ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ ਲਈ ਮੁਆਵਜ਼ੇ ਦੀ ਉਡੀਕ
ਸਰਬਜੀਤ ਸਿੰਘ ਭੱਟੀ
ਲਾਲੜੂ, 20 ਅਗਸਤ
ਘੱਗਰ ਦਰਿਆ ਨਾਲ ਲੱਗਦੇ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ, ਜ਼ਮੀਨਾਂ, ਮਕਾਨਾਂ ਅਤੇ ਮਾਰੇ ਗਏ ਪਸ਼ੂਆਂ ਲਈ ਮੁਆਵਜ਼ੇ ਦੀ ਕਰੀਬ ਡੇਢ ਮਹੀਨੇ ਤੋਂ ਉਡੀਕ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਪੀੜਤ ਨੂੰ ਸਰਕਾਰੀ ਆਰਥਿਕ ਮਦਦ ਨਹੀਂ ਮਿਲੀ ਜਦੋਂਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ ਅਤੇ ਉਹ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਸਮੇਂ ਸਿਰ ਢੁੱਕਵਾਂ ਮੁਆਵਜ਼ਾ ਦੇਵੇ ਨਹੀਂ ਤਾਂ ਵੱਡੇ ਪੱਧਰ ’ਤੇ ਅੰਦੋਲਨ ਸ਼ੁਰੂ ਹੋ ਸਕਦਾ ਹੈ।
ਹੜ੍ਹ ਪ੍ਰਭਾਵਿਤ ਪਿੰਡ ਡਹਿਰ, ਆਲਮਗੀਰ, ਟਿਵਾਣਾ, ਖਜੂਰ ਮੰਡੀ, ਸਾਧਾਪੁਰ ਅਤੇ ਅਮਲਾਲਾ ਦੇ ਕਿਸਾਨ ਆਗੂ ਸਰਪੰਚ ਗੁਲਜ਼ਾਰ ਸਿੰਘ ਟਿਵਾਣਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਰਜੀਤ ਸਿੰਘ , ਕਾਮਰੇਡ ਮੇਹਰ ਸਿੰਘ ਟਿਵਾਣਾ, ਭਾਜਪਾ ਆਗੂ ਗੁਰਮੀਤ ਸਿੰਘ ਟਿਵਾਣਾ, ਲੰਬੜਦਾਰ ਜਸਵੰਤ ਸਿੰਘ ਆਲਮਗੀਰ, ਕੇਸਰ ਸਿੰਘ ਖਜੂਰ ਮੰਡੀ, ਸਾਬਕਾ ਸਰਪੰਚ ਕੁਲਦੀਪ ਸਿੰਘ ਟਿਵਾਣਾ, ਸਰਪੰਚ ਬਲਿਹਾਰ ਸਿੰਘ ਤੇ ਹੋਰਨਾਂ ਪਤਵੰਤਿਆਂ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੀ ਕਰੀਬ ਚਾਰ ਹਜ਼ਾਰ ਏਕੜ ਜ਼ਮੀਨ ਵਿੱਚ ਖੜ੍ਹੀ ਫਸਲ ਹੜ੍ਹਾਂ ਕਾਰਨ ਤਬਾਹ ਹੋ ਗਈ ਹੈ ਅਤੇ ਉਨ੍ਹਾਂ ਦੇ ਖੇਤ ਰੇਤ ਦੇ ਟਿੱਬਿਆਂ ਵਿੱਚ ਤਬਦੀਲ ਹੋ ਗਏ ਹਨ। ਖੇਤਾਂ ਦੀ ਸਿੰਜਾਈ ਲਈ ਪਾਈਆਂ ਪਾਈਪਲਾਈਨਾਂ ਵੀ ਬਰਬਾਦ ਹੋ ਗਈਆਂ ਹਨ। ਪਿੰਡਾਂ ਵਿੱਚ ਵੜੇ ਹੜ੍ਹ ਦੇ ਪਾਣੀ ਨੇ ਲੋਕਾਂ ਦੇ ਮਕਾਨਾਂ ਅਤੇ ਜ਼ਰੂਰੀ ਵਸਤੂਆਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਤਬਾਹ ਹੋਈ ਜ਼ਮੀਨਾਂ ਨੂੰ ਠੀਕ ਕਰਵਾਇਆ ਜਾਵੇ ਤੇ ਨੁਕਸਾਨੀਆਂ ਫ਼ਸਲਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ। ਇਸ ਤੋਂ ਇਲਾਵਾ ਘੱਗਰ ਅਤੇ ਝਰਮਲ ਨਦੀ ਦੇ ਬੰਨ੍ਹ ਨੂੰ ਲਾਲੜੂ ਤੋਂ ਲੈ ਕੇ ਹਰਿਆਣਾ ਸੀਮਾ ਤੱਕ ਉੱਚਾ ਤੇ ਪੱਕਾ ਕੀਤਾ ਜਾਵੇ।
ਪਿਛਲੇ ਦਿਨੀਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਅੰਦੋਲਨ ਕਰਨ ਦੀ ਚਿਤਾਵਨੀ ਦੇਣ ’ਤੇ ਡਿਪਟੀ ਕਮਿਸ਼ਨਰ ਮੁਹਾਲੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ 20 ਅਗਸਤ ਤੱਕ ਸਮਾਂ ਦੇਣ ਲਈ ਕਿਹਾ ਸੀ ਤਾਂ ਜੋ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਉਪਰੰਤ ਯੋਗ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾ ਸਕੇ। ਹੁਣ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਆਸ ਕਿਸਾਨ ਜਥੇਬੰਦੀਆਂ ’ਤੇ ਲੱਗੀ ਹੋਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਮੁਆਵਜ਼ੇ ਦਾ ਭਰੋਸਾ
ਡਿਪਟੀ ਕਮਿਸ਼ਨਰ (ਮੁਹਾਲੀ) ਆਸ਼ਿਕਾ ਜੈਨ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਸਬੰਧੀ ਕੀਤੇ ਗਏ ਸਰਵੇਖਣ ਮੁਤਾਬਕ ਛੇਤੀ ਹੀ ਮੁਆਵਜ਼ਾ ਪੀੜਤ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਵੇਗਾ। ਉਨ੍ਹਾਂ ਕਿਹਾ ਕਿ ਘੱਗਰ ਦੇ ਬੰਨ੍ਹ ਦੀ ਮੁਰੰਮਤ ਦਾ ਕੰਮ ਵੀ ਛੇਤੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ।