ਆਸਟਰੇਲੀਆ: ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 20 ਜੁਲਾਈ
ਪਾਣੀ ਦੇ ਝਰਨੇ ਵਿੱਚ ਡੁੱਬ ਕਿ ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਚੈਤਨਿਆ ਮੁਪਾਰਾਜੂ (28) ਅਤੇ ਸੂਰਿਆ ਤੇਜਾ ਬੋਬਾ (29) ਦੀ ਮੌਤ ਹੋ ਗਈ ਹੈ। ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ’ਚ ਜ਼ੇਰੇ ਇਲਾਜ ਹੈ। ਕੁਈਨਜ਼ਲੈਂਡ ਚ ਮਿੱਲਾ ਮਿੱਲਾ ਫਾਲ (ਪਾਣੀ ਦਾ ਚਸ਼ਮਾ) ਦੇ ਪੂਲ ਚ ਨੌਜਵਾਨ ਤੈਰਾਕੀ ਕਰਦੇ ਸਮੇਂ ਪਾਣੀ ਚ ਡੁੱਬ ਗਏ। ਇਸ ਸਾਲ ਭਾਰਤੀਆਂ ਦੇ ਡੁੱਬਣ ਦੀ ਇਹ ਪੰਜਵੀਂ ਘਟਨਾ ਹੈ। ਦੋਵੇਂ ਨੌਜਵਾਨ ‘ਜੇਮਸ ਕੁੱਕ ਯੂਨੀਵਰਸਿਟੀ’ ਵਿੱਚ ਪੜ੍ਹਦੇ ਸਨ। ਦੋਹਾਂ ਦੀ ਅਚਾਨਕ ਮੌਤ ਕਾਰਨ ਪਰਿਵਾਰ, ਭਾਰਤੀ ਭਾਈਚਾਰਾ ਅਤੇ ਸਾਥੀ ਵਿਦਿਆਰਥੀ ਡੂੰਘੇ ਸਦਮੇ ’ਚ ਹਨ। ਭਾਈਚਾਰੇ ਨੇ ਪਰਿਵਾਰ ਦੀ ਆਰਥਿਕ ਮਦਦ ਲਈ ਇੱਕ ਲੱਖ ਡਾਲਰ ਤੋਂ ਵੱਧ ਦਾਨ ਰਾਸ਼ੀ ਇਕੱਤਰ ਕੀਤੀ ਹੈ। ਸਾਲ 2022 ਵਿੱਚ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਬੀਚ ਸੇਫਟੀ ਰਿਸਰਚ ਗਰੁੱਪ ਦੁਆਰਾ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਆਸਟਰੇਲੀਅਨ ਬੀਚਾਂ ’ਤੇ ਸਭ ਤੋਂ ਵੱਧ ਭਾਰਤੀਆਂ ਦੀਆਂ ਮੌਤਾਂ ਹੁੰਦੀਆਂ ਹਨ। ਸਰਕਾਰ ਵੱਲੋਂ ਵਿਦੇਸ਼ੀ ਪਾੜ੍ਹਿਆਂ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਤੈਰਾਕੀ ਦਾ ਗਿਆਨ ਹੋਣ ਦਾ ਸਬੂਤ ਮੰਗਿਆ ਜਾਂਦਾ ਹੈ। ਟੇਬਲਲੈਂਡਜ਼ ਇੰਸਪੈਕਟਰ ਜੇਸਨ ਸਮਿਥ ਨੇ ਆਪਣੇ ਬਿਆਨ ਵਿੱਚ ਸੈਲਾਨੀਆਂ ਨੂੰ ਕਿਹਾ ਕਿ ਸਾਵਧਾਨੀ ਅਤੇ ਧਿਆਨ ਰੱਖਣਾ ਜ਼ਰੂਰੀ ਹੈ।