ਆਸਟਰੇਲੀਆ ਓਪਨ: ਸਿਨਰ ਤੇ ਕੋਕੋ ਗਾਫ ਅਗਲੇ ਗੇੜ ਵਿੱਚ
ਮੈਲਬਰਨ, 13 ਜਨਵਰੀ
ਦੂਜੇ ਟਾਈਬ੍ਰੇਕਰ ਵਿੱਚ ਖਰਾਬ ਡਰਾਪ ਸ਼ਾਟ ’ਤੇ ਸੈੱਟ ਪੁਆਇੰਟ ਗਵਾਉਣ ਮਗਰੋਂ ਜਾਨਿਕ ਸਿਨਰ ਨੇ ਸ਼ਾਨਦਾਰ ਵਾਪਸੀ ਕਰਦਿਆਂ ਆਸਟਰੇਲੀਆ ਓਪਨ ਦੇ ਪਹਿਲੇ ਗੇੜ ਵਿੱਚ ਨਿਕੋਲਸ ਜੈਰੀ ਨੂੰ 7-6, 7-6, 6-1 ਨਾਲ ਹਰਾ ਦਿੱਤਾ। ਟੂਰਨਾਮੈਂਟ ਤੋਂ ਪਹਿਲਾਂ ਡੋਪਿੰਗ ਮਾਮਲਿਆਂ ਕਾਰਨ ਸੁਰਖੀਆਂ ਵਿੱਚ ਰਹੇ ਸਿਨਰ ਅਤੇ ਮਹਿਲਾ ਵਰਗ ਵਿੱਚ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਨੇ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਸਿਨਰ ਦੀ ਇਹ ਟੂਰ ’ਤੇ ਅਤੇ ਗਰੈਂਡਸਲੈਮ ਵਿੱਚ ਹਾਰਡਕੋਰਟ ’ਤੇ ਲਗਾਤਾਰ 15ਵੀਂ ਜਿੱਤ ਹੈ। ਉਸ ਨੇ ਪਿਛਲੇ ਸਾਲ ਇੱਥੇ ਫਾਈਨਲ ਵਿੱਚ ਦਾਨਿਲ ਮੈਦਵੇਦੇਵ ਨੂੰ ਹਰਾ ਕੇ ਆਪਣਾ ਪਹਿਲਾ ਗਰੈਂਡਸਲੈਮ ਖਿਤਾਬ ਜਿੱਤਿਆ ਸੀ। ਸੈਮੀਫਾਈਨਲ ਵਿੱਚ ਉਸ ਨੇ 10 ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾਇਆ ਸੀ। ਇਸੇ ਤਰ੍ਹਾਂ ਅਮਰੀਕਾ ਦੇ 20 ਸਾਲਾ ਐਲੇਕਸ ਮਿਸ਼ੇਲਸਨ ਨੇ ਪਹਿਲੇ ਗੇੜ ਵਿੱਚ 2023 ਦੇ ਆਸਟਰੇਲੀਆ ਓਪਨ ਦੇ ਉਪ ਜੇਤੂ ਸਟੀਫਾਨੋਸ ਸਿਟਸਿਪਾਸ ਨੂੰ ਪਹਿਲੇ ਹੀ ਗੇੜ ਵਿੱਚ 7-5, 6-3, 2-6, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਮਹਿਲਾ ਵਰਗ ਵਿੱਚ ਪੋਲੈਂਡ ਦੀ ਸਵਿਆਤੇਕ ਨੇ ਕੈਟਰੀਨਾ ਸਿਨੀਆਕੋਵਾ ਨੂੰ 6-3, 6-4 ਨਾਲ ਮਾਤ ਦਿੱਤੀ। ਅਮਰੀਕਾ ਦੀ ਤੀਜਾ ਦਰਜਾ ਪ੍ਰਾਪਤ ਕੋਕੋ ਗਾਫ ਨੇ 2020 ਦੀ ਚੈਂਪੀਅਨ ਸੋਫੀਆ ਕੈਨਿਨ ਨੂੰ ਸਿੱਧੇ ਸੈੱਟਾਂ ਵਿੱਚ 6-3, 6-3 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਗਾਫ ਨੇ ਨਵੰਬਰ ਵਿੱਚ ਡਬਲਿਊਟੀਏ ਫਾਈਨਲਜ਼ ਅਤੇ ਪਿਛਲੇ ਹਫ਼ਤੇ ਯੂਨਾਈਟਿਡ ਕੱਪ ਜਿੱਤਿਆ ਸੀ। -ਏਪੀ