ਆਟੋ ਚਾਲਕ ਦੀ ਹੱਤਿਆ ਦਾ ਮਾਮਲਾ ਸੁਲਝਿਆ
ਹਰਜੀਤ ਸਿੰਘ
ਜ਼ੀਰਕਪੁਰ, 21 ਅਗਸਤ
ਜ਼ੀਰਕਪੁਰ ਪੁਲੀਸ ਨੇ ਡੇਰਾਬੱਸੀ ਵਸਨੀਕ ਆਟੋ ਚਾਲਕ ਦੇ ਕਤਲ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਤਹਿਤ ਕਥਿਤ ਤੌਰ ’ਤੇ ਇਹ ਕਤਲ ਕੀਤਾ। ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ 46 ਸਾਲਾਂ ਦੇ ਪ੍ਰਮੋਦ ਕੁਮਾਰ ਵਾਸੀ ਗਲੀ ਨੰਬਰ 10 ਗੁਲਾਬਗੜ੍ਹ ਰੋਡ ਡੇਰਾਬੱਸੀ ਅਤੇ 24 ਸਾਲਾਂ ਦੇ ਗੌਰਵ ਵਾਸੀ ਗੁਲਾਬਗੜ੍ਹ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਜ਼ੀਰਕਪੁਰ ਦੀ 200 ਫੁਟੀ ਐਰੋ ਸਿਟੀ ਰੋਡ ’ਤੇ ਲੰਘੇ ਕੱਲ੍ਹ ਪੁਲੀਸ ਨੂੰ ਡੇਰਾਬੱਸੀ ਬਾਲਾ ਜੀ ਨਗਰ ਵਸਨੀਕ ਹਰਿੰਦਰ ਸਿੰਘ ਦੀ ਲਾਸ਼ ਮਿਲੀ ਸੀ। ਊਸ ਦੀ ਗਰਦਨ ’ਤੇ ਚਾਕੂ ਨਾਲ ਵਾਰ ਕਰਨ ਦੇ ਨਿਸ਼ਾਨ ਸਨ ਅਤੇ ਉਸ ਦੀ ਗਰਦਨ ਬਿਜਲੀ ਦੀ ਤਾਰ ਨਾਲ ਲਪੇਟੀ ਹੋਈ ਸੀ ਜਿਸ ਤੋਂ ਸਪਸ਼ਟ ਸੀ ਕਿ ਉਸ ਦੀ ਗਰਦਨ ਨੂੰ ਬਿਜਲੀ ਦੀ ਤਾਰ ਨਾਲ ਘੋਟਿਆ ਗਿਆ ਸੀ। ਹਰਿੰਦਰ ਕੁਵਾਰਾ ਸੀ ਤੇ ਪੁਲੀਸ ਨੇ ਊਸ ਦੇ ਭਰਾ ਦੇ ਬਿਆਨ ’ਤੇ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਆਰੰਭੀ ਸੀ।
ਪੁਲੀਸ ਵੱਲੋਂ ਇਕ ਕੇਸ ਜਲਦੀ ਹੀ ਸੁਲਝਾ ਲਏ ਜਾਣ ਕਾਰਨ ਹਰ ਪਾਸੇ ਪੁਲੀਸ ਦੀ ਸ਼ਲਾਘਾ ਹੋ ਰਹੀ ਹੈ।
ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਵੱਲੋਂ ਖੁਲਾਸਾ
ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਹਰਿੰਦਰ ਆਟੋ ਚਲਾਉਂਦਾ ਸੀ ਅਤੇ ਲੰਘੇ ਵੀਰਵਾਰ ਰਾਤ ਨੂੰ 9 ਵਜੇ ਘਰ ਤੋਂ ਆਟੋ ਲੈ ਕੇ ਨਿਕਲਿਆ ਸੀ। ਉਨ੍ਹਾਂ ਨੇ ਦੱਸਿਆ ਕਿ 46 ਸਾਲਾਂ ਦੇ ਪ੍ਰਮੋਦ ਦੇ ਕਿਸੇ ਚੰਡੀਗੜ੍ਹ ਸੈਕਟਰ-25 ਵਸਨੀਕ ਔਰਤ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ ਜਿਸ ’ਤੇ ਹਰਿੰਦਰ ਵੀ ਅੱਖ ਰੱਖਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ’ਚ ਤਕਰਾਰ ਰਹਿੰਦੀ ਸੀ। ਇਸੇ ਦੌਰਾਨ ਤਕਰਾਰ ਐਨੀ ਵੱਧ ਗਈ ਕਿ ਪ੍ਰਮੋਦ ਨੇ ਹਰਿੰਦਰ ਨੂੰ ਰਾਹ ’ਚੋ ਪਾਸੇ ਹਟਾਉਣ ਦੀ ਯੋਜਨਾ ਬਣਾ ਲਈ। ਇਸ ਕੰਮ ਲਈ ਉਸ ਨੇ ਆਪਣੇ ਦੋਸਤ ਅਤੇ ਆਟੋ ਚਾਲਕ ਗੌਰਵ ਨੂੰ ਨਾਲ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਲੰਘੀ ਰਾਤ ਪ੍ਰਮੋਦ ਵਲੋਂ ਪਹਿਲਾਂ ਬਣਾਈ ਯੋਜਨਾ ਤਹਿਤ ਗੌਰਵ ਨੇ ਹਰਿੰਦਰ ਨੂੰ ਸ਼ਰਾਬ ਪਿਲਾਈ ਤੇ ਬਾਅਦ ’ਚ ਦੋਵਾਂ ਨੇ ਬਿਜਲੀ ਦੀ ਤਾਰ ਨਾਲ ਉਸ ਦਾ ਗੱਲ ਘੋਟ ਕੇ ਕਥਿਤ ਤੌਰ ’ਤੇ ਊਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਮੌਕੇ ’ਤੇ ਹੀ ਸੁੱਟ ਦਿੱਤੀ। ਪੁਲੀਸ ਮੁਲਜ਼ਮਾਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕਰੇਗੀ।