ਦੀਵਾਲੀ ਨਜ਼ਦੀਕ ਔਸਤ ਹਵਾਈ ਕਿਰਾਏ 20-25 ਫੀਸਦ ਡਿੱਗੇ
ਨਵੀਂ ਦਿੱਲੀ, 13 ਅਕਤੂੁਬਰ
ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸਖ਼ਬਰ ਹੈ ਕਿ ਦੀਵਾਲੀ ਦੇ ਇਸ ਸੀਜ਼ਨ ਵਿਚ ਕਈ ਘਰੇਲੂ ਰੂਟਾਂ ’ਤੇ ਔਸਤ ਹਵਾਈ ਕਿਰਾਏ ਪਿਛਲੇ ਸਾਲ ਦੇ ਮੁਕਾਬਲੇ 20 ਤੋਂ 25 ਫੀਸਦ ਘੱਟ ਗਏ ਹਨ। ਇਕ ਸਮੀਖਿਆ ਮੁਤਾਬਕ ਤੇਲ ਕੀਮਤਾਂ ਵਿਚ ਹਾਲੀਆ ਨਿਘਾਰ ਤੇ (ਸੀਟਿੰਗ) ਸਮਰੱਥਾ ਵਿਚ ਵਾਧਾ ਹਵਾਈ ਟਿਕਟਾਂ ਦੀਆਂ ਕੀਮਤਾਂ ਡਿੱਗਣ ਦੇ ਦੋ ਪ੍ਰਮੁੱਖ ਕਾਰਨ ਮੰਨੇ ਜਾਂਦੇ ਹਨ। ਟਰੈਵਲ ਪੋਰਟਲ ਇਕਸੀਗੋ (ixigo) ਦੀ ਸਮੀਖਿਆ ਮੁਤਾਬਕ ਘਰੇਲੂ ਰੂਟਾਂ ’ਤੇ ਔਸਤ ਹਵਾਈ ਭਾੜੇ 20 ਤੋਂ 25 ਫੀਸਦ ਤੱਕ ਡਿੱਗੇ ਹਨ। ਇਹ ਕੀਮਤਾਂ 30 ਦਿਨਾਂ ਏਪੀਡੀ (ਐਡਵਾਂਸਡ ਪਰਚੇਜ਼ ਡੇਟਾ) ਅਧਾਰਿਤ ਇਕ ਪਾਸੇ ਦਾ ਔਸਤ ਕਿਰਾਇਆ ਹਨ। ਪਿਛਲੇ ਸਾਲ 10 ਤੋਂ 16 ਨਵੰਬਰ ਜਦੋਂਕਿ ਇਸ ਸਾਲ ਅਕਤੂਬਰ 28 ਤੋਂ ਨਵੰਬਰ 3 ਨੂੰ ਦੀਵਾਲੀ ਦੇ ਕਰੀਬ ਦਾ ਸਮਾਂ ਮੰਨਿਆ ਗਿਆ ਹੈ।
ਵਿਸ਼ਲੇਸ਼ਣ ਮੁਤਾਬਕ ਬੰਗਲੂਰੂ-ਕੋਲਕਾਤਾ ਉਡਾਣ ਦਾ ਔਸਤ ਕਿਰਾਇਆ 38 ਫੀਸਦ ਡਿੱਗ ਕੇ ਇਸ ਸਾਲ 6319 ਰੁਪਏ ਰਹਿ ਗਿਆ, ਜੋ ਕਿ ਪਿਛਲੇ ਸਾਲ 10,195 ਰੁਪਏ ਸੀ। ਇਸੇ ਤਰ੍ਹਾਂ ਚੇਨੱਈ-ਕੋਲਕਾਤਾ ਰੂਟ ਦੀਆਂ ਟਿਕਟ ਕੀਮਤਾਂ ਵੀ 36 ਫੀਸਦ ਦੇ ਨਿਘਾਰ ਨਾਲ 8725 ਰੁਪਏ ਤੋੋਂ 5604 ਰੁਪਏ ਰਹਿ ਗਈਆਂ। ਮੁੰਬਈ-ਦਿੱਲੀ ਉਡਾਣ ਦਾ ਔਸਤ ਕਿਰਾਇਆ 34 ਫੀਸਦ ਡਿੱਗ ਕੇ 5762 ਰੁਪਏ ਰਹਿ ਗਿਆ। ਦਿੱਲੀ-ਉਦੈਪੁਰ ਰੂਟ ਦਾ ਟਿਕਟ ਭਾੜਾ ਵੀ 34 ਫੀਸਦ ਘੱਟ ਕੇ 11,296 ਦੇ ਮੁਕਾਬਲੇ 7469 ਰੁਪਏ ਰਹਿ ਗਿਆ। ਦਿੱਲੀ-ਕੋਲਕਾਤਾ, ਹੈਦਰਾਬਾਦ-ਦਿੱਲੀ ਤੇ ਦਿੱਲੀ-ਸ੍ਰੀਨਗਰ ਰੂਟਾਂ ’ਤੇ ਕਿਰਾਏ ਭਾੜੇ 32 ਫੀਸਦ ਤੱਕ ਘਟ ਗਏ। ਇਸ ਰੁਝਾਨ ਦੇ ਉਲਟ ਅਹਿਮਦਾਬਾਦ-ਦਿੱਲੀ ਰੂਟ ਦਾ ਕਿਰਾਇਆ ਭਾੜਾ 34 ਫੀਸਦ ਦੇ ਉਛਾਲ ਨਾਲ 6533 ਰੁਪਏ ਤੋਂ ਵੱਧ ਕੇ 8758 ਰੁਪਏ ਹੋ ਗਿਆ। ਮੁੰਬਈ-ਦੇਹਰਾਦੂਨ ਦਾ ਕਿਰਾਇਆ ਵੀ 33 ਫੀਸਦ ਵਧ ਗਿਆ। -ਪੀਟੀਆਈ