ਸਾਹਿਤ ਅਕਾਦਮੀ ਵੱਲੋਂ ਅਵਤਾਰ ਸਿੰਘ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਭਾਰਤੀ ਸਾਹਿਤ ਅਕਾਦਮੀ ਵੱਲੋਂ 2023 ਦਾ ਭਾਸ਼ਾ ਸਨਮਾਨਾਂ ਦਾ ਸਮਾਗਮ ਅਕਾਦਮੀ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਵਿੱਚ ਉੱਤਰੀ ਖੇਤਰ ਲਈ ਇਹ ਸਨਮਾਨ ਅਵਤਾਰ ਸਿੰਘ ਨੂੰ ਦਿੱਤਾ ਗਿਆ।
ਇਹ ਸਨਮਾਨ ਹਰ ਸਾਲ ਦੋ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ। ਇੱਕ ਲੇਖਕਾਂ, ਵਿਦਵਾਨਾਂ ਨੂੰ ਕਲਾਸੀਕਲ ਅਤੇ ਮੱਧਕਾਲੀ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਲਈ ਅਤੇ ਦੂਜਾ ਅਕਾਦਮੀ ਵੱਲੋਂ ਨਾ ਮਾਨਤਾ ਪ੍ਰਾਪਤ ਭਾਸ਼ਾਵਾਂ ਲਈ ਦਿੱਤਾ ਜਾਂਦਾ ਹੈ। ਇੱਕ ਉਕਰੀ ਹੋਈ ਤਾਂਬੇ ਦੀ ਤਖ਼ਤੀ ਅਤੇ ਸਾਹਿਤ ਅਕਾਦਮੀ ਦੇ ਪ੍ਰਧਾਨ ਵੱਲੋਂ ਪੁਰਸਕਾਰ ਜੇਤੂਆਂ ਨੂੰ ਇੱਕ ਲੱਖ ਦੀ ਰਾਸ਼ੀ ਦਿੱਤੀ ਜਾਂਦੀ ਹੈ।
ਉੱਤਰੀ ਖੇਤਰ ਲਈ ਕਲਾਸੀਕਲ ਅਤੇ ਮੱਧਕਾਲੀ ਸਾਹਿਤ ਦੇ ਖੇਤਰ ਲਈ ਸਨਮਾਨਤ ਅਵਤਾਰ ਸਿੰਘ ਨੇ ਆਪਣੇ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਕਈ ਸਰਕਾਰੀ ਅਤੇ ਨਿੱਜੀ ਜ਼ਿੰਮੇਵਾਰੀਆਂ ਦੇ ਬਾਵਜੂਦ ਉਹ ਕਦੇ ਵੀ ਆਪਣੇ ਆਪ ਨੂੰ ਸਮਾਜਿਕ ਅਤੇ ਬੌਧਿਕ ਸਰੋਕਾਰਾਂ ਤੋਂ ਵੱਖ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਕਾਗਜ਼ ਦੀ ਮਹੱਤਤਾ ਭਾਵੇਂ ਖਤਮ ਹੋ ਜਾਵੇ ਪਰ ਲੇਖਣੀ ਦੀ ਮਹੱਤਤਾ ਹਮੇਸ਼ਾ ਕਾਇਮ ਰਹੇਗੀ।
ਸ੍ਰੀ ਮਾਧਵ ਕੌਸ਼ਿਕ, ਪ੍ਰਧਾਨ, ਸਾਹਿਤ ਅਕਾਦਮੀ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਭਾਸ਼ਾ ਸਨਮਾਨ ਸਾਡੀ ਰਿਸ਼ੀ ਪਰੰਪਰਾ ਦਾ ਸਨਮਾਨ ਹੈ ਅਤੇ ਭਾਰਤੀ ਗਿਆਨ ਪਰੰਪਰਾ ਦਾ ਵੀ ਸਨਮਾਨ ਹੈ।
ਇਸ ਨੂੰ ਭਾਰਤੀ ਗਿਆਨ ਦਾ ਜਸ਼ਨ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਸ਼ਾਵਾਂ ਦੇ ਵਿਦਵਾਨਾਂ ਨੇ ਆਪਣੀ ਭਾਸ਼ਾ ਵਿੱਚ ਸ਼ਾਸਤਰੀ ਅਤੇ ਮੱਧਕਾਲੀ ਸਾਹਿਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਅਕਾਦਮੀ ਵੀ ਮਾਣ ਮਹਿਸੂਸ ਕਰਦੀ ਹੈ।