ਪੰਜਾਬੀ ਸਾਹਿਤ ਸਭਾ ਵੱਲੋਂ ਸਨਮਾਨ ਸਮਾਰੋਹ
ਪੱਤਰ ਪ੍ਰੇਰਕ
ਅਮਲੋਹ, 12 ਨਵੰਬਰ
ਪੰਜਾਬੀ ਸਾਹਿਤ ਸਭਾ ਅਮਲੋਹ ਵੱਲੋਂ ਭਾਸ਼ਾ ਵਿਭਾਗ ਅਤੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਦੇ ਪ੍ਰਗਿਆ ਹਾਲ ਵਿੱਚ 33ਵਾਂ ਸਾਲਾਨਾ ਸਾਹਿਤਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਜੋਰਾ ਸਿੰਘ ਗਰੇਵਾਲ ਨੇ ਸਾਹਿਤਕਾਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਰੋਹ ਦਾ ਉਦਘਾਟਨ ਭਗਤ ਸਿੰਘ ਸਰੋਆ ਖਮਾਣੋਂ ਨੇ ਕੀਤਾ ਜਦਕਿ ਸ਼ਮ੍ਹਾਂ ਰੋਸ਼ਨ ਦੀ ਰਸਮ ਧਰਮਿੰਦਰ ਸਿੰਘ ਸਰਪੰਚ ਪਿੰਡ ਭੱਦਲਥੂਹਾ ਨੇ ਨਿਭਾਈ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਸਮਾਗਮ ਦੇ ਮੁੱਖ-ਮਹਿਮਾਨ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਹਰਜੀਤ ਸਿੰਘ ਬਲਾੜੀ ਨੇ ਕੀਤੀ। ਸਮਾਗਮ ਵਿਚ ਡਾ. ਧਰਮਿੰਦਰ ਸਿੰਘ, ਡਾ. ਜੋਤੀ ਸ਼ਰਮਾ ਅਤੇ ਡਾ. ਰੇਨੂ ਸ਼ਰਮਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਪਹਿਲੇ ਦੌਰ ਵਿੱਚ ਪ੍ਰਿੰਸੀਪਲ ਪੁਸ਼ਿਵੰਦਰ ਰਾਣਾ ਦਾ ਹਿੰਦੀ ਕਾਵਿ ਸੰਗ੍ਰਹਿ ‘ਸ਼ੀਸ਼ੇ ਕਾ ਪਿੰਜਰਾ’, ਜੋਰਾ ਸਿੰਘ ਗਰੇਵਾਲ ਦਾ ਪੰਜਾਬੀ ਲੇਖ ਸੰਗ੍ਰਹਿ ‘ਜੀਵਨ ਪੈੜਾਂ’ ਅਤੇ ਐੱਨਆਰਆਈ ਅੰਮ੍ਰਿਤ ਅਜ਼ੀਜ਼ ਦੀ ਕਿਤਾਬ ‘ਹਿਜਰ ਤੋਂ ਵਸਲ ਤੱਕ’ ਲੋਕ ਅਰਪਣ ਕੀਤੀਆਂ ਗਈਆਂ। ਸਭਾ ਦੇ ਦੂਸਰੇ ਦੌਰ ਵਿੱਚ ਤਿੰਨ ਸ਼ਖ਼ਸੀਅਤਾਂ ਆਰ ਗੁਰੂ ਸੰਗੀਤਕਾਰ, ਗੀਤਕਾਰ ਭੱਟੀ ਭੜੀ ਵਾਲ਼ਾ ਅਤੇ ਗ਼ਜ਼ਲਗੋ ਧਰਮਿੰਦਰ ਸ਼ਾਹਿਦ ਦਾ ਸਨਮਾਨ ਕੀਤਾ। ਇਸ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ।