Sambal: ਸੰਭਲ ’ਚ ਪੁਲੀਸ ਵੱਲੋਂ ਫਲੈਗ ਮਾਰਚ
ਸੰਭਲ, 28 ਨਵੰਬਰ
ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਬੀਤੇ ਐਤਵਾਰ ਨੂੰ ਸ਼ਾਹੀ ਜਾਮਾ ਮਸਜਿਦ ਵਿੱਚ ਸਰਵੇਖਣ ਦੌਰਾਨ ਹੋਈ ਹਿੰਸਾ ਮਗਰੋਂ ਪੁਲੀਸ ਨੇ ਜ਼ੁੰਮੇ ਦੀ ਨਮਾਜ਼ ਤੋਂ ਇੱਕ ਦਿਨ ਪਹਿਲਾਂ ਅੱਜ ਇੱਥੇ ਮਸਜਿਦ ਦੇ ਨੇੜਲੇ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ।
ਸੰਭਲ ਵਿੱਚ ਸ਼ੁੱਕਰਵਾਰ ਨੂੰ ਜ਼ੁੰਮੇ ਦੀ ਨਮਾਜ਼ ਦੇ ਨਾਲ-ਨਾਲ ਜਾਮਾ ਮਸਜਿਦ ਦੀ ਸਰਵੇਖਣ ਰਿਪੋਰਟ ਵੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਸਬੰਧੀ ਮੁਸਲਿਮ ਅਤੇ ਹਿੰਦੂ ਧਿਰ ਦੇ ਵਕੀਲਾਂ ਨੇ ਤਿਆਰੀ ਪੂਰੀ ਕਰ ਲਈ ਹੈ।
ਸੰਭਲ ਸ਼ਹਿਰ ਵਿੱਚ ਜਨ-ਜੀਵਨ ਲੀਹ ’ਤੇ ਆ ਰਿਹਾ ਹੈ। ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਅੱਜ ਏਐੱਸਪੀ ਸ਼੍ਰੀਸ਼ ਚੰਦਰ ਦੀ ਅਗਵਾਈ ਵਿੱਚ ਪੁਲੀਸ ਦਲ ਨੇ ਬਾਜ਼ਾਰਾਂ ਵਿੱਚ ਗਸ਼ਤ ਕੀਤੀ।
ਐਤਵਾਰ ਨੂੰ ਹੋਈ ਹਿੰਸਾ ਮਗਰੋਂ ਸੰਭਲ ਨਗਰ ਦੀਆਂ ਜ਼ਿਆਦਾਤਰ ਦੁਕਾਨਾਂ ਪਹਿਲੀ ਵਾਰ ਖੁੱਲ੍ਹੀਆਂ।
ਏਐੱਸਪੀ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਆਮ ਹੈ। ਸ਼ੁੱਕਰਵਾਰ ਦੀ ਨਮਾਜ਼ ਨੂੰ ਲੈ ਕੇ ਸੁਰੱਖਿਆ ਤਿਆਰੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਖੇਤਰ ਵਿੱਚ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।’’
ਸ਼੍ਰੀਸ਼ ਚੰਦਰ ਨੇ ਦੱਸਿਆ ਕਿ ਸਥਾਨਕ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ੁੰਮੇ ਦੀ ਨਮਾਜ਼ ਸਬੰਧੀ ਸਥਾਨਕ ਮੁਸਲਿਮ ਧਰਮਗੁਰੂਆਂ ਨਾਲ ਮੀਟਿੰਗ ਕੀਤੀ ਹੈ।
ਹਿੰਦੂ ਪੱਖ ਦੇ ਵਕੀਲ ਸ੍ਰੀਗੋਪਾਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਸੁਣਵਾਈ ਅਤੇ ‘ਐਡਵੋਕੇਟ ਕਮਿਸ਼ਨਰ’ ਵੱਲੋਂ ਜਾਮਾ ਮਸਜਿਦ ਦੀ ਸਰਵੇਖਣ ਰਿਪੋਰਟ ਪੇਸ਼ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਮੁਸਲਿਮ ਪੱਖ ਨੂੰ ਜਵਾਬ ਦੇਣਾ ਪਵੇਗਾ। ਉਸ ਮਗਰੋਂ ਅਸੀਂ ਜਵਾਬ ਦੇਣ ਦੀ ਤਿਆਰੀ ਕਰਾਂਗੇ। ਮੁਸਲਿਮ ਪੱਖ ਦੇ ਜਵਾਬ ਦੇਣ ਮਗਰੋਂ ਹੀ ਅਸੀਂ ਆਪਣੀ ਅਗਲੀ ਰਣਨੀਤੀ ਤੈਅ ਕਰਾਂਗੇ।’’
ਦੂਜੇ ਪਾਸੇ ਮੁਸਲਿਮ ਪੱਖ ਦੇ ਵਕੀਲ ਸ਼ਕੀਲ ਅਹਿਮਦ ਵਾਰਸੀ ਨੇ ਦੱਸਿਆ, ‘‘ਸਾਡੀ ਪੂਰੀ ਤਿਆਰੀ ਹੈ। ਸਾਡੇ ਕੋਲ ਆਪਣਾ ਪੱਖ ਸਾਬਤ ਕਰਨ ਦੇ ਪੂਰੇ ਸਬੂਤ ਹਨ, ਜਿਨ੍ਹਾਂ ਨੂੰ ਅਸੀਂ ਭਲਕੇ ਅਦਾਲਤ ਵਿੱਚ ਪੇਸ਼ ਕਰਾਂਗੇ।’’
ਇਸੇ ਦੌਰਾਨ ਸ਼ਾਹੀ ਜਾਮਾ ਮਸਜਿਦ ਦੇ ਇਮਾਮ ਆਫ਼ਤਾਬ ਹੁਸੈਨ ਵਾਰਸੀ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਸੰਭਲ ਵਿੱਚ ਜਲਦੀ ਹੀ ਪਹਿਲਾਂ ਵਾਂਗ ਅਮਨ ਸ਼ਾਂਤੀ ਬਹਾਲ ਹੋਵੇਗੀ। ਉਨ੍ਹਾਂ ਕਿਹਾ, ‘‘ਅੱਲ੍ਹਾ ਅਮਨ ਸ਼ਾਂਤੀ ਕਾਇਮ ਰੱਖੇ, ਜਿਵੇਂ ਪਹਿਲਾਂ ਸੀ। ਮੈਨੂੰ ਉਮੀਦ ਹੈ ਕਿ ਸਭ ਜਲਦੀ ਹੀ ਸਹੀ ਹੋ ਜਾਵੇਗਾ।’’
ਸੰਭਲ ਵਿੱਚ ਅਦਾਲਤ ਦੇ ਆਦੇਸ਼ ’ਤੇ 19 ਨਵੰਬਰ ਨੂੰ ਜਾਮਾ ਮਸਜਿਦ ਵਿੱਚ ਪਹਿਲੀ ਵਾਰ ਕੀਤੇ ਗਏ ਸਰਵੇਖਣ ਮਗਰੋਂ ਹੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਅਦਾਲਤ ਨੇ ਇਹ ਆਦੇਸ਼ ਜਿਸ ਪਟੀਸ਼ਨ ’ਤੇ ਦਿੱਤਾ ਹੈ, ਉਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਜਗ੍ਹਾ ’ਤੇ ਮਸਜਿਦ ਹੈ, ਉੱਥੇ ਪਹਿਲਾਂ ਕਦੇ ਹਰਿਹਰ ਮੰਦਰ ਸੀ।
ਪਿਛਲੇ ਐਤਵਾਰ ਨੂੰ ਮਸਜਿਦ ਦਾ ਮੁੜ ਸਰਵੇਖਣ ਕੀਤੇ ਜਾਣ ਦੌਰਾਨ ਹਿੰਸਾ ਭੜਕ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਦਰਮਿਆਨ ਹੋਈ ਝੜਪ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਅਤੇ 25 ਹੋਰ ਜ਼ਖ਼ਮੀ ਹੋ ਗਏ ਸੀ।
ਸਰਵੇਖਣ ਦੀ ਰਿਪੋਰਟ 29 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। -ਪੀਟੀਆਈ