For the best experience, open
https://m.punjabitribuneonline.com
on your mobile browser.
Advertisement

ਅਵਤਾਰ ਲਿੱਟ: ਏਸ਼ਿਆਈ ਲੋਕਾਂ ਦੀ ਕ੍ਰਿਸ਼ਮਈ ਆਵਾਜ਼

06:58 PM Jun 29, 2023 IST
ਅਵਤਾਰ ਲਿੱਟ  ਏਸ਼ਿਆਈ ਲੋਕਾਂ ਦੀ ਕ੍ਰਿਸ਼ਮਈ ਆਵਾਜ਼
Advertisement

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

Advertisement

ਵਤਾਰ ਰੇਡੀਓ ਦਾ ਆਸ਼ਕ ਸੀ। ਬ੍ਰਿਟੇਨ ਵਿਚ ਪਹਿਲਾ ਏਸ਼ੀਅਨ ਰੇਡੀਓ ਸਨਰਾਇਜ਼ ਚਲਾਉਣ ਵਾਲੇ ਅਵਤਾਰ ਲਿੱਟ ਦੇ ਵਿਦਾ ਹੋਣ ਨਾਲ ਅਜਿਹੀ ਬੁਲੰਦ ਸ਼ਖ਼ਸੀਅਤ ਜੁਦਾ ਹੋ ਗਈ ਹੈ ਜਿਸ ਨੂੰ ਦਿਲਾਂ ‘ਚੋਂ ਭੁਲਾਉਣਾ ਨਾਮੁਮਕਿਨ ਹੈ। ਅਵਤਾਰ ਲਿੱਟ ਨੇ ਉਹ ਕ੍ਰਿਸ਼ਮਾ ਕੀਤਾ ਜੋ ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ। ਉਸ ਨੇ ਲੰਡਨ ਵਿਚ ਪਹਿਲੇ ਏਸ਼ੀਅਨ ਰੇਡੀਓ ਸਨਰਾਇਜ਼ ਦੀ ਸਥਾਪਨਾ ਵੇਲੇ ਕਿਹਾ ਸੀ- ‘ਸਭ ਤੋਂ ਉੱਪਰ ਤੇ ਸਭ ਦੀ ਆਵਾਜ਼।’ ਉਹ ਰੇਡੀਓ ਬ੍ਰਾਡਕਾਸਟਿੰਗ ਦੀ ਦੁਨੀਆ ਦੀ ਕ੍ਰਿਸ਼ਮਈ ਸ਼ਖ਼ਸੀਅਤ ਅਤੇ ਬ੍ਰਾਡਕਾਸਟਰ ਬਣਿਆ।

1989 ਵਿਚ ਉਸ ਨੇ ਯੂਕੇ ਵਿਚ ਪਹਿਲੀ ਵਾਰ 24 ਘੰਟੇ ਚੱਲਣ ਵਾਲੇ ਰੇਡੀਓ ਦੀ ਨੀਂਹ ਰੱਖੀ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਜੋ ਸੰਘਰਸ਼ ਇਸ ਦੇ ਲਾਇਸੈਂਸ ਲਈ ਕੀਤਾ, ਉਹ ਵੀ ਅਦਭੁੱਤ ਅਤੇ ਹਿੰਮਤ ਦੇ ਜਨੂਨ ਦੀ ਕਹਾਣੀ ਹੈ। ਅਵਤਾਰ ਦੀ ਸਾਰੀ ਜਿ਼ੰਦਗੀ ਉਨ੍ਹਾਂ ਪਲਾਂ ਦੀ ਸੁਚੱਜੀ ਦਾਸਤਾਨ ਹੈ ਜਿਸ ਨੇ ਜਿ਼ੰਦਗੀ ਦੇ ਦਰਵਾਜ਼ੇ ਉਸ ਲਈ ਖੋਲ੍ਹ ਦਿੱਤੇ ਸਨ।

ਸਾਧਾਰਨ ਪਰਿਵਾਰ ‘ਚੋਂ ਪੰਜਾਬ ਤੋਂ ਗਿਆ ਆਦਮੀ ਕਿਵੇਂ ਆਪਣੀਆਂ ਹੋਣੀਆਂ ਨਾਲ ਦਸਤਪੰਜਾ ਲੈਂਦਾ ਹੈ, ਇਹ ਅਵਤਾਰ ਦੀ ਕਹਾਣੀ ਹੈ। ਅਮਰੀਕਾ ਅਤੇ ਦੁਨੀਆ ਦੀਆਂ ਹੋਰ ਰੇਟਿੰਗ ਏਜੰਸੀਆਂ ਉਸ ਨੂੰ ਏਸ਼ੀਆ ਦੇ 20 ਧਨਾਢ ਮੀਡੀਆ ਪ੍ਰੋਮੋਟਰਾਂ ‘ਚੋਂ ਇਕ ਦੱਸਦੀਆਂ ਹਨ ਤੇ ਫੋਰਬਸ ਵਰਗੀ ਏਜੰਸੀ ਉਸ ਨੂੰ ਰੇਡੀਓ ਦਾ ‘ਵਰਲਡ ਆਈਕਾਨ’ ਕਹਿ ਕੇ ਵਡਿਆਉਂਦੀ ਹੈ। ਉਂਝ, ਉਸ ਨੂੰ ਸੁਫ਼ਨਿਆਂ ਵਰਗੀ ਉਸ ਦੀ ਜਿ਼ੰਦਗੀ ਦਾ ਉਹ ਦਿਨ ਕਦੀ ਭੁੱਲਦਾ ਨਹੀਂ ਸੀ ਜਦੋਂ 2014 ਵਿਚ ਉਸ ਨੂੰ ਦੀਵਾਲੀਆ ਐਲਾਨਿਆ ਗਿਆ ਸੀ। ਇਹ ਅਵਤਾਰ ਲਈ ਔਖਾ ਸਮਾਂ ਸੀ ਪਰ ਇਹ ਉਦੋਂ ਹੋਇਆ ਜਦੋਂ ਉਸ ਨੇ ਆਪਣੇ ਰੇਡੀਓ ਨੂੰ ਏਸ਼ਿਆਈ ਲੋਕਾਂ ਲਈ ਬਰਤਾਨੀਆ ‘ਚੋਂ ਬਾਹਰ ਦੂਸਰੇ ਦੇਸ਼ਾਂ ਵਿਚ ਬ੍ਰਾਡਕਾਸਟਿੰਗ ਕਰਨਾ ਸ਼ੁਰੂ ਕੀਤਾ। ਇਸ ਸਮੇਂ ਉਸ ਦਾ ਜਿਉ ਰੇਡੀਓ ਅਤੇ ਕਿਸਮਤ ਰੇਡੀਓ ਵੀ ਮਾਰੀਸ਼ਸ਼, ਅਮਰੀਕਾ, ਸ੍ਰੀਲੰਕਾ, ਨੇਪਾਲ ਤੱਕ ਆਪਣੀ ਪਹੁੰਚ ਅਤੇ ਪ੍ਰਸਾਰਨ ਦਾ ਕੇਂਦਰ ਬਣਿਆ ਹੋਇਆ ਹੈ।

7 ਅਪਰੈਲ 1950 ਨੂੰ ਪਿੰਡ ਸਰਗੂੰਦੀ ਜਿ਼ਲ੍ਹਾ ਜਲੰਧਰ ਦਾ ਜੰਮਪਲ ਅਵਤਾਰ ਇੰਜਨੀਅਰਿੰਗ ਦੀ ਡਿਗਰੀ ਲੈ ਕੇ ਬਰਤਾਨੀਆ ਪਹੁੰਚਦਾ ਹੈ ਤਾਂ ਕਿਸਮਤ ਮੁਸਕਰਾਉਂਦੀ ਹੈ। ਇਹ 1962 ਵਾਲਾ ਵਰ੍ਹਾ ਸੀ ਜਦੋਂ ਉਹ ਸਮੁੰਦਰੀ ਜਹਾਜ਼ ਦੀ ਯਾਤਰਾ ਨਾਲ ਉੱਥੇ ਪੁੱਜਿਆ ਤੇ ਫਿਰ ਰੇਡੀਓ ਦੀ ਆਵਾਜ਼ ਨਾਲ ਪੂਰੇ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਦੇਸ਼-ਦੇਸ਼ਾਤਰਾਂ ਵਿਚ ਛਾ ਗਿਆ।

1989 ਵਿਚ ਅਵਤਾਰ ਨੇ ਪਹਿਲੀ ਵਾਰੀ ਸਨਰਾਇਜ਼ ਰੇਡੀਓ ਦਾ ਪ੍ਰਸਾਰਨ ਸ਼ੁਰੂ ਕੀਤਾ ਤਾਂ ਪੰਜਾਬੀ, ਉਰਦੂ, ਅੰਗਰੇਜ਼ੀ ਦੇ ਨਾਲ ਨਾਲ ਏਸ਼ਿਆਈ ਭਾਸ਼ਾਵਾਂ ‘ਚ ਲੋਕਾਂ ਨਾਲ ਸੰਵਾਦ ਉਸ ਦੀ ਤਰੱਕੀ ਦਾ ਰਸਤਾ ਬਣ ਗਿਆ। ਅੱਜ ਸਨਰਾਇਜ਼ ਦੀ ਆਵਾਜ਼ ਸਾਢੇ ਤਿੰਨ ਲੱਖ ਤੋਂ ਉੱਪਰ ਏਸ਼ਿਆਈ ਲੋਕਾਂ ਤੱਕ ਪੁੱਜਦੀ ਹੈ। ਅੱਜ ਦੁਨੀਆ ਦੇ ਚੋਟੀ ਦੇ ਭਾਰਤੀ ਪੰਜਾਬੀ, ਪਾਕਿਸਤਾਨੀ ਅਤੇ ਅਫਰੀਕੀ ਮੂਲ ਦੇ ਸਿਤਾਰੇ ਆਰਜੇ ਅਤੇ ਐਂਕਰ, ਸਨਰਾਇਜ਼ ‘ਚ ਸੇਵਾਵਾਂ ਦੇ ਰਹੇ ਹਨ। ਉਸ ਨੇ ਰੇਡੀਓ ਦੀ ਪਛਾਣ ਲਈ ਰੇਡੀਓ ਐਂਕਰਿੰਗ ਤੇ ਪੇਸ਼ਕਾਰੀ ਲਈ ਫਰੀ ਵਰਕਸ਼ਾਪ ਅਤੇ ਸਨਰਾਇਜ਼ ਰੇਡੀਓ ਟਰੇਨਿੰਗ ਦਾ ਵੀ ਪ੍ਰਬੰਧ ਕੀਤਾ ਸੀ। ਛੋਟੀ ਜਿਹੀ ਜਗ੍ਹਾ ਤੋਂ ਸ਼ੁਰੂ ਹੋ ਕੇ ਅੱਜ ਸਨਰਾਇਜ਼ ਦੀ ਪੰਜ ਮੰਜਿ਼ਲਾ ਸਟੂਡੀਓ ਪ੍ਰਸਾਰਨ ਬਿਲਡਿੰਗ ਹੈ ਅਤੇ ਉਸ ਦੇ ਓਸਟਰਲੇ ਵਾਲੇ ਘਰ ਜਿੱਥੇ ਉਹ ਰਹਿੰਦਾ ਸੀ, ਦੀ ਕੀਮਤ ਤਿੰਨ ਮਿਲੀਅਨ ਪੌਂਡ ਤੋਂ ਜਿ਼ਆਦਾ ਹੈ।

ਹੁਣ ਜਦੋਂ ਉਹ 73 ਵਰ੍ਹਿਆਂ ਦਾ ਉਮਰ ਵਿਚ ਉਹ ਇਸ ਦੁਨੀਆ ਤੋਂ ਵਿਦਾ ਹੋਇਆ ਤਾਂ ਉਸ ਦਾ ਸਿਤਾਰਾ ਬੁਲੰਦੀ ‘ਤੇ ਸੀ। ਉਹ ਪੰਜ ਖ਼ੂਬਸੂਰਤ ਬੱਚਿਆਂ ਦਾ ਪਿਤਾ ਸੀ; ਤਿੰਨ ਪੁੱਤਰ ਤੇ ਦੋ ਧੀਆਂ। ਇਕ ਵਾਰ ਲੰਡਨ ਵਿਚ ਮੁਲਾਕਾਤ ਦੌਰਾਨ ਉਸ ਨੇ ਕਿਹਾ ਸੀ- “ਮੈਂ ਕਿਸਮਤ ਤੇ ਕੁਦਰਤ ਨੂੰ ਬੇਹੱਦ ਨੇਵਿਓਂ ਦੇਖਿਆ ਹੈ।” ਉਹ ਸਿਆਸਤ ਵਿਚ ਵੀ ਆਉਣਾ ਚਾਹੁੰਦਾ ਸੀ ਪਰ ਸਫਲਤਾ ਨਹੀਂ ਮਿਲੀ। 2001 ਵਿਚ ਬਰਤਾਨੀਆ ਚੋਣਾਂ ਵਿਚ ਉਹਨੇ ਈਲਿੰਗ ਸਾਊਥਹਾਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ ਤੀਜੇ ਸਥਾਨ ‘ਤੇ ਰਿਹਾ। ਇਸ ਸੀਟ ਤੋਂ ਹੀ ਬਾਅਦ ਵਿਚ ਉਸ ਦੇ ਬੇਟੇ (ਸੁਰਿੰਦਰ ਲਿੱਟ) ਨੇ ਸਿਆਸਤ ਵਿਚ ਪਾਇਆ ਪਰ ਉਹ ਵੀ ਤੀਜੇ ਸਥਾਨ ‘ਤੇ ਹੀ ਰਿਹਾ।

ਅਵਤਾਰ ਨੇ ਔਖਾ ਵੇਲਾ ਉਸ ਵੇਲੇ ਦੇਖਿਆ ਜਦੋਂ ਪੀੜਤਾਂ ਲਈ ਇਕੱਠਾ ਕੀਤਾ ਫੰਡ ਉਹ ਸਮੇਂ ਸਿਰ ਵੰਡ ਨਹੀਂ ਸਕਿਆ। ਬ੍ਰਿਟਿਸ਼ ਬ੍ਰਾਡਕਾਸਟਿੰਗ ਅਥਾਰਟੀ ‘ਆਫ ਕਾਮ’ ਨੇ ਉਸ ਦਾ ਰੇਡੀਓ ਲਾਇਸੈਂਸ ਰੱਦ ਕਰਨ ਦੀ ਕੋਸ਼ਿਸ਼ ਕੀਤੀ ਪਰ ਅਵਤਾਰ ਨੇ ਆਪਣੇ ਆਪ ਨੂੰ ਉਸ ‘ਚੋਂ ਸੁਰਖ਼ਰੂ ਕੱਢ ਲਿਆ ਸੀ।

ਮੈਂ ਪਹਿਲੀ ਵਾਰੀ ਉਸ ਨੂੰ ਲੰਡਨ ‘ਚ 1980 ਵਿਚ ਮਿਲਿਆ। ਫਿਰ ਤਾਂ ਮੁਲਾਕਾਤਾਂ ਤੇ ਰੇਡੀਓ ਰਿਕਾਰਡਿੰਗ ਤੇ ਫੋਨ ‘ਤੇ ਕਈ ਵਾਰੀ ਗੱਲਾਂ ਹੋਈਆਂ। ਉਹ ਪੰਜਾਬ ਤੇ ਭਾਰਤ ਬਾਰੇ ਚਰਚਾ ਕਰਦਾ ਰਹਿੰਦਾ ਸੀ। ਭਾਰਤੀ ਮੀਡੀਆ ਬਾਰੇ ਉਸ ਦਾ ਇਹ ਵਿਚਾਰ ਬਣਿਆ ਹੋਇਆ ਸੀ ਕਿ ਇਹ ਸੱਤਾ ਦੇ ਹੱਥਾਂ ਦੀ ਕਠਪੁਤਲੀ ਰਿਹਾ ਹੈ। ਉਸ ਦਾ ਮੰਨਣਾ ਸੀ ਕਿ ਭਾਰਤ ਦੇ ਬਹੁਤ ਸਾਰੇ ਮੀਡੀਆ ਅਦਾਰੇ ਅਸਲ ਵਿਚ ਪੱਤਰਕਾਰੀ ਤੋਂ ਕੋਹਾਂ ਦੂਰ ਹਨ। ਪੰਜਾਬ ਅਤੇ ਪੰਜਾਬੀ ਮੀਡੀਆ ਬਾਰੇ ਉਹਦੀ ਰਾਇ ਬੜੀ ਤਲਖ ਸੀ।

ਆਪਣੀਆਂ ਸਾਰੀਆਂ ਮੁਲਾਕਾਤਾਂ ਅਤੇ ਫੋਨ ਵਾਰਤਾਵਾਂ ਵਿਚ ਮੈਨੂੰ ਲੱਗਦਾ ਕਿ ਉਹ ਅਤਿ ਉਤਸ਼ਾਹੀ ਅਤੇ ਹਮੇਸ਼ਾ ਸੰਘਰਸ਼ ਕਰਨ ਤੇ ਲੜਨ ਵਾਲਾ ਜੁਝਾਰੂ ਸੀ ਜਿਸ ਨੇ ਪੂਰੀ ਦੁਨੀਆ ਦੀਆਂ ਸਰਕਾਰਾਂ ਤੱਕ ਪੰਜਾਬ, ਪੰਜਾਬੀਅਤ ਤੇ ਏਸ਼ਿਆਈ ਲੋਕਾਂ ਨੂੰ ਦਰਪੇਸ਼ ਦੀਆਂ ਸਮੱਸਿਆਵਾਂ ਪਹੁੰਚਾਈਆਂ।

ਅਵਤਾਰ ਨੂੰ ਕਈ ਸਨਮਾਨ ਵੀ ਮਿਲੇ। ਉਸ ਨੂੰ 2013 ਵਿਚ ਬ੍ਰਿਟਿਸ਼ ਰੋਲ ਆਫ ਆਨਰ ਅਤੇ ਬਾਅਦ ਵਿਚ ਜਿਊਲ ਆਫ ਪੰਜਾਬ ਵਰਗੇ ਸਨਮਾਨ ਮਿਲੇ। ਅੱਜ ਉਹ ਭਾਵੇਂ ਸਾਥੋਂ ਦੂਰ ਚਲਾ ਗਿਆ ਹੈ ਪਰ ਉਹ ਰੇਡੀਓ ਬ੍ਰਾਡਕਾਸਟਿੰਗ ਦੀ ਦੁਨੀਆ ਦਾ ਸਦਾ ਬਾਦਸ਼ਾਹ ਰਹੇਗਾ। ਉਸ ਨੇ ਸੈਂਕੜੇ ਨਵੇਂ ਐਂਕਰਾਂ ਸਮੇਤ ਕਈ ਨਾਮੀ ਸਿਆਸੀ ਤੇ ਨੋਬੇਲ ਇਨਾਮੀ ਸ਼ਖ਼ਸੀਅਤਾਂ ਨੂੰ ਰੇਡੀਓ ਰਾਹੀਂ ਨਸ਼ਰ ਕੀਤਾ ਅਤੇ ਬ੍ਰਾਡਕਾਸਟਿੰਗ ਦੀ ਦੁਨੀਆ ਵਿਚ ਨਵੀਂ ਪਿਰਤ ਪਾਈ। ਅਸਲ ਵਿਚ ਉਸ ਨੂੰ ਰੇਡੀਓ ਨਾਲ ਇਸ਼ਕ ਸੀ। ਨਾਲ ਹੀ ਉਹ ਯਾਰਾਂ ਦਾ ਯਾਰ ਅਤੇ ਦਿਲਦਾਰ ਆਦਮੀ ਸੀ।

ਦੋਸਤੀ ਦਾ ਆਸ਼ਕ ਅਤੇ ਜਿ਼ੰਦਗੀ ਦਾ ਰਸੀਆ ਅਵਤਾਰ ਬਹੁਤ ਯਾਦ ਆਵੇਗਾ। ਉਹ ਭਾਵੇਂ ਉਮਰ ‘ਚ ਵੱਡਾ ਸੀ ਪਰ ਉਸ ਦੀ ਖਣਕਦੀ ਆਵਾਜ਼ ਹਮੇਸ਼ਾ ਕੰਨਾਂ ‘ਚ ਗੂੰਜਦੀ ਰਹੇਗੀ। ਏਸ਼ੀਆਈ ਲੋਕਾਂ ਦੀ ਆਵਾਜ਼ ਦਾ ਜਨਮਦਾਤਾ ਭਾਵੇਂ ਖ਼ਾਮੋਸ਼ ਹੋ ਗਿਆ ਹੈ ਪਰ ਉਸ ਦਾ ਲਾਇਆ ਬੂਟਾ ਸਨਰਾਇਜ਼ ਏਸ਼ੀਅਨ ਰੇਡੀਓ ਹਮੇਸ਼ਾ ਉਸ ਦੀ ਆਵਾਜ਼ ਦੀ ਯਾਦ ਕਰਵਾਏਗਾ: ਗੁਡ ਮਾਰਨਿੰਗ ਲੰਡਨ, ਯੂ ਆਰ ਲਿਸਨਿੰਗ ਰੇਡੀਓ ਸਨਰਾਇਜ਼…। ਅਲਵਿਦਾ ਅਵਤਾਰ ਲਿੱਟ ਦੋਸਤ!

*ਲੇਖਕ ਦੂਰਦਰਸ਼ਨ ਦੇ ਉਪ ਮਹਾਨਿਰਦੇਸ਼ਕ ਰਹੇ ਹਨ।

ਸੰਪਰਕ: 94787-30156

Advertisement
Tags :
Advertisement
Advertisement
×