ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਦੂਜਾ ਟੈਸਟ ਜਿੱਤਿਆ
ਐਡੀਲੇਡ, 8 ਦਸੰਬਰ
ਭਾਰਤੀ ਟੀਮ ਨੂੰ ਖ਼ਰਾਬ ਬੱਲੇਬਾਜ਼ੀ ਕਾਰਨ ਅੱਜ ਇੱਥੇ ਆਸਟਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਵਿੱਚ ‘ਗੁਲਾਬੀ ਗੇਂਦ’ ਨਾਲ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਅੱਜ ਦੂਜੇ ਟੈਸਟ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ’ਚ ਮੈਚ ਜਿੱਤ ਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਗੁਲਾਬੀ ਗੇਂਦ ਨਾਲ ਖੇਡੇ ਗਏ 13 ਮੈਚਾਂ ਵਿੱਚ ਇਹ ਆਸਟਰੇਲੀਆ ਦੀ 12ਵੀਂ ਜਿੱਤ ਹੈ। ਉਸ ਨੇ ਐਡੀਲੇਡ ’ਚ ਗੁਲਾਬੀ ਗੇਂਦ ਨਾਲ ਖੇਡੇ ਗਏ ਸਾਰੇ ਅੱਠ ਮੈਚ ਜਿੱਤੇ ਹਨ। ਇਸ ਮੈਚ ਦੀਆਂ ਦੋਵਾਂ ਪਾਰੀਆਂ ਵਿੱਚ ਭਾਰਤੀ ਬੱਲੇਬਾਜ਼ ਸਿਰਫ਼ 81 ਓਵਰ ਹੀ ਬੱਲੇਬਾਜ਼ੀ ਕਰ ਸਕੇ। ਭਾਰਤ ਨੇ ਦਿਨ ਦੀ ਸ਼ੁਰੂਆਤ ਪੰਜ ਵਿਕਟਾਂ ’ਤੇ 128 ਦੌੜਾਂ ਨਾਲ ਕੀਤੀ ਅਤੇ ਪਹਿਲੇ ਓਵਰ ’ਚ ਹੀ ਰਿਸ਼ਭ ਪੰਤ (28) ਦੀ ਵਿਕਟ ਗੁਆ ਦਿੱਤੀ। ਪਹਿਲੀ ਪਾਰੀ ਵਾਂਗ ਨਿਤੀਸ਼ ਕੁਮਾਰ ਰੈੱਡੀ (42) ਨੇ ਦੂਜੀ ਪਾਰੀ ਵਿੱਚ ਵੀ ਜਜ਼ਬਾ ਦਿਖਾਇਆ ਅਤੇ ਟੀਮ ਨੂੰ 175 ਦੌੜਾਂ ਤੱਕ ਪਹੁੰਚਾਇਆ। ਭਾਰਤ ਦੀ ਦੂਜੀ ਪਾਰੀ ਸਿਰਫ਼ 36.5 ਓਵਰਾਂ ਤੱਕ ਹੀ ਚੱਲੀ। ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ 57 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਕੌਟ ਬੋਲੈਂਡ (51 ਦੌੜਾਂ ’ਤੇ ਤਿੰਨ ਵਿਕਟਾਂ) ਅਤੇ ਮਿਸ਼ੇਲ ਸਟਾਰਕ (60 ਦੌੜਾਂ ’ਤੇ ਦੋ ਵਿਕਟਾਂ) ਨੇ ਵੀ ਅਹਿਮ ਵਿਕਟਾਂ ਲਈਆਂ। -ਪੀਟੀਆਈ