ਪਿੰਡਾਂ ਦੀਆਂ ਸੱਥਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਹੋਕਾ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 26 ਜੂਨ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਵੱਲੋਂ ਨਜ਼ਦੀਕੀ ਪਿੰਡ ਬਲੌਂਗੀ, ਲਾਂਡਰਾਂ, ਭਾਗੋਮਾਜਰਾ, ਸੰਤੇਮਾਜਰਾ, ਸ਼ਾਹਪੁਰ, ਨਿਆਂ ਸ਼ਹਿਰ, ਛੱਤ, ਕਰਾਲਾ, ਰਾਮਪੁਰ ਕਲਾਂ, ਬਾਸਮਾ ਅਤੇ ਝੱਜੋਂ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਹਾੜੇ ‘ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਇੰਜ ਹੀ ਸਰਕਾਰੀ ਮੁੜ ਵਸੇਬਾ ਕੇਂਦਰ, ਸੈਕਟਰ-66 ਮੁਹਾਲੀ ਵਿੱਚ ਦਾਖ਼ਲ ਅਤੇ ਬਾਹਰੀ ਮਰੀਜ਼ਾਂ ਲਈ ਨਾਲਸਾ (ਲੀਗਲ ਸਰਵਿਸਜ਼ ਟੂ ਵਿਕਟਮਜ਼ ਆਫ਼ ਡਰੱਗ ਅਬਿਊਜ਼ ਐਂਡ ਇਲੀਸਟ ਟਰੈਫ਼ਿਕਿੰਗ) ਸਕੀਮ 2015 ਤਹਿਤ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਉਪਲਬਧਤਾ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਮੋਰਿੰਡਾ (ਪੱਤਰ ਪ੍ਰੇਰਕ): ਵੀਰ ਫਾਊਂਡੇਸ਼ਨ ਮੜੌਲੀ ਕਲਾਂ ਵੱਲੋਂ ਸਥਾਨਕ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ਵ ਡਰੱਗ ਦਿਵਸ ਮੌਕੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਬੁਲਾਰਿਆਂ ਨੇ ਨਸ਼ਿਆਂ ਦੀ ਰੋਕਥਾਮ ਲਈ ਸਮੂਹ ਪੰਜਾਬੀਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਾਫ਼ਲਿਆਂ ਦੇ ਰੂਪ ਵਿੱਚ ਲੋਕ ਲਹਿਰ ਉਸਾਰ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਅੱਗੇ ਆਉਣਾ ਦਾ ਸੱਦਾ ਦਿੱਤਾ। ਇਸ ਮੌਕੇ ਅਖਿਲ ਬਾਂਸਲ ਪੀਪੀਐੱਸ, ਐੱਸਟੀਐੱਫ ਰੋਪੜ ਰੇਂਜ ਦੇ ਡੀਐੱਸਪੀ ਰੁਪਿੰਦਰ ਸਿੰਘ, ਸ੍ਰੀ ਸੁਖਜੀਤ ਸਿੰਘ ਵਿਰਕ ਡੀਐੱਸਪੀ, ਜਸਵੀਰ ਸਿੰਘ ਓਟੀਐੱਸ ਆਦਿ ਨੇ ਸੰਬੋਧਨ ਕੀਤਾ।
ਕੁਰਾਲੀ (ਪੱਤਰ ਪੇਰਕ): ਕੁਰਾਲੀ ਨੂੰ ਨਸ਼ਾ ਮੁਕਤ ਬਣਾਉਣ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਸਥਾਨਕ ਪੁਲੀਸ ਵੱਲੋਂ ਪਤਵੰਤਿਆਂ ਦੇ ਸਹਿਯੋਗ ਨਾਲ ਮੁਹਿੰਮ ਵਿੱਢੀ ਗਈ ਹੈ। ਇਸ ਦੌਰਾਨ ਪੁਲੀਸ ਨੇ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ। ਸਥਾਨਕ ਸਿਟੀ ਪੁਲੀਸ ਵੱਲੋਂ ਨਗਰ ਖੇੜਾ ਧਰਮਸ਼ਾਲਾ ਵਿੱਚ ਕਰਵਾਏ ਸਮਾਗਮ ਦੌਰਾਨ ਸਿਟੀ ਪੁਲੀਸ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਕਿਹਾ ਕਿ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੌਂਸਲਰ ਬਹਾਦਰ ਸਿੰਘ ਓਕੇ ਅਤੇ ਸਾਬਕਾ ਕੌਂਸਲਰ ਪ੍ਰਦੀਪ ਰੂੜਾ ਨੇ ਪੁਲੀਸ ਪ੍ਰਸ਼ਾਸਨ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ।
ਰੂਪਨਗਰ (ਪੱਤਰ ਪ੍ਰੇਰਕ): ਅੱਜ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਇੱਥੇ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜ਼ਿਲ੍ਹਾ ਸਾਂਝ ਕੇਂਦਰ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਕੂਲ ਦੇ ਵਾਇਸ ਚੇਅਰਮੈਨ ਅਤੇ ਸਾਂਝ ਕੇਂਦਰ ਦੇ ਮੈਂਬਰ ਯੋਗੇਸ਼ ਮੋਹਨ ਪੰਕਜ ਨੇ ਸਵਾਗਤੀ ਭਾਸ਼ਣ ਦਿੱਤਾ। ਮੁੱਖ ਮਹਿਮਾਨ ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਹਾਜ਼ਰ ਹੋਏ। ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਬਲਦੇਵ ਸਿੰਘ ਤੇ ਡਾ. ਜਸਪ੍ਰੀਤ ਕੌਰ, ਐੱਸਪੀ ਹੈੱਡਕੁਆਟਰ ਰਾਜਪਾਲ ਸਿੰਘ ਹੁੰਦਲ, ਡੀਐੱਸਪੀ. ਤਰਲੋਚਨ ਸਿੰਘ, ਡੀਐੱਸਪੀ ਰੁਪਿੰਦਰਜੀਤ ਸਿੰਘ, ਰਾਜਿੰਦਰ ਸੈਣੀ ਆਦਿ ਨੇ ਵੀ ਸੰਬੋਧਨ ਕੀਤਾ।
ਪੁਲੀਸ ਨੇ ਮੈਰਾਥਨ ਕਰਵਾਈ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਕੌਮਾਂਤਰੀ ਨਸ਼ਾ ਰੋਕੂ ਦਿਵਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਸਵੇਰੇ 7 ਵਜੇ ਪੁਲੀਸ ਲਾਈਨ ਅੰਬਾਲਾ ਤੋਂ ਮੈਰਾਥਨ ਕਰਵਾਈ ਗਈ। ਇਸ ਨੂੰ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵਿਚ ਕਰੀਬ 500 ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਮੈਰਾਥਨ ਦੌੜ ਪੁਲੀਸ ਲਾਈਨ ਤੋਂ ਚੱਲ ਕੇ ਹਰਬਲ ਪਾਰਕ ਕੋਲੋਂ ਹੁੰਦੀ ਹੋਈ ਪੁਰਾਣੇ ਸੈਸ਼ਨ ਕੋਰਟ ਰਾਹੀਂ ਵਾਪਸ ਪੁਲੀਸ ਲਾਈਨ ਪਹੁੰਚੀ।