ਸੜਕ ਹਾਦਸਿਆਂ ਵਿੱਚ ਆਟੋ ਰਿਕਸ਼ਾ ਚਾਲਕ ਦੀ ਮੌਤ
ਗੁਰਿੰਦਰ ਸਿੰਘ
ਲੁਧਿਆਣਾ, 22 ਅਕਤੂਬਰ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਆਟੋ ਰਿਕਸ਼ਾ ਚਾਲਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਥਾਣਾ ਸਦਰ ਦੀ ਪੁਲੀਸ ਨੂੰ ਚਿੰਤਾ ਰਾਮ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਸੈਲੂ (29) ਆਪਣੇ ਆਟੋ ਰਿਕਸ਼ਾ ’ਤੇ ਗੁਰਦੁਆਰਾ ਆਲਮਗੀਰ ਤੋਂ ਲੁਧਿਆਣਾ ਸ਼ਹਿਰ ਵੱਲ ਆ ਰਿਹਾ ਸੀ ਕਿ ਮੇਨ ਗੇਟ ਜੀਟੀ ਰੋਡ ਆਲਮਗੀਰ ਕੋਲ ਲੁਧਿਆਣਾ ਸਾਈਡ ਤੋਂ ਇੱਕ ਕੈਂਟਰ ਚਾਲਕ ਨੇ ਆਪਣਾ ਵਾਹਨ ਤੇਜ਼ ਰਫ਼ਤਾਰ ਨਾਲ ਉਸ ਦੇ ਆਟੋ ਰਿਕਸ਼ਾ ਨੂੰ ਫੇਟ ਮਾਰੀ ਜਿਸ ਨਾਲ ਸੈਲੂ ਦੇ ਕਾਫ਼ੀ ਸੱਟਾਂ ਲੱਗੀਆਂ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸਨੂੰ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਮੌਤ ਹੋ ਗਈ। ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਹੀਰਾ ਸਿੰਘ ਅਤੇ ਪ੍ਰਿੰਸ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਨਿਊ ਅਮਨ ਨਗਰ 33 ਫੁੱਟਾ ਰੋਡ ਵਾਸੀ ਮਨੀ ਬੱਤਰਾ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਖ਼ਤਮ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਜਲੰਧਰ ਬਾਈਪਾਸ ਵੇਰਕਾ ਬੂਥ ਦੇ ਸਾਹਮਣੇ ਪਿੱਛੋਂ ਇੱਕ ਟਰੱਕ ਚਾਲਕ ਨੇ ਆਪਣਾ ਟਰੱਕ ਤੇਜ਼ ਰਫ਼ਤਾਰੀ ਨਾਲ ਚਲਾ ਕੇ ਉਸਨੂੰ ਫੇਟ ਮਾਰੀ, ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਸੜਕ ਦੇ ਸੱਜੇ ਪਾਸੇ ਡਿਵਾਈਡਰ ’ਤੇ ਡਿੱਗ ਪਿਆ ਜਿਸ ਨਾਲ ਉਸਦੀ ਰੀੜ੍ਹ ਦੀ ਹੱਡੀ ਅਤੇ ਸਿਰ ਵਿੱਚ ਸੱਟਾਂ ਲੱਗੀਆਂ। ਉਸਨੂੰ ਸੋਬਤੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।