For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਆ ਛੇਵੀਂ ਵਾਰ ਵਿਸ਼ਵ ਚੈਂਪੀਅਨ

07:27 AM Nov 20, 2023 IST
ਆਸਟਰੇਲੀਆ ਛੇਵੀਂ ਵਾਰ ਵਿਸ਼ਵ ਚੈਂਪੀਅਨ
ਭਾਰਤ ਨੂੰ ਹਰਾਉਣ ਮਗਰੋਂ ਜੇਤੂ ਟਰਾਫੀ ਨਾਲ ਜਿੱਤ ਦਾ ਜਸ਼ਨ ਮਨਾਉਂਦੀ ਹੋਈ ਆਸਟਰੇਲਿਆਈ ਟੀਮ। -ਫੋਟੋ: ਰਾਇਟਰਜ਼
Advertisement

ਅਹਿਮਦਾਬਾਦ, 19 ਨਵੰਬਰ
ਮਿਸ਼ੇਲ ਸਟਾਰਕ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਟਰੈਵਿਸ ਹੈੱਡ (137) ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਅੱਜ ਇਥੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਉਪਰੋਥਲੀ ਨੌਵੀਂ ਜਿੱਤ ਨਾਲ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਗਿਆ ਹੈ। ਭਾਰਤ ਇਕ ਵਾਰ ਫਿਰ ਆਈਸੀਸੀ ਟੂਰਨਾਮੈਂਟਾਂ ਵਿਚ ਫਾਈਨਲ ਦਾ ਦਬਾਅ ਝੱਲਣ ਵਿੱਚ ਨਾਕਾਮ ਰਿਹਾ। ਇਸੇ ਸਾਲ ਖੇਡੇ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਭਾਰਤ ਨੂੰ ਕੰਗਾਰੂਆਂ ਹੱਥੋਂ ਸ਼ਿਕਸਤ ਝੱਲਣੀ ਪਈ ਸੀ। 2015 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਨੇ ਹੀ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਾਹ ਦਿਖਾਇਆ ਸੀ। ਆਸਟਰੇਲੀਅਨ ਟੀਮ ਨੇ ਮੈਚ ਜਿੱਤ ਕੇ 140 ਕਰੋੜ ਭਾਰਤੀਆਂ ਦਾ ਦਿਲ ਤੇ ਮੇਜ਼ਬਾਨ ਟੀਮ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਤੋੜ ਦਿੱਤਾ। ਉਪਰੋਥਲੀ 10 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਭਾਰਤੀ ਟੀਮ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਤੀਜਾ ਵਿਸ਼ਵ ਕੱਪ ਜਿੱਤਣ ਦੀ ਉਮੀਦ ਸੀ। ਟੂਰਨਾਮੈਂਟ ਦੇ ਸਭ ਤੋਂ ਸਫ਼ਲ ਬੱਲੇਬਾਜ਼ ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਿਵਨ ਨੇ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਦੂਜੀ ਵਾਰ ਹਿੱਸਾ ਬਣਨ ਜਦੋਂਕਿ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੀ ਵਾਰ ਇਕ ਰੋਜ਼ਾ ਵਿਸ਼ਵ ਚੈਂਪੀਅਨ ਬਣਨਾ ਦਾ ਸੁਪਨਾ ਦੇਖਿਆ ਸੀ, ਪਰ ਪੈਟ ਕਮਿਨਸ ਨੇੇ ਇਨ੍ਹਾਂ ਸੁਫ਼ਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਆਸਟਰੇਲੀਅਨ ਟੀਮ ਨੇ ਭਾਰਤ ਖਿਲਾਫ਼ ਪਹਿਲੇ ਮੈਚ ਸਣੇ ਲਗਾਤਾਰ ਦੋ ਹਾਰ ਨਾਲ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ, ਪਰ ਫਿਰ ਲਗਾਤਾਰ ਨੌਂ ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਵਿੱਚ ਬਣਾਈਆਂ 765 ਦੌੜਾਂ ਲਈ ‘ਪਲੇਅਰ ਆਫ ਦੀ ਸੀਰੀਜ਼’ ਐਲਾਨਿਆ ਗਿਆ। ਕੋਹਲੀ ਨੇ 95.62 ਦੀ ਔਸਤ ਤੇ 90.31 ਦੇ ਸਟਰਾਈਕ ਰੇਟ ਨਾਲ ਤਿੰਨ ਸੈਂਕੜੇ ਤੇ ਦੋ ਨੀਮ ਸੈਂਕੜੇ ਵੀ ਜੜੇ। ਉਂਜ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਬੱਲੇਬਾਜ਼ ਨੇ 700 ਦੌੜਾਂ ਬਣਾਈਆਂ। ਕੋਹਲੀ ਨੇ ਸਚਿਨ ਤੇਂਦੁਲਕਰ ਵੱਲੋਂ 2003 ਵਿਸ਼ਵ ਕੱਪ ਵਿੱਚ ਬਣਾਏ 673 ਦੌੜਾਂ ਦੇ ਰਿਕਾਰਡ ਨੂੰ ਤੋੜਿਆ।

Advertisement

ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੂੰ ਜੇਤੂ ਟਰਾਫੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ। -ਫੋਟੋ: ਪੀਟੀਆਈ

ਆਸਟਰੇਲੀਆ ਨੇ ਭਾਰਤ ਵੱਲੋਂ ਦਿੱਤੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੈੱਡ ਦੀ 137 ਦੌੜਾਂ ਦਾ ਪਾਰੀ (ਚਾਰ ਛੱਕੇ ਤੇ 15 ਚੌਕੇ) ਤੋਂ ਇਲਾਵਾ ਮਾਰਨਸ ਲਾਬੂਸ਼ੇਨ (110 ਗੇਂਦਾਂ ਵਿੱਚ ਨਾਬਾਦ 58 ਦੌੜਾਂ) ਨਾਲ ਚੌਥੇ ਵਿਕਟ ਲਈ 192 ਦੌੜਾਂ ਦੀ ਭਾਈਵਾਲੀ ਸਦਕਾ 43 ਓਵਰ ਵਿੱਚ ਚਾਰ ਵਿਕਟ ’ਤੇ 241 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਜੌਹੈੱਨਸਬਰਗ ਵਿੱਚ 2003 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਖਿਲਾਫ਼ ਮਿਲੀ ਹਾਰ ਦਾ ਬਦਲਾ ਲੈਣ ਵਿਚ ਵੀ ਨਾਕਾਮ ਰਿਹਾ। ਆਸਟਰੇਲੀਆ ਨੇ ਇਸ ਤੋਂ ਪਹਿਲਾਂ 1987, 1999, 2003, 2007 ਤੇ 2015 ਵਿਚ ਵੀ ਖਿਤਾਬੀ ਜਿੱਤ ਦਰਜ ਕੀਤੀ ਸੀ ਜਦੋਂਕਿ ਭਾਰਤ ਨੇ 1983 ਤੇ 2011 ਵਿਚ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤੀ ਪਾਰੀ ਲੋਕੇਸ਼ ਰਾਹੁਲ (66) ਤੇ ਵਿਰਾਟ ਕੋਹਲੀ (54) ਦੇ ਨੀਮ ਸੈਂਕੜਿਆਂ ਤੇ ਦੋਵਾਂ ਦਰਮਿਆਨ ਚੌਥੇ ਵਿਕਟ ਲਈ 67 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ 50 ਓਵਰਾਂ ਵਿੱਚ 240 ਦੌੜਾਂ ’ਤੇ ਸਿਮਟ ਗਈ। ਕਪਤਾਨ ਰੋਹਿਤ ਸ਼ਰਮਾ (47) ਨੇ ਪਾਰੀ ਦਾ ਆਗਾਜ਼ ਕਰਦੇ ਹੋਏ ਇਕ ਵਾਰ ਫਿਰ ਤੇਜ਼ਤੱਰਾਰ ਪਾਰੀ ਖੇਡੀ। ਆਸਟਰੇਲੀਆ ਲਈ ਸਟਾਰਕ 55 ਦੌੜਾਂ ਬਦਲੇ ਤਿੰਨ ਵਿਕਟ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਕਪਤਾਨ ਪੈਟ ਕਮਿਨਸ ਤੇ ਜੋਸ਼ ਹੇਜ਼ਲਵੁੱਡ ਦੇ ਹਿੱਸੇ ਦੋ ਦੋ ਵਿਕਟਾਂ ਆਈਆਂ। ਭਾਰਤੀ ਬੱਲੇਬਾਜ਼ਾਂ ਨੇ ਟੂਰਨਾਮੈਂਟਾਂ ਦੇ ਬਾਕੀ ਮੁਕਾਬਲਿਆਂ ਤੋਂ ਉਲਟ ਅੱਜ ਫਾਈਨਲ ਵਿੱਚ ਵਧੇਰੇ ਰੱਖਿਆਤਮਕ ਰਵੱਈਆ ਅਪਣਾਇਆ ਤੇ ਟੀਮ ਆਖਰੀ 40 ਓਵਰਾਂ ਵਿੱਚ ਸਿਰਫ਼ ਚਾਰ ਚੌਕੇ ਹੀ ਜੜ ਸਕੀ, ਜੋ ਆਸਟਰੇਲਿਆਈ ਗੇਂਦਬਾਜ਼ਾਂ ਦੇ ਦਬਦਬੇ ਨੂੰ ਦਰਸਾਉਂਦਾ ਸੀ। ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਸ਼ੁਰੂਆਤ ਵੀ ਖਰਾਬ ਰਹੀ ਤੇ ਟੀਮ ਨੇ 47 ਦੌੜਾਂ ਦੇ ਸਕੋਰ ਤੱਕ ਪਹੁੰਚਦਿਆਂ ਤਿੰਨ ਵਿਕਟ ਗੁਆ ਲਏ। ਸ਼ਮੀ ਨੇ ਸੈਮੀਫਾਈਨਲ ਦੀ ਤਰਜ਼ ’ਤੇ ਫਾਈਨਲ ਵਿਚ ਵੀ ਮੈਚ ਦੀ ਆਪਣੀ ਪਹਿਲੀ ਗੇਂਦ ’ਤੇ ਵਿਕਟ ਲਿਆ। ਸ਼ਮੀ ਨੇ ਡੈਵਿਡ ਵਾਰਨਰ (7) ਨੂੰ ਸਲਿਪ ਵਿੱਚ ਕੋਹਲੀ ਹੱਥੋਂ ਕੈਚ ਕਰਵਾਇਆ। ਜਸਪ੍ਰੀਤ ਬੁਮਰਾਹ ਨੇ ਮਿਸ਼ੇਲ ਮਾਰਸ਼(15) ਨੂੰ ਆਪਣਾ ਸ਼ਿਕਾਰ ਬਣਾਇਆ। ਲੋਕੇਸ਼ ਰਾਹੁਲ ਨੇ ਵਿਕਟਾਂ ਪਿੱਛੇ ਮਾਰਸ਼ ਦਾ ਕੈਚ ਫੜਿਆ। ਬੁਮਰਾਹ ਨੇ ਅਗਲੇ ਓਵਰ ਵਿਚ ਸਟੀਵ ਸਮਿੱਥ (4) ਨੂੰ ਲੱਤ ਅੜਿੱਕਾ ਆਊਟ ਕੀਤਾ। ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਨੇ ਹਾਲਾਂਕਿ ਕਰੀਜ਼ ਦਾ ਇਕ ਸਿਰਾ ਸੰਭਾਲੀ ਰੱਖਿਆ। ਹੈੱਡ ਨੇ ਮਗਰੋਂ ਲਾਬੂਸ਼ੇਨ ਨਾਲ ਮਿਲ ਕੇ ਟੀਮ ਨੂੰ ਜਿੱਤ ਦੀ ਦਹਿਲੀਜ਼ ’ਤੇ ਪਹੁੰਚਾਇਆ। ਆਸਟਰੇਲਿਆਈ ਕਪਤਾਨ ਕਮਿਨਸ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। -ਪੀਟੀਆਈ

ਆਸਟਰੇਲਿਆਈ ਬੱਲੇਬਾਜ਼ ਮਾਰਨਸ ਲਾਬੂਸ਼ੇਨ ਖ਼ਿਲਾਫ਼ ਡੀਆਰਐੱਸ ਨਕਾਰੇ ਜਾਣ ਮਗਰੋਂ ਨਿਰਾਸ਼ ਖੜ੍ਹੀ ਭਾਰਤੀ ਟੀਮ। -ਫੋਟੋ: ਪੀਟੀਆਈ

ਅੱਜ ਸਾਡਾ ਦਿਨ ਨਹੀਂ ਸੀ ਪਰ ਮੈਨੂੰ ਟੀਮ ’ਤੇ ਮਾਣ: ਰੋਹਿਤ

ਅਹਿਮਦਾਬਾਦ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਸਟਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਵਿਸ਼ਵ ਕੱਪ ਫਾਈਨਲ ਵਿੱਚ ਬੱਲੇਬਾਜ਼ੀ ਚੰਗੀ ਨਹੀਂ ਰਹੀ ਜਿਸ ਕਾਰਨ ਨਤੀਜਾ ਹੱਕ ਵਿੱਚ ਨਹੀਂ ਆਇਆ ਪਰ ਉਸ ਨੂੰ ਪੂਰੀ ਟੀਮ ’ਤੇ ਮਾਣ ਹੈ। ਉਸ ਨੇ ਕਿਹਾ, ‘‘ਨਤੀਜਾ ਸਾਡੇ ਹੱਕ ’ਚ ਨਹੀਂ ਰਿਹਾ। ਅਸੀਂ ਜਾਣਦੇ ਹਾਂ ਕਿ ਅੱਜ ਅਸੀਂ ਚੰਗਾ ਨਹੀਂ ਖੇਡੇ ਪਰ ਮੈਨੂੰ ਟੀਮ ’ਤੇ ਮਾਣ ਹੈ। ਜੇ ਅਸੀਂ ਸਕੋਰ ’ਚ 20-30 ਦੌੜਾਂ ਹੋਰ ਜੋੜੀਆਂ ਹੁੰਦੀਆਂ ਤਾਂ ਚੰਗਾ ਹੁੰਦਾ। ਅਸੀਂ ਬੱਲੇਬਾਜ਼ੀ ਚੰਗੀ ਨਹੀਂ ਕੀਤੀ। ਜਦੋਂ ਕੇਐਲ ਰਾਹੁਲ ਅਤੇ ਵਿਰਾਟ ਬੱਲੇਬਾਜ਼ੀ ਕਰ ਰਹੇ ਸਨ ਤਾਂ ਅਜਿਹਾ ਲੱਗ ਰਿਹਾ ਸੀ ਕਿ ਅਸੀਂ 270-280 ਦੇ ਸਕੋਰ ਤੱਕ ਪਹੁੰਚ ਜਾਵਾਂਗੇ ਪਰ ਅਸੀਂ ਲਗਾਤਾਰ ਵਿਕਟ ਗੁਆਉਂਦੇ ਗਏ।’’ ਰੋਹਿਤ ਨੇ ਕਿਹਾ, ‘‘ਆਸਟਰੇਲੀਆ ਨੇ ਤਿੰਨ ਵਿਕਟਾਂ ਗੁਆ ਕੇ ਵੱਡੀ ਭਾਈਵਾਲੀ ਕੀਤੀ। 240 ਦੌੜਾਂ ਬਣਾਉਣ ਤੋਂ ਬਾਅਦ ਅਸੀਂ ਜਲਦੀ ਵਿਕਟਾਂ ਲੈਣੀਆਂ ਚਾਹੁੰਦੇ ਸੀ ਪਰ ਸਿਹਰਾ ਟਰੈਵਿਸ ਹੈੱਡ ਅਤੇ ਮਾਰਨਸ ਲਾਬੂਸ਼ੇਨ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਾਨੂੰ ਪੂਰੀ ਤਰ੍ਹਾਂ ਖੇਡ ਤੋਂ ਬਾਹਰ ਕਰ ਦਿੱਤਾ।’’ ਇਸੇ ਤਰ੍ਹਾਂ ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਆਖਰੀ ਮੈਚ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਬਚਾ ਕੇ ਰੱਖਿਆ ਸੀ। ਖਿਡਾਰੀਆਂ ਨੇ ਵੱਡੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ।’’ ਪਲੇਅਰ ਆਫ ਦਿ ਮੈਚ ਟਰੈਵਿਸ ਹੈੱਡ (137 ਦੌੜਾਂ) ਨੇ ਕਿਹਾ, ‘‘ਮੈਂ ਥੋੜ੍ਹਾ ਘਬਰਾਇਆ ਹੋਇਆ ਸੀ ਪਰ ਮਾਰਨਸ ਚੰਗਾ ਖੇਡਿਆ ਅਤੇ ਸਾਰਾ ਦਬਾਅ ਖ਼ਤਮ ਕਰ ਦਿੱਤਾ।’’ -ਪੀਟੀਆਈ

ਬੱਲੇਬਾਜ਼ੀ ’ਚ ਕੋਹਲੀ ਤੇ ਗੇਂਦਬਾਜ਼ੀ ’ਚ ਸ਼ਮੀ ਰਿਹਾ ਅੱਵਲ

ਵਿਰਾਟ ਕੋਹਲੀ ਨੂੰ ਹੌਸਲਾ ਦਿੰਦੀ ਹੋਈ ਉਸ ਦੀ ਪਤਨੀ ਅਨੁੁਸ਼ਕਾ ਸ਼ਰਮਾ। -ਫੋਟੋ: ਪੀਟੀਆਈ

ਅਹਿਮਦਾਬਾਦ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਇਸੇ ਤਰ੍ਹਾਂ ਮੁਹੰਮਦ ਸ਼ਮੀ ਸ਼ੁਰੂਆਤੀ ਚਾਰ ਮੈਚਾਂ ’ਚੋਂ ਬਾਹਰ ਰਹਿਣ ਦੇ ਬਾਵਜੂਦ ਇਸ ਵਿਸ਼ਵ ਕੱਪ ਦਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਕੋਹਲੀ ਨੇ ਵਿਸ਼ਵ ਕੱਪ 2023 ਵਿੱਚ 11 ਮੈਚਾਂ ਵਿੱਚ 95.92 ਦੀ ਔਸਤ ਨਾਲ 765 ਦੌੜਾਂ ਬਣਾਈਆਂ, ਜੋ ਵਿਸ਼ਵ ਰਿਕਾਰਡ ਹੈ। ਉਸ ਨੇ ਤਿੰਨ ਸੈਂਕੜੇ ਅਤੇ ਛੇ ਨੀਮ ਸੈਂਕੜੇ ਜੜੇ। ਹਾਲਾਂਕਿ ਉਹ ਭਾਰਤ ਨੂੰ ਇੱਕ ਵਾਰ ਫਿਰ ਚੈਂਪੀਅਨ ਬਣਵਾਉਣ ਵਿੱਚ ਨਾਕਾਮ ਰਿਹਾ। ਕੋਹਲੀ ਨੇ ਆਪਣੇ ਆਦਰਸ਼ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ 11 ਮੈਚਾਂ ਵਿੱਚ ਇੱਕ ਸੈਂਕੜੇ ਅਤੇ ਤਿੰਨ ਨੀਮ ਸੈਂਕੜਿਆਂ ਦੀ ਮਦਦ ਨਾਲ 54.27 ਦੀ ਔਸਤ ਨਾਲ 597 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਰਿਹਾ। ਉਧਰ ਭਾਰਤ ਦੇ ਪਹਿਲੇ ਚਾਰ ਮੈਚਾਂ ’ਚੋਂ ਬਾਹਰ ਹੋਣ ਦੇ ਬਾਵਜੂਦ ਸ਼ਮੀ ਸੱਤ ਮੈਚਾਂ ਵਿੱਚ 10.70 ਦੀ ਸ਼ਾਨਦਾਰ ਔਸਤ ਨਾਲ 24 ਵਿਕਟਾਂ ਲੈ ਕੇ ਟੂਰਨਾਮੈਂਟ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ ਟੂਰਨਾਮੈਂਟ ਵਿੱਚ ਤਿੰਨ ਵਾਰ ਪਾਰੀ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 57 ਦੌੜਾਂ ਦੇ ਕੇ ਸੱਤ ਵਿਕਟਾਂ ਲੈਣਾ ਉਸ ਦਾ ਸਰਬੋਤਮ ਪ੍ਰਦਰਸ਼ਨ ਸੀ। ਆਸਟਰੇਲੀਆ ਦਾ ਐਡਮ ਜ਼ੈਂਪਾ 11 ਮੈਚਾਂ ਵਿੱਚ 23 ਵਿਕਟਾਂ ਲੈ ਕੇ ਦੂਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਦਿਲਸ਼ਾਨ ਮਦੁਸ਼ੰਕਾ (21 ਵਿਕਟਾਂ), ਜਸਪ੍ਰੀਤ ਬੁਮਰਾਹ (20 ਵਿਕਟਾਂ) ਅਤੇ ਜੇਰਾਲਡ ਕੋਏਟਜ਼ੀ (20 ਵਿਕਟਾਂ) ਸਿਖਰਲੇ ਪੰਜ ਗੇਂਦਬਾਜ਼ਾਂ ਵਿੱਚ ਸ਼ਾਮਲ ਹਨ। -ਪੀਟੀਆਈ

ਅਸੀਂ ਹਮੇਸ਼ਾ ਭਾਰਤੀ ਟੀਮ ਨਾਲ ਖੜ੍ਹੇ ਹਾਂ: ਮੋਦੀ

ਨਵੀਂ ਦਿੱਲੀ: ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਨੂੰ ਆਸਟਰੇਲੀਆ ਤੋਂ ਮਿਲੀ ਹਾਰ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਹੁਨਰ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ, ‘‘ਅਸੀਂ ਅੱਜ ਅਤੇ ਹਮੇਸ਼ਾ ਲਈ ਤੁਹਾਡੇ ਨਾਲ ਖੜ੍ਹੇ ਹਾਂ।’’ ਉਨ੍ਹਾਂ ਕਿਹਾ, ‘‘ਟੀਮ ਇੰਡੀਆ, ਵਿਸ਼ਵ ਕੱਪ ਦੌਰਾਨ ਤੁਹਾਡਾ ਹੁਨਰ ਅਤੇ ਦ੍ਰਿੜਤਾ ਸ਼ਲਾਘਾਯੋਗ ਸੀ। ਤੁਸੀਂ ਸ਼ਾਨਦਾਰ ਖੇਡ ਦਿਖਾਈ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।’’ ਇਸ ਦੌਰਾਨ ਉਨ੍ਹਾਂ ਜਿੱਤ ਲਈ ਆਸਟਰੇਲੀਆ ਨੂੰ ਵਧਾਈ ਵੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਵਿਸ਼ਵ ਕੱਪ ਦਾ ਫਾਈਨਲ ਦੇਖਣ ਅਹਿਮਦਾਬਾਦ ਵਿੱਚ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ। ਇਸ ਦੌਰਾਨ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵੀ ਮੌਜੂਦ ਸਨ। ਮੋਦੀ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵਰੱਤ, ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ, ਰਾਜਪਾਲ ਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਸੀਆਰ ਪਾਟਿਲ ਨੇ ਸ਼ਾਮ ਨੂੰ ਹਵਾਈ ਅੱਡੇ ’ਤੇ ਪਹੁੰਚਣ ’ਤੇ ਮੋਦੀ ਦਾ ਸਵਾਗਤ ਕੀਤਾ ਸੀ। -ਪੀਟੀਆਈ

ਖੜਗੇ, ਰਾਹੁਲ ਤੇ ਕੇਜਰੀਵਾਲ ਵੱਲੋਂ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ

 

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇੇ, ਪਾਰਟੀ ਨੇਤਾ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਆਸਟਰੇਲੀਆ ਨੂੰ ਕ੍ਰਿਕਟ ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ ਅਤੇ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਭਾਰਤੀ ਨੂੰ ਟੀਮ ਦੇ ਪ੍ਰਦਰਸ਼ਨ ’ਤੇ ਮਾਣ ਹੈ। ਉਨ੍ਹਾਂ ਨੇ ਐਕਸ ’ਤੇ ਪੋਸਟ ਕੀਤਾ, ‘‘ਭਾਰਤ ਵਧੀਆ ਖੇਡਿਆ ਅਤੇ ਦਿਲ ਜਿੱਤ ਲਏ। ਖੇਡ ਦੌਰਾਨ ਤੁਹਾਡਾ ਹੁਨਰ ਅਤੇ ਖੇਡ ਭਾਵਨਾ ਦਿਖਾਈ ਦਿੱਤੀ। ਪੂਰੇ ਵਿਸ਼ਵ ਕੱਪ ’ਚ ਤੁਹਾਡੇ ਪ੍ਰਦਰਸ਼ਨ ’ਤੇ ਹਰ ਭਾਰਤੀ ਨੂੰ ਮਾਣ ਹੈ।’’ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਵੇਂ ਭਾਰਤ ਕ੍ਰਿਕਟ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਪਰ ਟੂਰਨਾਮੈਂਟ ਦੌਰਾਨ ਟੀਮ ਦਾ ਪ੍ਰਦਰਸ਼ਨ ‘ਕਿਸੇ ਮਿਸਾਲ ਤੋਂ ਘੱਟ ਨਹੀਂ ਸੀ।’’ -ਪੀਟੀਆਈ

Advertisement
Author Image

Advertisement
Advertisement
×