨਾਲ ਮਾਨਸਿਕ ਰੋਗ ਦੇ ਲੱਛਣ ਉਤਪੰਨ ਹੋ ਜਾਂਦੇ ਹਨ।
ਕਈ ਮਾਨਸਿਕ ਰੋਗ ਖਾਨਦਾਨੀ ਹੁੰਦੇ ਹਨ। ਇਹ ਜੀਨ ਵਿਗਿਆਨ ਯਾਨੀ ਅਨੁਵੰਸ਼ਿਕਤਾ ਕਾਰਨ ਸਬੰਧਿਤ ਵਿਅਕਤੀ ਨੂੰ ਮਿਲੇ ਹੁੰਦੇ ਹਨ। ਅਜਿਹੇ ਵਿਅਕਤੀਆਂ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਮਾਨਸਿਕ ਰੋਗ ਨਾਲ ਗ੍ਰਸਤ ਹੁੰਦਾ ਹੈ, ਉਸ ਨੂੰ ਮਾਨਸਿਕ ਰੋਗ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ਕਿਉਂਕਿ ਰੋਗ ਗ੍ਰਸਤ ਹੋਣ ਦੀ ਸੰਭਾਵਨਾ ਪਰਿਵਾਰਾਂ ਵਿੱਚ ਜੀਨਾਂ ਰਾਹੀਂ ਅੱਗੇ ਤੋਂ ਅੱਗੇ ਸੰਚਾਰਿਤ ਹੁੰਦੀ ਰਹਿੰਦੀ ਹੈ। ਮਾਹਿਰ ਮੰਨਦੇ ਹਨ ਕਿ ਕਈ ਮਾਨਸਿਕ ਰੋਗਾਂ ਦਾ ਸਬੰਧ ਇੱਕ ਹੀ ਨਹੀਂ ਬਲਕਿ ਅਨੇਕਾਂ ਜੀਨਾਂ ਦੇ ਵਿਕਾਰਾਂ ਨਾਲ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਕੋਈ ਵਿਅਕਤੀ ਮਾਨਸਿਕ ਰੋਗ ਨਾਲ ਗ੍ਰਸਤ ਹੋਣ ਦੀ ਸੰਭਾਵਨਾ ਤਾਂ ਖ਼ਾਨਦਾਨੀ ਤੌਰ ’ਤੇ ਪ੍ਰਾਪਤ ਕਰਦਾ ਹੈ, ਪਰ ਉਸ ਦਾ ਰੋਗ ਨਾਲ ਗ੍ਰਸਤ ਹੋਣਾ ਜ਼ਰੂਰੀ ਨਹੀਂ ਹੈ। ਮਾਨਸਿਕ ਰੋਗ ਅੱਗੇ ਖ਼ੁਦ ਬਹੁਤ ਸਾਰੇ ਜੀਨਾਂ ਅਤੇ ਹੋਰ ਕਾਰਕਾਂ ਦੀ ਅੰਤਰ-ਕਿਰਿਆ ਦੇ ਕਾਰਨ ਹੁੰਦਾ ਹੈ ਜਿਵੇਂ ਤਣਾਅ, ਗ਼ਲਤ ਵਿਹਾਰ ਜਾਂ ਕਿਸੇ ਦੁਖਦਾਈ ਘਟਨਾ ਦਾ ਵਾਪਰਨਾ। ਇਹ ਸਥਿਤੀਆਂ ਅਨੁਵੰਸ਼ਿਕ ਸੰਭਾਵਨਾ ਨਾਲ ਭਰਪੂਰ ਵਿਅਕਤੀ ਵਿੱਚ ਮਾਨਸਿਕ ਰੋਗ ਨੂੰ ਪ੍ਰਭਾਵਿਤ ਜਾਂ ਉਤਪੰਨ ਕਰ ਸਕਦੀਆਂ ਹਨ।
ਇਨਫੈਕਸ਼ਨ ਯਾਨੀ ਲਾਗ ਵੀ ਇਸ ਦਾ ਅਹਿਮ ਕਾਰਨ ਹੁੰਦਾ ਹੈ। ਕੁਝ ਸੰਕਰਮਣਾਂ ਦਾ ਸਬੰਧ ਦਿਮਾਗ਼ ਦੀ ਸੱਟ ਅਤੇ ਮਾਨਸਿਕ ਰੋਗ ਦੇ ਵਿਕਾਸ ਜਾਂ ਉਸ ਦੇ ਲੱਛਣਾਂ ਦੇ ਵਿਗੜਨ ਨਾਲ ਜੋੜਿਆ ਗਿਆ ਹੈ। ਉਦਾਹਰਨ ਲਈ ਸਟ੍ਰੇਪਟੋਕਾਕਸ ਜੀਵਾਣੂ ਨਾਲ ਸਬੰਧਤ ਬੱਚਿਆਂ ਦੇ ਮਾਨਸਿਕ ਵਿਕਾਰ ਨੂੰ ਅਬਸੈਸਿਵ-ਕੰਪਲਸਿਵ ਵਿਕਾਰ ਅਤੇ ਹੋਰ ਮਾਨਸਿਕ ਰੋਗਾਂ ਦੇ ਵਿਕਾਸ ਨਾਲ ਜੋੜਿਆ ਗਿਆ ਹੈ। ਦਿਮਾਗ਼ ਦੇ ਦੋਸ਼ ਜਾਂ ਸੱਟ ਨਾਲ ਵੀ ਮਾਨਸਿਕ ਰੋਗ ਹੋ ਸਕਦਾ ਹੈ। ਦਿਮਾਗ਼ ਦੇ ਅਨੇਕ ਖੇਤਰਾਂ ਵਿੱਚ ਵਿਕਾਰਾਂ ਜਾਂ ਉਨ੍ਹਾਂ ਨੂੰ ਸੱਟ ਲੱਗਣ ਦਾ ਸਬੰਧ ਵੀ ਕੁਝ ਮਾਨਸਿਕ ਰੋਗਾਂ ਨਾਲ ਜੋੜਿਆ ਗਿਆ ਹੈ।
ਮਾਨਸਿਕ ਰੋਗਾਂ ਦਾ ਇਲਾਜ ਉਪਲੱਬਧ ਹੈ, ਪਰ ਇਲਾਜ ਨਾਲੋਂ ਜ਼ਿਆਦਾ ਅਹਿਮ ਇਨ੍ਹਾਂ ਪ੍ਰਤੀ ਜਾਗਰੂਕਤਾ ਹੈ। ਜੇਕਰ ਜਾਗਰੂਕਤਾ ਹੋਵੇਗੀ ਤਾਂ ਹੀ ਸਮੇਂ ਸਿਰ ਇਲਾਜ ਨਾਲ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਮਾਨਸਿਕ ਸਿਹਤ ਵਿੱਚ ਕੋਈ ਵਿਗਾੜ ਆਉਣ ’ਤੇ ਬਿਨਾਂ ਕਿਸੇ ਸ਼ਰਮ ਜਾਂ ਝਿਜਕ ਦੇ ਆਪਣੇ ਡਾਕਟਰ ਨਾਲ ਸਲਾਹ ਕਰੋ। ਇਸ ਦੇ ਨਾਲ ਹੀ ਮਾਨਸਿਕ ਰੋਗਾਂ ਦੇ ਇਲਾਜ ਵਿੱਚ ਦਵਾਈਆਂ ਦੇ ਨਾਲ ਨਾਲ ਸਕਾਰਾਤਮਕ ਸੋਚ ਰੱਖਣਾ ਜ਼ਿਆਦਾ ਜ਼ਰੂਰੀ ਹੈ।
ਸੰਪਰਕ: 98156-29301

Advertisement

Advertisement