ਮੌਕ ਡਰਿੱਲ ਰਾਹੀਂ ਭੀੜ ਨੂੰ ਕਾਬੂ ਕਰਨ ਬਾਰੇ ਜਾਗਰੂਕ ਕੀਤਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਫਰਵਰੀ
ਅੱਜ ਪੁਲੀਸ ਲਾਈਨ ਵਿੱਚ ਪਰੇਡ ਦੌਰਾਨ ਦੰਗਾ ਕੰਟਰੋਲ ਫੋਰਸ ਵੱਲੋਂ ਮੌਕ ਡਰਿੱਲ ਦਾ ਅਭਿਆਸ ਕਰਵਾਇਆ ਗਿਆ। ਇਸ ਦਾ ਉਦੇਸ਼ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਕਾਨੂੰਨ ਵਿਵਸਥਾ ਬਣਾਉਣਾ ਸੀ। ਜ਼ਿਲ੍ਹਾ ਪੁਲੀਸ ਕਪਤਾਨ ਦੀਆਂ ਹਦਾਇਤਾਂ ’ਤੇ ਪੁਲੀਸ ਕੰਪਨੀਆਂ ਵੱਲੋਂ ਦੰਗਾ ਕੰਟਰੋਲ ਦੀ ਕਾਰਵਈ ਪੁਲੀਸ ਸੁਪਰਡੈਂਟ ਰਵਿੰਦਰ ਦੀ ਅਗਵਾਈ ਹੇਠ ਕੀਤੀ ਗਈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਕਪਤਾਨ ਵਰੁਣ ਸਿੰਗਲਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੂੰ ਹੰਗਾਮੀ ਹਾਲਤਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਅਭਿਆਸ ਵਿੱਚ ਉਨ੍ਹਾਂ ਨੂੰ ਗ਼ੈਰਕਾਨੂੰਨੀ ਭੀੜ ਨੂੰ ਕਾਬੂ ਕਰਨ ਲਈ ਵੱਖ-ਵੱਖ ਉਪਕਰਨਾਂ ਤੇ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਕੈਨ ਸ਼ੀਲਡ, ਅੱਥਰੂ ਗੈਸ ਦੇ ਗੋਲੇ, ਐਂਟੀ ਹਿੱਟ ਗੰਨ , ਅਥਰੂ ਗੈਸ ਵਰਗੇ ਗੋਲੇ ਆਦਿ ਉਪਕਰਨਾਂ ਦੀ ਵਰਤੋਂ ਕਰ ਕੇ ਭੀੜ ਨੂੰ ਕਾਬੂ ਕਰਨ ਬਾਰੇ ਦੱਸਿਆ ਗਿਆ।
ਇਹ ਕੰਪਨੀਆਂ ਕੁਰੂਕਸ਼ੇਤਰ ਵਿੱਚ ਅੰਦੋਲਨ, ਧਾਰਮਿਕ, ਫਿਰਕੂ ਆਦਿ ਸਣੇ ਵੱਖ-ਵੱਖ ਤਰ੍ਹਾਂ ਦੇ ਦੰਗਿਆਂ ਜਾਂ ਵਿਰੋਧ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਜੋ ਤੁਰੰਤ ਕਾਰਵਾਈ ਕਰਕੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਗੀਆਂ। ਜ਼ਿਲ੍ਹਾ ਪੁਲੀਸ ਕਪਤਾਨ ਨੇ ਪੁਲਿਸ ਮੁਲਾਜ਼ਮਾਂ ਦੇ ਸਾਜੋ ਸਾਮਾਨ ਦਾ ਨਿਰੀਖਣ ਕੀਤਾ ਤੇ ਲੋੜੀਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਕਿ ਡਿਊਟੀ ਦੌਰਾਨ ਕਿਸੇ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਹੋਵੇਗੀ।