ਐਡੀਲੇਡ ਵਿੱਚ ਆਸਟਰੇਲੀਅਨ ਸਿੱਖ ਖੇਡਾਂ ਸ਼ੁਰੂ
ਬਚਿੱਤਰ ਕੁਹਾੜ
ਐਡੀਲੇਡ, 29 ਮਾਰਚ
ਇੱਥੇ ਅੱਜ ਐਲਸ ਪਾਰਕ ਵਿੱਚ 36ਵੀਆਂ ਤਿੰਨ ਰੋਜ਼ਾ ਆਸਟਰੇਲੀਅਨ ਸਿੱਖ ਖੇਡਾਂ ਅਰਦਾਸ ਕਰਨ ਮਗਰੋਂ ਸ਼ੁਰੂ ਹੋ ਗਈਆਂ। ਇਸ ਮੌਕੇ ਸੋਨ ਚਿੜੀ ਸਕੂਲ ਤੇ ਪੰਜਾਬੀ ਸਕੂਲ ਐਡੀਲੇਡ ਦੇ ਬੱਚਿਆਂ ਨੇ ਗੁਰਮੁਖੀ ਲਿਪੀ ਵਿੱਚ ਲਿਖੇ ਬੈਨਰ ਫੜ ਕੇ ਮੈਦਾਨ ਵਿੱਚ ਪੈਦਲ ਮਾਰਚ ਕੀਤਾ। ਇਸ ਮਗਰੋਂ ‘ਸਾਂਝ ਪੰਜਾਬ ਦੀ’ ਗਿੱਧਾ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਜਾਗੋ ਕੱਢੀ, ਸਾਊਥ ਸਾਈਡ ਭੰਗੜਾ ਗਰੁੱਪ ਦੀਆਂ ਮੁਟਿਆਰਾਂ ਨੇ ਗਿੱਧਾ ਤੇ ‘ਰੂਹ ਪੰਜਾਬ ਦੀ’ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਭੰਗੜਾ ਪਾਇਆ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਸਿੱਖ ਖੇਡਾਂ ਦੌਰਾਨ ਵੱਖ ਵੱਖ ਉਮਰ ਵਰਗ ਦੇ ਕਬੱਡੀ, ਫੁਟਬਾਲ, ਵਾਲੀਬਾਲ, ਕ੍ਰਿਕਟ, ਹਾਕੀ, ਨੈੱਟਬਾਲ ਆਦਿ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿੱਚ ਆਸਟਰੇਲੀਆ ਤੋਂ ਇਲਾਵਾ ਸਿੰਗਾਪੁਰ, ਨਿਊਜ਼ੀਲੈਂਡ ਅਤੇ ਮਲੇਸ਼ੀਆ ਸਣੇ ਹੋਰ ਦੇਸ਼ਾਂ ਦੇ ਸਿੱਖ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮੌਕੇ ਸਿਆਸੀ ਆਗੂਆਂ ਦਾਨਾ ਵਾਰਟਲੇ, ਰਸਲ ਵਾਰਟਲੇ, ਸਟੀਵ ਜਾਰਗਨਸ ਅਤੇ ਮੈਕਲੀਨ ਬਰਾਊਨ ਨੇ ਆਪਣੇ ਸੰਬੋਧਨ ਵਿੱਚ ਹਰ ਸਾਲ ਸਿੱਖ ਖੇਡਾਂ ਕਰਵਾਉਣ ਲਈ ਸਮੁੱਚੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਵਧਾਈ ਦਿੱਤੀ।